
ਪੰਜਾਬੀ ਯੂਨੀਵਰਸਿਟੀ ਵਿਖੇ 'ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ' ਦੀ ਵਰਤੋਂ ਬਾਰੇ ਵਰਕਸ਼ਾਪ ਕਰਵਾਈ
- by Jasbeer Singh
- October 21, 2024

ਪੰਜਾਬੀ ਯੂਨੀਵਰਸਿਟੀ ਵਿਖੇ 'ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ' ਦੀ ਵਰਤੋਂ ਬਾਰੇ ਵਰਕਸ਼ਾਪ ਕਰਵਾਈ -ਕੰਪਿਊਟਰ ਸਾਇੰਸ ਵਿਭਾਗ ਵਿਖੇ 'ਭਾਰਤ ਵਿੱਚ ਭਵਿੱਖ ਦੀ ਹਰੀ ਕ੍ਰਾਂਤੀ ਵਿੱਚ ਏ.ਆਈ. ਅਤੇ ਡੇਟਾ ਸਾਇੰਸ ਦੀ ਭੂਮਿਕਾ' ਬਾਰੇ ਹੋਈ ਚਰਚਾ ਪਟਿਆਲਾ, 21 ਅਕਤੂਬਰ : ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ 'ਭਾਰਤ ਵਿੱਚ ਭਵਿੱਖ ਦੀ ਹਰੀ ਕ੍ਰਾਂਤੀ ਵਿੱਚ ਏ.ਆਈ. ਅਤੇ ਡੇਟਾ ਸਾਇੰਸ ਦੀ ਭੂਮਿਕਾ' ਬਾਰੇ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਗਈ । ਪੰਜਾਬ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਆਈ.ਟੀ ਹੈੱਡ ਅਤੇ ਸਿਸਟਮ ਐਨਾਲਿਸਟ ਡਾ. ਨਿਤਿਨ ਬਾਂਸਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਖੇਤੀਬਾੜੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਭਾਰਤ ਦੇ ਖੇਤੀ ਕਰਨ ਦੇ ਤਰੀਕੇ ਵਿੱਚ ਕ੍ਰਾਂਤੀ ਲਿਆ ਰਹੀ ਹੈ ਅਤੇ ਇੱਕ ਟਿਕਾਊ ਅਤੇ ਤਕਨੀਕੀ ਤੌਰ 'ਤੇ ਉੱਨਤ ਹਰੀ ਕ੍ਰਾਂਤੀ ਲਈ ਰਾਹ ਪੱਧਰਾ ਕਰ ਰਹੀ ਹੈ। ਮੰਡੀਆਂ ਦੇ ਪ੍ਰਬੰਧਨ ਵਿੱਚ ਡੇਟਾ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਦੱਸਿਆ ਕਿ ਅਜਿਹਾ ਕਰਨਾ ਸਰੋਤਾਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਲਈ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ। ਸੀ. ਐੱਸ. ਆਈ. ਆਰ.- ਸੀ. ਐੱਸ. ਆਈ. ਓ. ਚੰਡੀਗੜ੍ਹ ਤੋਂ ਪ੍ਰਮੁੱਖ ਵਿਗਿਆਨੀ ਡਾ. ਨੀਰਜਾ ਗਰਗ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਏ. ਆਈ. ਨਿਯੰਤਰਿਤ ਰੋਬੋਟ ਵਾਢੀ, ਛਾਂਟਣ ਅਤੇ ਸਿੰਚਾਈ ਪ੍ਰਬੰਧਨ ਵਰਗੇ ਕੰਮਾਂ ਨੂੰ ਸੁਚਾਰੂ ਬਣਾਉਂਦੇ ਹਨ । ਸਕਿੱਲਨੈੱਟ ਸੋਲਿਊਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਸਲਾਹਕਾਰ ਸ੍ਰੀ ਰਜਿੰਦਰ ਕੁਮਾਰ ਗਰਗ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਲਈ ਵਿਦਿਆਰਥੀਆਂ ਨੂੰ ਇਨੋਵੇਟਿਵ ਏ.ਆਈ.-ਅਧਾਰਿਤ ਸਟਾਰਟਅੱਪਸ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਏ.ਆਈ.-ਪਾਵਰ ਖੇਤੀ ਸੰਦਾਂ ਨੂੰ ਵਿਕਸਤ ਕਰਨ ਲਈ ਐਗਰੀ-ਟੈਕ ਕੰਪਨੀਆਂ ਨਾਲ਼ ਸਹਿਯੋਗ ਦੀ ਲੋੜ 'ਤੇ ਜ਼ੋਰ ਦਿੱਤਾ । ਵਿਭਾਗ ਦੇ ਮੁਖੀ ਡਾ. ਗਗਨਦੀਪ ਨੇ ਸੁਆਗਤੀ ਭਾਸ਼ਣ ਦਿੰਦੇ ਹੋਏ ਡਾਟਾ ਐਨਾਲਿਟਿਕਸ ਦੇ ਸੰਕਲਪ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਕੰਪਿਊਟਰ ਸਾਇੰਸ ਦੇ ਖੇਤਰ ਵਿੱਚ ਅਜਿਹੀ ਵਰਕਸ਼ਾਪ ਦੀ ਲੋੜ ਦਾ ਜ਼ਿਕਰ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਵਿਭਾਗ ਵੱਲੋਂ ਭਵਿੱਖ ਵਿੱਚ ਅਜਿਹੀਆਂ ਹੋਰ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ । ਇਸ ਮੌਕੇ ਵਿਭਾਗ ਤੋਂ ਫੈਕਲਟੀ ਮੈਂਬਰ ਡਾ. ਗੁਰਪ੍ਰੀਤ ਸਿੰਘ ਜੋਸਨ ਅਤੇ ਡਾ. ਰਜਨੀਸ਼ ਰੰਧਾਵਾ ਹਾਜ਼ਰ ਸਨ। ਅੰਤ ਵਿੱਚ ਕੋਆਰਡੀਨੇਟਰ ਅਮਰਵੀਰ ਸਿੰਘ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ ।