ਸਕੂਲ ਆਫ ਐਮੀਨੈਂਸ ਬਲਬੇੜਾ ਦੀ ਯਸ਼ਿਤਾ ਨੇ ਨੈਸ਼ਨਲ ਸਕੂਲ ਖੇਡਾਂ ਤਾਈਕਵਾਂਡੋ ਵਿੱਚ ਹਾਸਲ ਕੀਤਾ ਗੋਲਡ ਮੈਡਲ
- by Jasbeer Singh
- January 12, 2026
ਸਕੂਲ ਆਫ ਐਮੀਨੈਂਸ ਬਲਬੇੜਾ ਦੀ ਯਸ਼ਿਤਾ ਨੇ ਨੈਸ਼ਨਲ ਸਕੂਲ ਖੇਡਾਂ ਤਾਈਕਵਾਂਡੋ ਵਿੱਚ ਹਾਸਲ ਕੀਤਾ ਗੋਲਡ ਮੈਡਲ ਪਟਿਆਲਾ, 12 ਜਨਵਰੀ 2026 : 69ਵੀਆਂ ਨੈਸ਼ਨਲ ਸਕੂਲ ਖੇਡਾਂ ਤਾਈਕਵਾਂਡੋ ਅੰਡਰ-14 ਲੜਕੀਆਂ ਲੁਧਿਆਣਾ ਵਿਖੇ 5 ਜਨਵਰੀ 2026 ਤੋਂ 11 ਜਨਵਰੀ 2026 ਤੱਕ ਕਰਵਾਈਆਂ ਗਈਆਂ। ਇਹ ਖੇਡਾ ਸ੍ਰੀ ਨਿਖਿਲ ਹੰਸ ਦੀ ਦੇਖ ਰੇਖ ਵਿੱਚ ਕਰਵਾਈਆਂ ਗਈਆਂ। ਇਹਨਾਂ ਖੇਡਾਂ ਵਿੱਚ ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬੱਚਿਆਂ ਨੇ ਭਾਗ ਲਿਆ। ਇਹਨਾਂ ਖੇਡਾਂ ਵਿੱਚ ਪੰਜਾਬ ਦੀ ਯਸ਼ਿਤਾ ਜੋ ਕਿ ਸਕੂਲ ਆਫ ਐਮੀਨੈਂਸ ਬਲਬੇੜਾ ਵਿਖੇ ਪੜਦੀ ਹੈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਸਕੂਲ ਖੇਡਾਂ ਤਾਈਕਵਾਂਡੋ ਅੰਡਰ- 14 ਲੜਕੀਆਂ ਵਿੱਚ ਗੋਲਡ ਮੈਡਲ ਹਾਸਲ ਕੀਤਾ। ਸਕੂਲ ਦੇ ਡੀ.ਪੀ.ਈ. ਸ਼੍ਰੀ ਮੋਹਿਤ ਕੁਮਾਰ ਨੇ ਦੱਸਿਆ ਕਿ ਯਸ਼ਿਤਾ ਨੇ ਰਾਜ ਪੱਧਰੀ ਸਕੂਲ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਹਾਸਲ ਕੀਤਾ ਸੀ, ਜਿਸ ਦੇ ਆਧਾਰ ਤੇ ਉਸਦੀ ਸਿਲੈਕਸ਼ਨ ਨੈਸ਼ਨਲ ਖੇਡਾਂ ਵਿੱਚ ਹੋਈ ਸੀ। ਸ਼੍ਰੀ ਮੋਹਿਤ ਕੁਮਾਰ ਨੇ ਕਿਹਾ ਕਿ ਯਸ਼ਿਤਾ ਨੇ ਨੈਸ਼ਨਲ ਖੇਡਾਂ ਵਿੱਚ ਗੋਲਡ ਮੈਡਲ ਹਾਸਲ ਕਰਕੇ ਆਪਣੇ ਸਕੂਲ, ਆਪਣੇ ਮਾਤਾ ਪਿਤਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦੇ ਪ੍ਰਿੰਸੀਪਲ ਸ੍ਰੀ ਵਿਕਰਮਜੀਤ ਜੀ ਨੇ ਸ਼੍ਰੀ ਮੋਹਿਤ ਕੁਮਾਰ ਅਤੇ ਯਸ਼ਿਤਾ ਨੂੰ ਉਹਨਾਂ ਦੀ ਇਸ ਸਫਲਤਾ ਤੇ ਵਧਾਈ ਦਿੱਤੀ। ਪ੍ਰਿੰਸੀਪਲ ਸ੍ਰੀ ਵਿਕਰਮਜੀਤ ਜੀ ਨੇ ਕਿਹਾ ਕਿ ਸ੍ਰੀ ਮੋਹਿਤ ਕੁਮਾਰ ਦੀ ਅਗਵਾਈ ਵਿੱਚ ਸਕੂਲ ਖੇਡਾਂ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਛੂਹ ਰਿਹਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਸਕੂਲ ਦੇ ਬਾਕੀ ਬੱਚਿਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਹੈ।
