ਸੇਫਟੀ ਅਤੇ ਸਕਿਉਰਿਟੀ ਵਿਸ਼ੇ 'ਤੇ ਵਰਕਸ਼ਾਪ ਆਯੋਜਿਤ - ਬਲਾਕ ਪਟਿਆਲਾ-2 ਦੇ ਅਧਿਆਪਕਾਂ ਨੇ ਕੀਤੀ ਸ਼ਮੂਲੀਅਤ ਪਟਿਆਲਾ, 22 ਦਸੰਬਰ 2025 : ਜ਼ਿਲਾ ਸਿੱਖਿਆ ਅਫਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ ਅਤੇ ਉਪ ਜਿਲਾ ਸਿੱਖਿਆ ਅਫਸਰ ਮਨਵਿੰਦਰ ਕੌਰ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਿਥੀ ਸਿੰਘ ਦੀ ਅਗਵਾਈ ਹੇਠ ਸਕੂਲਾਂ ਵਿਚ ਸੇਫਟੀ ਅਤੇ ਸਕਿਉਰਿਟੀ ਵਿਸ਼ੇ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਣਾ ਸੀ। ਇਸ ਵਰਕਸ਼ਾਪ ਵਿੱਚ ਬਲਾਕ ਪਟਿਆਲਾ-2 ਅਧੀਨ ਪੈਂਦੇ 59 ਸਕੂਲਾਂ ਦੇ ਸਕੂਲ ਮੁਖੀਆਂ ਨੇ ਸ਼ਮੂਲੀਅਤ ਕਰਕੇ ਸੇਫਟੀ ਅਤੇ ਸਕਿਉਰਿਟੀ ਵਿਸ਼ੇ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਿਥੀ ਸਿੰਘ ਨੇ ਸਭ ਤੋਂ ਪਹਿਲਾਂ ਪੋਕਸੋ ਐਕਟ 2012 ਬਾਰੇ ਵਿਸਥਾਰ ਪੂਰਵਕ ਜਾਣੂ ਕਰਵਾਇਆ। ਇਸ ਦੇ ਨਾਲ ਹੀ ਜੁਵੇਨਾਈਲ ਜਸਟਿਸ ਐਕਟ 2015, ਚਾਇਲਡ ਐਂਡ ਅਡੋਲਸੈਂਸ ਐਕਟ 1986, ਪ੍ਰੋਟੈਕਸ਼ਨ ਆਫ ਚਾਇਲਡ ਰਾਈਟ, ਆਰਟੀਈ ਐਕਟ 2009, ਰੋਡ ਸੇਫਟੀ ਅਤੇ ਮੈਂਟਲ ਹੈਲਥ ਬਾਰੇ ਵੀ ਦੱਸਿਆ ਗਿਆ। ਇਸ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਮਿਡ ਡੇ ਮੀਲ ਤਿਆਰ ਕਰਨ ਵੇਲੇ ਕੁੱਕ ਬੀਬੀਆਂ ਦੀ ਸਾਫ-ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਲਈ ਵੀ ਪ੍ਰੇਰਿਆ ਗਿਆ। ਬੀਪੀਈਓ ਪ੍ਰਿਥੀ ਸਿੰਘ ਨੇ ਅੱਗੇ ਦੱਸਿਆ ਕਿ ਜੇਕਰ ਪ੍ਰਾਇਮਰੀ ਪੱਧਰ 'ਤੇ ਕਿਸੇ ਵੀ ਸਕੂਲ ਵਿੱਚ ਵਿਦਿਆਰਥੀ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਅਧਿਆਪਕ ਉਸਦੀ ਸਮੱਸਿਆ ਨੂੰ ਬਹੁਤ ਹੀ ਧਿਆਨ ਪੂਰਵਕ ਸੁਣੇ, ਕਿਉਂਕਿ ਵਿਦਿਆਰਥੀ ਵਲੋਂ ਦੱਸੀ ਜਾ ਰਹੀ ਕਿਸੇ ਵੀ ਗੱਲ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਸਕੂਲ ਵਿੱਚ ਵਿਦਿਆਰਥੀਆਂ ਦੀ ਸੇਫਟੀ ਅਤੇ ਸਕਿਉਰਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਉੱਚ ਅਧਿਕਾਰੀਆਂ ਦੀ ਹਦਾਇਤਾਂ ਮੁਤਾਬਕ ਸਕੂਲ ਵਿੱਚ ਐਂਟੀ ਹਰਾਸ਼ਮੈਂਟ ਕਮੇਟੀਆਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਚਾਇਲਡ ਹੈਲਪ ਲਾਈਨ 1098 ਅਤੇ ਪੁਲਿਸ ਦਾ ਟੋਲ ਫਰੀ ਨੰਬਰ 100 ਸਕੂਲ ਵਿੱਚ ਲਿਖਣ ਬਾਰੇ ਕਿਹਾ। ਇਸ ਤੋਂ ਇਲਾਵਾ ਰੋਡ ਸੇਫਟੀ ਬਾਰੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਸਬੰਧੀ ਕਿਹਾ ਗਿਆ। ਇਸ ਦੌਰਾਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਸੁਣ ਕੇ ਉਹਨਾਂ ਦਾ ਹੱਲ ਕਰਨ ਲਈ ਵੀ ਅਧਿਆਪਕਾਂ ਨੂੰ ਪ੍ਰੇਰਿਆ ਗਿਆ। ਇਸ ਮੌਕੇ ਰਿਸੋਰਸ ਪਰਸਨ ਏਮਨਦੀਪ ਕੌਰ, ਸਹਾਇਕ ਤਰਵਿੰਦਰ ਸਿੰਘ, ਸੀਐੱਚਟੀ ਸਤਵੰਤ ਕੌਰ, ਸੀਐੱਚਟੀ ਪੂਰਨ ਸਿੰਘ, ਸੀਐੱਚਟੀ ਭੁਪਿੰਦਰ ਸਿੰਘ, ਮੀਡੀਆ ਕੋਆਰਡੀਨੇਟਰ ਸੁਖਜੀਤ ਸਿੰਘ, ਅਮਨ ਕਲਰ ਭੈਣੀ ਸਮੇਤ ਵੱਡੀ ਗਿਣਤੀ ਵਿੱਚ ਸਕੂਲ ਮੁਖੀ ਤੇ ਹੋਰ ਅਧਿਆਪਕ ਹਾਜ਼ਰ ਸਨ।
