July 7, 2024 16:33:57
post

Jasbeer Singh

(Chief Editor)

Patiala News

ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸੋਂਹ ਚੁੱਕਣ ਦੀ ਇਜਾਜ਼ਤ ਮਿਲਣ ਨਾਲ ਸਮੁੱਚੇ ਸਿੱਖ ਪੰਥ ਅੰਦਰ ਛਾਈ ਖੁਸ਼ੀ ਦੀ ਲਹਿਰ:ਸੋਢੀ

post-img

ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸੋਂਹ ਚੁੱਕਣ ਦੀ ਇਜਾਜ਼ਤ ਮਿਲਣ ਨਾਲ ਸਮੁੱਚੇ ਸਿੱਖ ਪੰਥ ਅੰਦਰ ਛਾਈ ਖੁਸ਼ੀ ਦੀ ਲਹਿਰ:ਸੋਢੀ ਪਟਿਆਲਾ : ਆਖਰਕਾਰ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀ ਉਡੀਕ ਖਤਮ ਹੋਣ ਜਾ ਰਹੀ ਹੈ ਜੋ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨੂੰ ਬਤੌਰ ਮੈਂਬਰ ਪਾਰਲੀਮੈਂਟ ਸੋਹ ਚੁੱਕਣ ਦੀ ਇਜਾਜ਼ਤ ਮਿਲ ਗਈ ਹੈ। ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਸੋਂਹ ਚੁੱਕਣ ਦੀ ਇਜਾਜ਼ਤ ਮਿਲਣ ਨਾਲ ਜਿੱਥੇ ਸਮੁੱਚੇ ਸਿੱਖ ਪੰਥ ਅੰਦਰ ਖੁਸ਼ੀ ਦੀ ਲਹਿਰ ਛਾਅ ਗਈ ਹੈ ਉਥੇ ਹੀ ਵਿਰੋਧੀਆਂ ਦੀ ਰਾਤਾਂ ਦੀ ਨੀਂਦ ਉੱਡ ਗਈ ਹੈ। ਹਰਮੀਤ ਸਿੰਘ ਸੋਢੀ ਇੰਚਾਰਜ ਮਾਲਵਾ ਜ਼ੋਨ 3 ਯੂਥ ਅਕਾਲੀ ਦਲ ਅੰਮ੍ਰਿਤਸਰ ਅਤੇ ਜਿਲਾ ਪ੍ਰਧਾਨ ਯੂਥ ਵਿੰਗ ਪਟਿਆਲ਼ਾ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਰਾਹੀਂ ਕਿਹਾ ਕਿ ਮਾਝੇ ਦੀ ਸਰਜ਼ਮੀਨ ਨੇ ਪੁਰਾਤਨ ਪਿਰਤ ਨੂੰ ਦੁਹਰਾਉਂਦਿਆਂ ਸਿੱਖ ਪੰਥ ਨੂੰ ਇਕ ਵਾਰ ਫਿਰ ਤੋਂ ਕਾਬਲ ਤੇ ਪੂਰਨ ਪੰਥ ਪ੍ਰਸਤ ਆਗੂ ਬਖਸ਼ਿਆ ਹੈ ਜਿਸ ਦੀ ਧੁੰਮ ਪੁਰੀ ਦੁਨੀਆਂ ਵਿੱਚ ਹੈ। ਅੱਜ ਹਰ ਆਮ ਖ਼ਾਸ ਨੌਜਵਾਨ ਦੀ ਜੁਬਾਨ ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਦਾ ਨਾਮ ਹੈ। ਸਿੱਖ ਕੌਮ ਦੀ ਨਵੀਂ ਪੀੜੀ ਜੋ ਲੱਚਰ ਗੀਤਾਂ, ਤਰਾਂ ਤਰਾਂ ਦੇ ਨਸ਼ਿਆਂ, ਵੈਸਟਰਨ ਫੈਸ਼ਨਾਂ ਤੇ ਵੈਸਟਰਨ ਖਾਣਿਆਂ ਪੀਣਿਆਂ ਦੀ ਦੁਨੀਆਂ ਚ ਲੀਨ ਹੋਕੇ ਆਪਣੇ ਸ਼ਾਨਾਮਤੇ ਇਤਿਹਾਸ ਤੋਂ ਮੂੰਹ ਫੇਰ ਚੁੱਕੀ ਸੀ, ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੇ ਆਕੇ ਇਕ ਵਾਰ ਉਹਨਾਂ ਦੀ ਸੁੱਤੀ ਅਣਖ਼ ਨੂੰ ਹਲੂਣਾ ਦਿੱਤਾ ਤੇ ਉਹਨਾਂ ਦਾ ਮੂੰਹ ਗੁਰੂ ਘਰਾਂ ਵੱਲ ਮੋੜ ਕੇ ਉਹਨਾਂ ਨੂੰ ਖ਼ਾਲਸਾ ਵਹੀਰ ਦਾ ਹਿੱਸਾ ਬਣਾਇਆ। ਮਾਝੇ ਸਰਜ਼ਮੀਨ ਉਹ ਪਵਿੱਤਰ ਜ਼ਮੀਨ ਹੈ ਜਿਸਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਮਹਾਰਾਜਾ ਰਣਜੀਤ ਸਿੰਘ ਜੀ, ਭਾਈ ਬਿਧੀ ਚੰਦ ਜੀ ਛੀਨਾ, ਅਕਾਲੀ ਬਾਬਾ ਫੂਲਾ ਸਿੰਘ ਜੀ, ਬਾਬਾ ਬਘੇਲ ਸਿੰਘ ਜੀ ਅਤੇ ਬਾਬਾ ਸ਼ਾਮ ਸਿੰਘ ਜੀ ਅਟਾਰੀਵਾਲਾ ਵਰਗੇ ਅਣਗਿਣਤ ਸਿੱਖ ਯੋਧੇ ਸੂਰਬੀਰ ਪੈਦਾ ਕੀਤੇ ਜਿਨ੍ਹਾਂ ਦਾ ਕਰਕੇ ਸਿੱਖ ਕੌਮ ਅੱਜ ਵੀ ਫ਼ਖ਼ਰ ਮਹਿਸੂਸ ਕਰਦੀ ਹੈ ਅਤੇ ਸਦਾ ਹੀ ਉਹਨਾਂ ਨੂੰ ਸਜਦਾ ਕਰਦੀ ਰਹੇਗੀ। ਉਸੇ ਹੀ ਤਰਜ਼ ਤੇ ਸਿੱਖ ਕੌਮ ਵਿੱਚ ਆ ਚੁੱਕੇ ਨਿਘਾਰ ਨੂੰ ਵੇਖਕੇ ਫਿਰ ਮਾਝੇ ਦੀ ਸਰਜ਼ਮੀਨ ਦੇ ਖੂਨ ਨੇ ਉਬਾਲਾ ਖਾਧਾ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕ੍ਰਿਪਾ ਨਾਲ ਸਿੱਖ ਕੌਮ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਵਰਗਾ ਸਿੱਖ ਆਗੂ ਮਿਲਿਆ ਹੈ। ਪ੍ਰੈਸ ਨੋਟ ਰਾਹੀਂ ਭੇਜੇ ਬਿਆਨ ਦੁਆਰਾ ਹਰਮੀਤ ਸਿੰਘ ਸੋਢੀ ਨੇ ਕਿਹਾ ਇਕ ਵਾਰ ਫਿਰ ਤੋਂ ਪੰਜਾਬ ਦੀ ਰਿਵਾਇਤੀ ਸਿਆਸੀ ਸਿੱਖ ਜਥੇਬੰਦੀ ਤੇ ਕਿੰਤੁ ਕੀਤਾ ਅਤੇ ਕਿਹਾ ਕਿ ਪੰਜਾਬ ਦੇ ਸਿੱਖਾਂ ਨੇ ਬਾਦਲ ਪਰਿਵਾਰ ਨੂੰ ਮਾਣ ਸਨਮਾਨ ਨਾਲ ਕੌਮ ਦਾ ਮੋਹਰੀ ਮੰਨ ਕੇ ਅੰਨ੍ਹਾ ਵਿਸ਼ਵਾਸ ਜਤਾਇਆ ਸੀ ਪ੍ਰੰਤੂ ਸਮੁੱਚੇ ਅਕਾਲੀ ਦਲ ਬਾਦਲ ਨੇ ਉਸ ਵਿਸ਼ਵਾਸ ਦਾ ਨਜਾਇਜ਼ ਫਾਇਦਾ ਚੁੱਕ ਕੇ ਆਪਣੀ ਹੀ ਕੌਮ ਅਤੇ ਪੰਜਾਬ ਦੇ ਨਾ ਪੂਰਾ ਕੀਤੇ ਜਾਣ ਵਾਲੇ ਅਣਗਿਣਤ ਨੁਕਸਾਨ ਕੀਤੇ ਹਨ, ਅਤੇ ਉਹਨਾਂ ਦੇ ਚਿਹਰਿਆਂ ਤੇ ਲੱਗੇ ਮਖੌਟੇ ਹੁਣ ਸਿੱਖ ਕੌਮ ਨੇ ਉਤਾਰਕੇ ਉਹਨਾਂ ਨੂੰ ਇਹ ਹਾਸ਼ੀਏ ਤੇ ਲਿਆ ਖੜਾ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਹੁਣ ਕਿਸੇ ਨਾ ਕਿਸੇ ਤਰੀਕੇ ਆਪਣੀ ਗੁਆਚੀ ਸਿਆਸੀ ਜ਼ਮੀਨ ਨੂੰ ਬਹਾਲ ਕਰਨ ਵਾਸਤੇ ਤਰਾਂ ਤਰਾਂ ਦੇ ਦਾਅ ਪੇਚ ਖੇਡ ਰਹੇ ਹਨ, ਸਿਆਸੀ ਚਾਲ ਤਹਿਤ ਸ੍ਰ ਸੁਖਬੀਰ ਸਿੰਘ ਬਾਦਲ ਆਪਣੇ ਤੋਂ ਵੱਖ ਕੀਤੇ ਧੜੇ ਰਾਹੀਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦੇ ਹੱਕ ਚ' ਉੱਠੇ ਪੰਥਕ ਉਭਾਰ ਦਾ ਹਿੱਸਾ ਬਣਕੇ ਉਹਨਾਂ ਨੂੰ ਸਿਆਸੀ ਠਿੱਬੀ ਲਾਉਣ ਦੀ ਫਿਰਾਕ ਵਿੱਚ ਹੈ, ਜਿਸ ਨਾਲ ਕੌਮ ਨੂੰ ਫਿਰ ਤੋਂ ਬਹੁਤ ਵੱਡਾ ਨੁਕਸਾਨ ਉਠਾਉਂਣਾ ਪੈ ਸਕਦਾ ਹੈ ਅਤੇ ਐਸਾ ਕਦਾਚਿੱਤ ਵੀ ਨਹੀਂ ਹੋਣ ਦਿੱਤਾ ਜਾਵੇਗਾ। ਸਮੁੱਚੇ ਸਿੱਖ ਪੰਥ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਇਹੋ ਵੇਲਾ ਹੈ ਪੰਥ ਦੋਖੀਆਂ ਨੂੰ ਪਿੱਛੇ ਛੱਡ ਕੇ ਕੌਮ ਦੇ ਭਵਿੱਖ ਨੂੰ ਸਵਾਰਨ ਦਾ ਅਤੇ ਇਹ ਤਾਂ ਹੀ ਸੰਭਵ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਅਗਵਾਈ ਵਿੱਚ ਸਿੱਖ ਕੌਮ ਇਕਮੁੱਠਤਾ ਵਿਖਾਵੇ।

Related Post