post

Jasbeer Singh

(Chief Editor)

Patiala News

ਕਿਸਾਨਾਂ ਨੂੰ ਕੈਥਲ ਰੈਲੀ ਵਿੱਚ ਜਾਣ ਤੋਂ ਰੋਕਣ ਲਈ ਚੀਕਾ ਮਾਰਗ ਸੀਲ

post-img

ਹਰਿਆਣਾ ਦੇ ਕਿਸਾਨਾਂ ਵੱਲੋਂ ਅੱਜ ਕੈਥਲ ਵਿੱਚ ਕੀਤੀ ਗਈ ਰੈਲੀ ’ਚ ਪੰਜਾਬ ਦੇ ਕਿਸਾਨਾਂ ਨੂੰ ਜਾਣ ਤੋਂ ਰੋਕਣ ਲਈ ਹਰਿਆਣਾ ਪੁਲੀਸ ਵੱਲੋਂ ਪੰਜਾਬ-ਹਰਿਆਣਾ ਅੰਤਰਰਾਜੀ ਸਰਹੱਦ ’ਤੇ ਪੈਂਦੀ ਪਟਿਆਲਾ-ਚੀਕਾ ਰੋਡ ’ਤੇ ਪਿੰਡ ਧਰਮਹੇੜੀ ਨੇੜੇ ਘੱਗਰ ਨਦੀ ਦੇ ਪੁਲ ’ਤੇ ਰੋਕਾਂ ਲਗਾ ਕੇ ਆਵਾਜਾਈ ਰੋਕ ਦਿੱਤੀ ਗਈ। ਇਸ ਦੌਰਾਨ ਦੌਰਾਨ ਦਿਨ ਭਰ ਇੱਥੇ ਹਰਿਆਣਾ ਪੁਲੀਸ ਤਾਇਨਾਤ ਰਹੀ। ਦੂਜੇ ਪਾਸੇ ਪਟਿਆਲਾ ਪ੍ਰਸ਼ਾਸਨ ਵੱਲੋਂ ਹਰਿਆਣਾ ਜਾਣ ਵਾਲੀ ਟਰੈਫਿਕ ਲਈ ਬਦਲਵੇਂ ਰੂਟਾਂ ਦਾ ਪ੍ਰਬੰਧ ਕਰਨਾ ਪਿਆ। ਇਸੇ ਤਰ੍ਹਾਂ ਹੀ ਹਰਿਆਣਾ ਪ੍ਰਸ਼ਾਸਨ ਨੇ ਸੰਗਤਪੁਰਾ ਬੈਰੀਅਰ ਕੋਲ ਵੀ ਪੰਜਾਬ ਵਾਲੇ ਪਾਸੇ ਤੋਂ ਕੈਥਲ ਵੱਲ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਹੋਈ ਸੀ। ਜਾਣਕਾਰੀ ਅਨੁਸਾਰ ਹਰਿਆਣਾ ਪ੍ਰਸ਼ਾਸਨ ਵੱਲੋਂ ਭਾਵੇਂ ਰੋਕਾਂ ਲਾਈਆਂ ਗਈਆਂ ਸਨ, ਪਰ ਸ਼ੰਭੂ ਮੋਰਚੇ ’ਚੋਂ ਕਈ ਪ੍ਰਮੁੱਖ ਆਗੂਆਂ ਸਮੇਤ ਕੁਝ ਹੋਰ ਕਿਸਾਨ ਵੀ ਹਰਿਆਣਾ ਦੇ ਕੈਥਲ ਵਿੱਚ ਹੋਈ ਇਸ ਰੈਲੀ ’ਚ ਪਹੁੰਚਣ ’ਚ ਕਾਮਯਾਬ ਰਹੇ। ਇਨ੍ਹਾਂ ਕਿਸਾਨ ਆਗੂਆਂ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ, ਬੀਕੇਯੂ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ, ਅਭਿਮੰਨਿਊ ਕੋਹਾੜ ਸਮੇਤ ਅਮਰਜੀਤ ਸਿੰਘ ਮੋਹੜੀ ਤੇ ਸੁਖਜੀਤ ਸਿੰਘ ਆਦਿ ਸ਼ਾਮਲ ਰਹੇ। ਰੈਲੀ ’ਚੋਂ ਪਰਤ ਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਵਣ ਪੰਧੇਰ ਤੇ ਡੱਲੇਵਾਲ ਨੇ ਹਰਿਆਣਾ ਪੁਲੀਸ ਵੱਲੋਂ ਰੋਕਾਂ ਲਾਉਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪਹਿਲਾਂ ਹੀ ਹਰਿਆਣਾ ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ ਰੋਕਾਂ ਲਾਈਂ ਬੈਠਾ ਹੈ ਤੇ ਹੁਣ ਮੁੜ ਅਜਿਹਾ ਕਰਕੇ ਭਾਜਪਾ ਹਕੂਮਤ ਕਿਸਾਨਾਂ ਨੂੰ ਇਸ ਦੇਸ਼ ’ਚ ਬੇਗਾਨਗੀ ਦਾ ਅਹਿਸਾਸ ਕਰਵਾ ਰਹੀ ਹੈ। ਇਸੇ ਦੌਰਾਨ ਕਿਸਾਨ ਆਗੂ ਮਨਜੀਤ ਸਿੰਘ ਘੁਮਾਣਾ ਤੇ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਤੱਕ ਬਾਰਡਰਾਂ ਅਤੇ ਹਰਿਆਣਾ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਤਿੰਨ ਕਿਸਾਨਾਂ ਦੀ ਰਿਹਾਈ ਤੱਕ ਸ਼ੰਭੂ ਰੇਲਵੇ ਲਾਈਨ ’ਤੇ ਧਰਨੇ ਜਾਰੀ ਰਹਿਣਗੇ। ਸਮਾਣਾ-ਕੈਥਲ ਮਾਰਗ ’ਤੇ ਘੱਗਰ ਪੁਲ ਬੰਦ ਕੀਤਾ ਸਮਾਣਾ (ਸੁਭਾਸ਼ ਚੰਦਰ): ਸਮਾਣਾ-ਕੈਥਲ ਸੜਕ ’ਤੇ ਹਰਿਆਣਾ ਸਰਕਾਰ ਨੇ ਸ਼ਨਿੱਚਰਵਾਰ ਦੀ ਰਾਤ ਨੂੰ ਘੱਗਰ ਪੁਲ ’ਤੇ ਰੋਕਾਂ ਲਗਾ ਕੇ ਰਸਤਾ ਬਿਨਾਂ ਅਗਾਊਂ ਸੂਚਨਾ ਬੰਦ ਕਰ ਦਿੱਤਾ। ਆਮ ਲੋਕਾਂ ਨੂੰ ਅਤਿ ਦੀ ਗਰਮੀ ’ਚ ਖੁਆਰ ਹੋਣਾ ਪਿਆ। ਦੋਵੇਂ ਸੂਬਿਆਂ ਦੀਆਂ ਬੱਸਾਂ ਸਵਾਰੀਆਂ ਨੂੰ ਸੂਬੇ ਦੀ ਹੱਦ ਵਿੱਚ ਹੀ ਲਾਹ ਰਹੀਆਂ ਹਨ। ਰਸਤਾ ਬੰਦ ਕਰਨ ਸਬੰਧੀ ਐੱਸਡੀਐੱਮ ਪਟਿਆਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ।

Related Post

Instagram