
ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਬਣਾਇਆ ਜਾਵੇਗਾ ਹੁਨਰਮੰਦ, ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਖਾਕਾ ਤਿਆਰ
- by Jasbeer Singh
- June 6, 2025

ਯੁੱਧ ਨਸ਼ਿਆਂ ਵਿਰੁੱਧ - ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਬਣਾਇਆ ਜਾਵੇਗਾ ਹੁਨਰਮੰਦ, ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਖਾਕਾ ਤਿਆਰ - ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰਾਂ ਨੂੰ ਮਰੀਜ਼ਾਂ ਦਾ ਡਾਟਾ ਭੇਜਣ ਦੀ ਹਦਾਇਤ - ਆਰਸੇਟੀ, ਪਸ਼ੂ ਪਾਲਣ, ਬਾਗਬਾਨੀ, ਆਈ ਟੀ ਆਈ, ਕੇ ਵੀ ਕੇ, ਡੇਅਰੀ ਵਿਕਾਸ, ਮੱਛੀ ਪਾਲਣ ਅਤੇ ਹੋਰ ਵਿਭਾਗਾਂ ਵੱਲੋਂ ਕਰਵਾਏ ਜਾਣਗੇ ਸ਼ਾਰਟ ਟਰਮ ਕੋਰਸ - ਡਿਪਟੀ ਕਮਿਸ਼ਨਰ ਵੱਲੋਂ " ਯੁੱਧ ਨਸ਼ਿਆਂ ਵਿਰੁੱਧ " ਮੁਹਿੰਮ ਨੂੰ ਸਫ਼ਲ ਕਰਨ ਅਤੇ ਸਿਹਤਮੰਦ ਸਮਾਜ ਸਿਰਜਣ ਲਈ ਸਹਿਯੋਗ ਕਰਨ ਦੀ ਅਪੀਲ ਸੰਗਰੂਰ, 6 ਜੂਨ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ " ਯੁੱਧ ਨਸ਼ਿਆਂ ਵਿਰੁੱਧ " ਮੁਹਿੰਮ ਨੂੰ ਹਾਂ-ਪੱਖੀ ਅੰਜ਼ਾਮ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਨੇ ਕਮਰ ਕੱਸ ਲਈ ਹੈ। ਜ਼ਿਲ੍ਹਾ ਪ੍ਰਸ਼ਾਸ਼ਨ ਨੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਨਸ਼ਾ ਛੱਡਣ ਦੇ ਸਮੇਂ ਦੌਰਾਨ ਹੁਨਰਮੰਦ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਲਈ ਬਕਾਇਦਾ ਖਾਕਾ ਤਿਆਰ ਕਰ ਲਿਆ ਗਿਆ ਹੈ। ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਅੱਜ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ। ਸ਼੍ਰੀ ਸੰਦੀਪ ਰਿਸ਼ੀ ਨੇ ਦੱਸਿਆ ਕਿ ਅੱਜ ਲੋੜ੍ਹ ਹੈ ਕਿ ਜਿਹੜੇ ਵਿਅਕਤੀ, ਖਾਸ ਕਰਕੇ ਨੌਜਵਾਨ, ਨਸ਼ਾ ਛੱਡਣ ਲਈ ਇਲਾਜ਼ ਕਰਵਾ ਰਹੇ ਹਨ, ਉਹਨਾਂ ਨੂੰ ਹੁਨਰਮੰਦ ਕੀਤਾ ਜਾਵੇ ਤਾਂ ਜੋ ਉਹ ਇਸ ਅਲਾਮਤ ਤੋਂ ਬਾਹਰ ਆ ਕੇ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਸਕਣ। ਉਹਨਾਂ ਕਿਹਾ ਕਿ ਇਹਨਾਂ ਮਰੀਜ਼ਾਂ ਨੂੰ ਇਲਾਜ਼ ਦੌਰਾਨ ਵੱਖ ਵੱਖ ਕਿੱਤਿਆਂ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ। ਪਹਿਲਾ ਬੈਚ 80 ਮਰੀਜ਼ਾਂ ਦਾ ਹੋਵੇਗਾ। ਇਹ ਮਰੀਜ਼ ਅਲੱਗ ਅਲੱਗ ਸਰਕਾਰੀ ਅਤੇ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰਾਂ ਤੋਂ ਲਏ ਜਾਣਗੇ। ਇਹਨਾਂ ਨੂੰ ਸ਼ਾਰਟ ਟਰਮ ਕੋਰਸ ਕਰਵਾਏ ਜਾਣਗੇ, ਜੋ ਕਿ ਇਕ ਦਿਨ ਤੋਂ ਲੈ ਕੇ 15 ਦਿਨਾਂ ਤੱਕ ਦੇ ਹੋਣਗੇ। ਉਹਨਾਂ ਕਿਹਾ ਕਿ ਇਹਨਾਂ ਮਰੀਜ਼ਾਂ ਨੂੰ ਆਰਸੇਟੀ, ਪਸ਼ੂ ਪਾਲਣ, ਬਾਗਬਾਨੀ, ਆਈ ਟੀ ਆਈ, ਕੇ ਵੀ ਕੇ, ਡੇਅਰੀ ਵਿਕਾਸ, ਮੱਛੀ ਪਾਲਣ ਅਤੇ ਹੋਰ ਵਿਭਾਗਾਂ/ਅਦਾਰਿਆਂ ਵੱਲੋਂ ਕਰਵਾਏ ਜਾਂਦੇ ਕੋਰਸ ਕਰਵਾਏ ਜਾਣਗੇ। ਉਕਤ ਅਦਾਰੇ ਸਿਖਲਾਈ ਦੇ ਨਾਲ ਨਾਲ ਇਹਨਾਂ ਨੂੰ ਸਰਟੀਫਿਕੇਟ ਵੀ ਦੇਣਗੇ ਤਾਂ ਜੋ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਠੀਕ ਹੋਣ ਉੱਤੇ ਆਪਣਾ ਕੰਮ ਧੰਦਾ ਸ਼ੁਰੂ ਕਰਨ ਵਿੱਚ ਕੋਈ ਸਮੱਸਿਆ ਪੇਸ਼ ਨਾ ਆਵੇ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਅਫ਼ਸਰ ਸ਼੍ਰੀਮਤੀ ਸਿੰਪੀ ਸਿੰਗਲਾ ਨੂੰ ਹਦਾਇਤ ਕੀਤੀ ਕਿ ਉਹ ਲੀਡ ਬੈਂਕ ਮੈਨੇਜਰ, ਨੈਸ਼ਨਲ ਅਰਬਨ ਲਾਇਵਲੀਹੁੱਡ ਮਿਸ਼ਨ, ਨੈਸ਼ਨਲ ਰੂਰਲ ਲਾਇਵਲੀਹੁੱਡ ਮਿਸ਼ਨ ਨੂੰ ਵੀ ਇਸ ਮੁਹਿੰਮ ਨਾਲ ਜੋੜਨ ਤਾਂ ਜੋ ਨਵਾਂ ਕੰਮ ਧੰਦਾ ਸ਼ੁਰੂ ਕਰਨ ਦੇ ਇੱਛੁਕ ਨੌਜਵਾਨਾਂ ਨੂੰ ਕਰਜ਼ਾ ਅਤੇ ਹੋਰ ਸਰਕਾਰੀ ਸਹੂਲਤਾਂ ਮੁਹਈਆ ਕਰਵਾਈਆਂ ਜਾ ਸਕਣ। ਉਹਨਾਂ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਅਫ਼ਸਰ ਨੂੰ ਕਰਵਾਏ ਜਾਣ ਕੋਰਸਾਂ ਦੀ ਸੂਚੀ ਤਿਆਰ ਕਰਕੇ ਭੇਜਣ ਲਈ ਵੀ ਕਿਹਾ। ਇਸ ਤੋਂ ਇਲਾਵਾ ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰਾਂ ਦੇ ਪ੍ਰਬੰਧਕਾਂ ਨੂੰ ਮਰੀਜ਼ਾਂ ਦਾ ਡਾਟਾ ਭੇਜਣ ਦੀ ਹਦਾਇਤ ਕੀਤੀ ਗਈ। ਸ਼੍ਰੀ ਰਿਸ਼ੀ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਵਿੱਚ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਪੱਕੇ ਤੌਰ ਉੱਤੇ ਸਕਿੱਲ ਡਿਵੈਲਪਮੈਂਟ ਸੈਂਟਰ ਖੋਲ੍ਹਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਜਾਵੇਗਾ। ਤਾਂ ਜੋ ਜ਼ਿਲ੍ਹਾ ਸੰਗਰੂਰ ਦੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਹੁਨਰਮੰਦ ਕੀਤਾ ਜਾ ਸਕੇ। ਇਸ ਮੌਕੇ ਉਹਨਾਂ ਚੀਮਾ ਸਥਿਤ ਬੜੂ ਸਾਹਿਬ ਨਸ਼ਾ ਛੁਡਾਊ ਕੇਂਦਰ ਵੱਲੋਂ ਆਪਣੇ ਪੱਧਰ ਉੱਤੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਦਿੱਤੀ ਜਾ ਰਹੀ ਸਿਖਲਾਈ ਦੀ ਪ੍ਰਸ਼ੰਸਾ ਕੀਤੀ। ਉਹਨਾਂ ਸਰਕਾਰੀ ਅਧਿਕਾਰੀਆਂ ਅਤੇ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰਾਂ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਨੌਜਵਾਨਾਂ ਨਾਲ ਗੱਲ ਕਰਦੇ ਰਹਿਣ ਅਤੇ ਫੀਡਬੈਕ ਲੈਣ ਤਾਂ ਜੋ ਉਹਨਾਂ ਦੇ ਨਸ਼ੇ ਦੀ ਗ੍ਰਿਫਤ ਵਿੱਚ ਆਉਣ ਅਤੇ ਮੌਜੂਦ ਸਥਿਤੀ ਬਾਰੇ ਪਤਾ ਲੱਗਦਾ ਰਹੇ। ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਨੇ ਸਮੂਹ ਅਧਿਕਾਰੀਆਂ ਅਤੇ ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰਾਂ ਦੇ ਪ੍ਰਬੰਧਕਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ " ਯੁੱਧ ਨਸ਼ਿਆਂ ਵਿਰੁੱਧ " ਮੁਹਿੰਮ ਨੂੰ ਸਫ਼ਲ ਕਰਨ ਅਤੇ ਸਿਹਤਮੰਦ ਸਮਾਜ ਸਿਰਜਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।