
ਸੂਬੇ `ਚ ਅਤਿ-ਆਧੁਨਿਕ 1000 ਆਂਗਨਵਾੜੀ ਸੈਂਟਰਾਂ ਦਾ ਕੀਤਾ ਜਾ ਰਿਹੈ ਨਿਰਮਾਣ
- by Jasbeer Singh
- March 15, 2025

ਸੂਬੇ `ਚ ਅਤਿ-ਆਧੁਨਿਕ 1000 ਆਂਗਨਵਾੜੀ ਸੈਂਟਰਾਂ ਦਾ ਕੀਤਾ ਜਾ ਰਿਹੈ ਨਿਰਮਾਣ ਚੰਡੀਗੜ੍ਹ (ਰਾਜੇਸ਼) : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀਆਂ ਔਰਤਾਂ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਰਹੀ ਹੈ । ਇਸੇ ਉਦੇਸ਼ ਦੀ ਪੂਰਤੀ ਲਈ ਸੂਬੇ ਵਿੱਚ 1000 ਅਤਿ-ਆਧੁਨਿਕ ਆਂਗਨਵਾੜੀ ਸੈਂਟਰਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਸੂਬੇ ਵਿੱਚ ਬਣਾਏ ਜਾ ਰਹੇ 1000 ਆਂਗਨਵਾੜੀ ਸੈਂਟਰਾਂ ਲਈ 100 ਕਰੋੜ ਰੁਪਏ ਦਾ ਬਜ਼ਟ ਉਪਬੰਧ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਤੀ ਆਂਗਨਵਾੜੀ ਸੈਂਟਰ ਦੇ ਨਿਰਮਾਣ ਲਈ 10 ਲੱਖ ਰੁਪਏ ਦੀ ਲਾਗਤ ਆਵੇਗੀ । ਡਾ. ਬਲਜੀਤ ਕੌਰ ਨੇ ਦੱਸਿਆ ਕਿ ਆਂਗਨਵਾੜੀ ਸੈਂਟਰਾਂ ਦੀ ਇਮਾਰਤਾਂ ਦੀ ਉਸਾਰੀ ਤੋਂ ਇਲਾਵਾ ਆਂਗਨਵਾੜੀ ਦੇ ਫਰਨੀਚਰ ਲਈ ਵੀ ਅਲਾਟ ਕੀਤੇ ਫੰਡਾਂ ਦੀ ਵਰਤੋਂ ਕੀਤੀ ਜਾ ਰਹੀ ਹੈ । ਇਸ ਵਿੱਚ ਬੱਚਿਆਂ ਅਤੇ ਔਰਤਾਂ ਲਈ ਪੂਰੀ ਤਰ੍ਹਾਂ ਕਾਰਜਸ਼ੀਲ ਅਤੇ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਫਲੋਰਿੰਗ, ਪੇਂਟਿੰਗ, ਪਲੰਬਿੰਗ, ਬਿਜਲੀਕਰਨ ਅਤੇ ਲੱਕੜ ਦਾ ਕੰਮ ਸ਼ਾਮਲ ਹੈ । ਉਨ੍ਹਾਂ ਅੱਗੇ ਦੱਸਿਆ ਕਿ ਆਂਗਨਵਾੜੀ ਸੈਂਟਰਾਂ ਦੀ ਉਸਾਰੀ ਦਾ ਕੰਮ ਪੇਂਡੂ ਵਿਕਾਸ ਵਿਭਾਗ ਅਧੀਨ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ 111 ਆਂਗਣਵਾੜੀ ਸੈਂਟਰਾਂ ਦੇ ਨਿਰਮਾਣ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ, ਜਦਕਿ ਬਾਕੀ ਰਹਿੰਦੇ ਆਂਗਨਵਾੜੀ ਸੈਂਟਰਾਂ ਦੀਆਂ ਇਮਾਰਤਾਂ ਦਾ ਨਿਰਮਾਣ ਪ੍ਰਗਤੀ ਅਧੀਨ ਹੈ । ਡਾ. ਬਲਜੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਆਂਗਨਵਾੜੀ ਸੈਂਟਰਾਂ ਦਾ ਸਮੇਂ ਸਿਰ ਨਿਰਮਾਣ ਕਰਵਾਉਣ ਅਤੇ ਉੱਚ ਪੱਧਰੀ ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰ `ਤੇ ਇੱਕ ਕਮੇਟੀ ਦਾ ਗਠਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਜ਼ਿਲ੍ਹਾ ਪੱਧਰੀ ਕਮੇਟੀ ਨਿਯਮਤ ਤੌਰ `ਤੇ ਇਹਨਾਂ ਪ੍ਰੋਜੈਕਟਾਂ ਦੀ ਨਿਗਰਾਨੀ ਕਰ ਰਹੀ ਹੈ । ਪੰਜਾਬ ਸਰਕਾਰ ਆਂਗਣਵਾੜੀ ਸੈਂਟਰਾਂ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਲਈ ਵਚਨਬੱਧ ਹੈ, ਜਿਸ ਨਾਲ ਪੰਜਾਬ ਭਰ ਵਿੱਚ ਪੋਸ਼ਣ ਅਤੇ ਸ਼ੁਰੂਆਤੀ ਬਚਪਨ ਦੀ ਦੇਖਭਾਲ ਸੇਵਾਵਾਂ ਵਿੱਚ ਸੁਧਾਰ ਹੋਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.