July 6, 2024 00:40:07
post

Jasbeer Singh

(Chief Editor)

Punjab, Haryana & Himachal

ਜ਼ੀਰਕਪੁਰ: ਨਗਰ ਕੌਂਸਲ ਪ੍ਰਧਾਨ ਢਿੱਲੋਂ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼

post-img

ਜ਼ੀਰਕਪੁਰ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਖ਼ਿਲਾਫ਼ 21 ਕੌਂਸਲਰਾਂ ਨੇ ਬਗਾਵਤ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਅੱਜ ਪ੍ਰਧਾਨ ਖ਼ਿਲਾਫ਼ ਕਾਰਜਸਾਧਕ ਅਫਸਰ ਅਸ਼ੋਕ ਪਥਰੀਆ ਨੂੰ ਬੇਭਰੋਸਗੀ ਮਤਾ ਸੌਂਪਿਆ ਹੈ। ਇਨ੍ਹਾਂ ਕੌਂਸਲਰਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅੱਠ ਕੌਂਸਲਰ ਸ਼ਾਮਲ ਹਨ। ਇਸ ਬੇਭਰੋਸਗੀ ਮਤੇ ਮਗੋਂ ਹੁਣ ਆਉਣ ਵਾਲੇ 21 ਦਿਨਾਂ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਹੋ ਸਕਦੀ ਹੈ। ਸੂਤਰਾਂ ਮੁਤਾਬਕ ਜੇ ਬਾਗੀ ਕੌਂਸਲਰਾਂ ਦੀ ਯੋਜਨਾ ਸਿਰੇ ਚੜ੍ਹ ਜਾਂਦੀ ਹੈ ਤਾਂ ਹਰਜੀਤ ਸਿੰਘ ਮਿੰਟਾ ਨਗਰ ਕੌਂਸਲ ਦੇ ਨਵੇਂ ਪ੍ਰਧਾਨ ਚੁਣੇ ਜਾ ਸਕਦੇ ਹਨ। ਜਾਣਕਾਰੀ ਜ਼ੀਰਕਪੁਰ ਕੌਂਸਲ ਵਿੱਚ ਕੁੱਲ 31 ਵਾਰਡ ਹਨ। ਸਾਲ 2021 ਵਿੱਚ ਹੋਈ ਚੋਣ ਦੌਰਾਨ ਕਾਂਗਰਸ ਦੇ 23 ਕੌਂਸਲਰ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਅੱਠ ਕੌਂਸਲਰ ਜਿੱਤੇ ਸਨ। ਕਾਂਗਰਸ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਆਪਣੇ ਬੇਟੇ ਉਦੈਵੀਰ ਸਿੰਘ ਢਿੱਲੋਂ ਨੂੰ 23 ਕੌਂਸਲਰਾਂ ਦੇ ਸਮਰਥਨ ਨਾਲ ਪ੍ਰਧਾਨ ਚੁਣਿਆ ਸੀ। ਸੂਬੇ ਵਿੱਚ ‘ਆਪ’ ਸਰਕਾਰ ਬਣਦਿਆਂ ਹੀ ਕਾਂਗਰਸ ਦੇ ਵੱਡੀ ਗਿਣਤੀ ਕੌਂਸਲਰ ਉਦੈਵੀਰ ਸਿੰਘ ਢਿੱਲੋਂ ਖ਼ਿਲਾਫ਼ ਬਗਾਵਤ ਕਰਦਿਆਂ ‘ਆਪ’ ਵਿੱਚ ਸ਼ਾਮਲ ਹੋ ਗਏ ਸੀ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਅੱਠ ਕੌਂਸਲਰਾਂ ਵੱਲੋਂ ਬਾਗੀ ਕੌਂਸਲਰਾਂ ਦਾ ਸਾਥ ਨਾ ਦੇਣ ਕਾਰਨ ਪ੍ਰਧਾਨ ਨੂੰ ਹਟਾਉਣ ਕੌਂਸਲਰਾਂ ਕੌਂਸਲਰਾਂ ਕੋਲ ਦੋ ਤਿਹਾਈ ਸਮਰਥਨ ਨਾ ਹੋਣ ਕਾਰਨ ਉਦੈਵੀਰ ਸਿੰਘ ਢਿੱਲੋਂ ਨੂੰ ਪ੍ਰਧਾਨ ਵਜੋਂ ਹਟਾਉਣ ਦੀ ਯੋਜਨਾ ਠੁੱਸ ਹੋ ਗਈ ਸੀ। ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ. ਸ਼ਰਮਾ ਦੀ ਹਾਰ ਤੋਂ ਬਾਅਦ ਹੁਣ ਉਨ੍ਹਾਂ ਦੇ ਅੱਠ ਕੌਂਸਲਰਾਂ ਨੇ ਉਦੈਵੀਰ ਸਿੰਘ ਢਿੱਲੋਂ ਤੋਂ ਸਮਰਥਨ ਵਾਪਸ ਲੈਂਦਿਆਂ ਬਾਗੀ ਕੌਂਸਲਰਾਂ ਦੇ ਨਾਲ ਆ ਖੜ੍ਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਜੀਤ ਸਿੰਘ ਮਿੰਟਾ ਦੇ ਨਾਂਅ ਦੀ ਸਹਿਮਤੀ ਬਣਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੇ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਨਿਯਮ ਮੁਤਾਬਕ ਪ੍ਰਧਾਨ ਨੂੰ ਉੱਤਾਰਨ ਲਈ 31 ਵਿੱਚੋਂ ਦੋ ਤਿਹਾਈ ਵੋਟਾਂ ਚਾਹੀਦੀ ਹਨ ਜਦਕਿ 21 ਕੌਂਸਲਰ ਅਤੇ ਇਕ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਵੋਟ ਬਣਾ ਕੇ 22 ਕੌਂਸਲਰ ਪ੍ਰਧਾਨ ਨੂੰ ਅਹੁਦੇ ਤੋਂ ਹਟਾ ਸਕਦੇ ਹਨ। ਜਦਕਿ ਪ੍ਰਧਾਨ ਬਣਾਉਣ ਲਈ 17 ਵੋਟਾਂ ਦੀ ਲੋੜ ਹੈ ਅਤੇ ਇਸ ਲਈ ਬਾਗੀ ਕੌਂਸਲਰਾਂ ਕੋਲ ਪੂਰਾ ਬਹੁਮਤ ਹੈ। ਕੌਂਸਲਰ ਹਰਜੀਤ ਸਿੰਘ ਮਿੰਟਾ ਨੇ ਕਿਹਾ ਕਿ ਸ਼ਹਿਰ ਵਿੱਚ ਵਿਕਾਸ ਕਾਰਜ ਠੱਪ ਹੋਣ ਕਾਰਨ ਕੌਂਸਲਰਾਂ ਨੇ ਇਹ ਫੈਸਲਾ ਲਿਆ ਹੈ ਅਤੇ ਨਵਾਂ ਪ੍ਰਧਾਨ ਸਾਰੇ ਕੌਂਸਲਰਾਂ ਦੀ ਸਹਿਮਤੀ ਨਾਲ ਬਣਾਇਆ ਜਾਏਗਾ। ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਅਤੇ ਸਾਬਕਾ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਦੇ ਭਰਾ ਯਾਦਵਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਸ਼ਹਿਰ ਦੇ ਵਿਕਾਸ ਨੂੰ ਦੇਖਦਿਆਂ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਨਵੇਂ ਪ੍ਰਧਾਨ ਦੀ ਅਗਵਾਈ ਵਿੱਚ ਸ਼ਹਿਰ ਦਾ ਬਿਨਾਂ ਪੱਖਪਾਤ ਤੋਂ ਵਿਕਾਸ ਕਰਵਾਇਆ ਜਾਏਗਾ। ਦੂਜੇ ਪਾਸੇ ਗੱਲ ਕਰਨ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੂੰ ਫੋਨ ਕੀਤਾ ਪਰ ਉਨ੍ਹਾਂ ਕਾਲ ਰਿਸੀਵ ਨਹੀਂ ਕੀਤੀ।

Related Post