
ਮਹਿਲਾ ਕ੍ਰਿਕਟ: ਇੱਕ ਰੋਜ਼ਾ ਦਰਜਾਬੰਦੀ ’ਚ ਮੰਧਾਨਾ ਤੀਜੇ ਸਥਾਨ ’ਤੇ
- by Aaksh News
- June 20, 2024

ਭਾਰਤ ਦੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਅੱਜ ਜਾਰੀ ਆਈਸੀਸੀ ਦੀ ਮਹਿਲਾ ਕ੍ਰਿਕਟ ਇੱਕ ਰੋਜ਼ਾ ਦਰਜਾਬੰਦੀ ਵਿੱਚ ਦੋ ਸਥਾਨ ਉਪਰ ਚੜ੍ਹ ਕੇ ਤੀਜੇ ਸਥਾਨ ’ਤੇ ਪਹੁੰਚ ਗਈ ਹੈ। ਮੰਧਾਨਾ ਨੇ ਬੀਤੇ ਦਿਨੀਂ ਘਰੇਲੂ ਮੈਦਾਨ ਵਿੱਚ ਆਪਣਾ ਪਹਿਲਾ ਸੈਂਕੜਾ ਜੜਦਿਆਂ 117 ਦੌੜਾਂ ਦੀ ਪਾਰੀ ਖੇਡੀ ਅਤੇ ਤਿੰਨ ਮੈਚਾਂ ਦੀ ਲੜੀ ਵਿੱਚ ਦੱਖਣੀ ਅਫਰੀਕਾ ਨੂੰ 143 ਦੌੜਾਂ ਨਾਲ ਹਰਾਉਣ ਵਿੱਚ ਅਹਿਮ ਯੋਗਦਾਨ ਪਾਇਆ ਸੀ। ਮੰਧਾਨਾ ਦੇ 715 ਅੰਕ ਹਨ ਅਤੇ ਉਹ ਸ੍ਰੀਲੰਕਾ ਦੀ ਸੀ. ਅੱਟਾਪੱਟੂ ਤੋਂ ਪਿੱਛੇ ਹੈ। ਇੰਗਲੈਂਡ ਦੀ ਨਤਾਲੀ ਸਕਾਈਵਰ-ਬਰੰਟ ਸਿਖਰਲੇ ਸਥਾਨ ’ਤੇ ਕਾਬਜ਼ ਹੈ। ਹਰਫਨਮੌਲਾ ਸਕਾਈਵਰ-ਬਰੰਟ ਨੇ ਪਿਛਲੇ ਮਹੀਨੇ ਪਾਕਿਸਤਾਨ ਖ਼ਿਲਾਫ਼ 124 ਦੌੜਾਂ ਦੀ ਨਾਬਾਦ ਪਾਰੀ ਖੇਡ ਕੇ ਇਹ ਸਥਾਨ ਹਾਸਲ ਕੀਤਾ ਸੀ। ਇਸੇ ਤਰ੍ਹਾਂ ਭਾਰਤ ਦੀ ਸੀਨੀਅਰ ਹਰਫਨਮੌਲਾ ਦੀਪਤੀ ਸ਼ਰਮਾ ਤਿੰਨ ਸਥਾਨ ਉਪਰ 20ਵੇਂ ਸਥਾਨ ’ਤੇ ਜਦਕਿ ਪੂਜਾ ਵਸਤ੍ਰਾਕਰ ਵੀ ਤਿੰਨ ਸਥਾਨ ਉਪਰ 38ਵੇਂ ਸਥਾਨ ’ਤੇ ਪਹੁੰਚ ਗਈ ਹੈ। ਇੱਕ ਰੋਜ਼ਾ ਗੇਂਦਬਾਜ਼ਾਂ ਦੀ ਸੂਚੀ ਵਿੱਚ ਦੀਪਤੀ ਚੌਥੇ ਸਥਾਨ ’ਤੇ ਹੈ। ਉਸ ਨੇ ਲੜੀ ਦੇ ਪਹਿਲੇ ਮੈਚ ਵਿੱਚ 10 ਦੌੜਾਂ ’ਤੇ ਦੋ ਵਿਕਟਾਂ ਹਾਸਲ ਕੀਤੀਆਂ ਸਨ। ਇੰਗਲੈਂਡ ਦੀ ਸਪਿੰਨਰ ਸੋਫੀ ਐਕਲੇਸਟੋਨ ਸਿਖਰ ’ਤੇ ਬਰਕਰਾਰ ਹੈ।