
ਯੁੱਧ ਨਸ਼ਿਆਂ ਵਿਰੁੱਧ ਨਾਲ ਬਚੀ ਜਵਾਨੀ ਹੁਣ ਖੇਡ ਦੇ ਮੈਦਾਨਾਂ 'ਤੇ ਜਿੰਮਾਂ 'ਚ ਜਾਵੇਗੀ-ਸਿਹਤ ਮੰਤਰੀ
- by Jasbeer Singh
- May 19, 2025

ਯੁੱਧ ਨਸ਼ਿਆਂ ਵਿਰੁੱਧ ਨਾਲ ਬਚੀ ਜਵਾਨੀ ਹੁਣ ਖੇਡ ਦੇ ਮੈਦਾਨਾਂ 'ਤੇ ਜਿੰਮਾਂ 'ਚ ਜਾਵੇਗੀ-ਸਿਹਤ ਮੰਤਰੀ -ਨਸ਼ਿਆਂ ਤੋਂ ਦੂਰ ਰਹਿਣ ਤੇ ਸਿਹਤ ਸੰਭਾਲ ਦੇ ਯਤਨਾਂ 'ਚ ਨਿਵੇਸ਼ ਸਹੀ ਨਿਵੇਸ਼-ਡਾ. ਬਲਬੀਰ ਸਿੰਘ -ਸਿਹਤ ਮੰਤਰੀ ਵੱਲੋਂ ਝਿੱਲ ਵਿਖੇ ਫਿਟਨੈਸ ਕਲੱਬ ਦਾ ਉਦਘਾਟਨ ਪਟਿਆਲਾ, 19 ਮਈ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਸਾਰਥਿਕ ਨਤੀਜਿਆਂ ਵਜੋਂ ਨੌਜਵਾਨ ਨਸ਼ਿਆਂ ਤੋਂ ਬਚਕੇ ਖੇਡ ਦੇ ਮੈਦਾਨਾਂ ਅਤੇ ਜਿੰਮਾਂ ਵੱਲ ਆਉਣੇ ਸ਼ੁਰੂ ਹੋ ਗਏ ਹਨ। ਸਿਹਤ ਮੰਤਰੀ ਅੱਜ ਆਪਣੇ ਹਲਕੇ ਦੇ ਪਿੰਡ ਝਿੱਲ ਵਿਖੇ ਨੌਜਵਾਨ ਜੋੜੇ ਰਾਜ ਵਿਕਰਾਂਤ ਵਿਕੂ ਤੇ ਹਰਸੰਗੀਤ ਵੱਲੋਂ ਸ਼ੁਰੂ ਕੀਤੇ ਡੀਟਾਕਸ ਫਿਟਨੈਸ ਕਲੱਬ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ। ਡਾ. ਬਲਬੀਰ ਸਿੰਘ ਨੇ ਨੌਜਵਾਨ ਜੋੜੇ ਵੱਲੋਂ ਸਿਹਤ ਸੰਭਾਲ ਖੇਤਰ ਵਿੱਚ ਕੀਤੇ ਨਿਵੇਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਤੇ ਸਿਹਤ ਸੰਭਾਲ ਦੇ ਖੇਤਰ ਵਿੱਚ ਨਿਵੇਸ਼ ਕਰਨਾ ਸਹੀ ਨਿਵੇਸ਼ ਹੈ, ਇਸ ਦਾ ਸਾਡੇ ਨੌਜਵਾਨਾਂ ਤੇ ਸਮਾਜ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜਾ ਤੁਹਾਡਾ ਸ਼ੌਂਕ ਹੋਵੇ, ਜੇਕਰ ਉਹੋ ਤੁਹਾਡਾ ਕੰਮ ਬਣ ਜਾਵੇ ਤਾਂ ਇਹ ਸਮਾਜ ਨੂੰ ਬਿਹਤਰ ਕਰਨ 'ਚ ਅਹਿਮ ਯੋਗਦਾਨ ਪਾਵੇਗਾ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦੀ ਸੋਚ ਮੁਤਾਬਕ ਨਸ਼ਿਆਂ ਦੇ ਤਸਕਰਾਂ ਦੀ ਸਿਆਸੀ ਪੁਸ਼ਤਪਨਾਹੀ ਬੰਦ ਕਰਕੇ ਨਸ਼ਿਆਂ ਦੇ ਤਸਕਰਾਂ 'ਤੇ ਸਿਕੰਜ਼ਾ ਕਸਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਾ ਮੁਕਤੀ ਮਾਰਚ ਕਰਕੇ ਹਰ ਘਰ ਦਸਤਕ ਦਿੱਤੀ ਜਾ ਰਹੀ ਹੈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਮੇਤ ਹਰੇਕ ਮੰਤਰੀ ਤੇ ਵਿਧਾਇਕ ਤੋਂ ਇਲਾਵਾ ਪਿੰਡਾਂ ਤੇ ਸ਼ਹਿਰਾਂ ਨਾਲ ਜੁੜਿਆ ਹਰ ਅਧਿਕਾਰੀ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਖ਼ਿਲਾਫ਼ ਜਾਗਰੂਕ ਕਰਨ ਤੇ ਸਾਡੀ ਨੌਜਵਾਨੀ ਨੂੰ ਪੜ੍ਹਾਈ, ਰੋਜ਼ਗਾਰ, ਖੇਡਾਂ ਤੇ ਸਿਹਤ ਸੰਭਾਲ ਗਤੀਵਿਧੀਆਂ ਨਾਲ ਜੋੜਨ ਦੇ ਮਕਸਦ ਤਹਿਤ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਪਹੁੰਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪਟਿਆਲਾ ਵਿਖੇ ਵੀ ਸਕਿਲ ਡਿਵੈਲਪਮੈਂਟ ਸੈਂਟਰ ਖੋਲ੍ਹਿਆ ਹੈ, ਜਿਸ ਨਾਲ ਨਸ਼ਿਆਂ ਦੇ ਆਦੀ ਲੋਕਾਂ ਦੀ ਨਸ਼ਿਆਂ ਦੀ ਲਤ ਛੁਡਾਕੇ ਉਨ੍ਹਾਂ ਨੂੰ ਹੁਨਰਮੰਦ ਬਣਾਇਆ ਜਾ ਰਿਹਾ ਹੈ। ਇਸ ਮੌਕੇ ਕੇਹਰ ਸਿੰਘ, ਬਲਵਿੰਦਰ ਸੈਣੀ, ਜਸਬੀਰ ਸਿੰਘ ਗਾਂਧੀ, ਕੌਂਸਲਰ ਭੁਪਿੰਦਰ ਸਿੰਘ, ਚਰਨਜੀਤ ਸਿੰਘ ਐਸ.ਕੇ, ਅੰਮ੍ਰਿਤਪਾਲ ਸਿੰਘ ਲਾਡੀ, ਗੁਰਧਿਆਨ ਖਰੌੜ, ਰੁਪਿੰਦਰ ਟੁਰਨਾ, ਦੀਪਕ ਮਿੱਤਲ, ਕੁਲਵੰਤ ਸਿੰਘ ਲਾਲਕਾ ਤੇ ਹੋਰ ਪਤਵੰਤਿਆਂ ਸਮੇਤ ਸਿਵਲ ਤੇ ਪੁਲਿਸ ਦੇ ਅਧਿਕਾਰੀ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.