
ਬਾਲ ਭੀਖਿਆ ਖਤਮ ਕਰਨ ਦੀ ਮੁਹਿੰਮ ਤਹਿਤ 6 ਦਿਨਾਂ `ਚ 137 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ : ਕੈਬਨਿਟ ਮੰਤਰੀ
- by Jasbeer Singh
- July 23, 2025

ਬਾਲ ਭੀਖਿਆ ਖਤਮ ਕਰਨ ਦੀ ਮੁਹਿੰਮ ਤਹਿਤ 6 ਦਿਨਾਂ `ਚ 137 ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਇਆ ਗਿਆ : ਕੈਬਨਿਟ ਮੰਤਰੀ ਚੰਡੀਗੜ੍ਹ, 23 ਜੁਲਾਈ 2025 : ਬਾਲ ਭੀਖਿਆ ਨੂੰ ਸਿਰੇਓਂ ਖਤਮ ਕਰਨ ਲਈ ਚਲਾਈ ਜਾ ਰਹੀ ਜੀਵਨਜੋਤ ਪ੍ਰੋਜੈਕਟ 2.0 ਦੇ ਹੁਣ ਠੋਸ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਦੱਸਣਯੋਗ ਹੈ ਕਿ ਉਕਤ ਮੁਹਿੰਮ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸ਼ੁਰੂ ਕੀਤੀ ਗਈ ਹੈ। ਕੀ ਦੱਸਿਆ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 6 ਦਿਨਾਂ `ਚ 137 ਬੱਚਿਆਂ ਨੂੰ ਰੈਸਕਿਉ ਕੀਤਾ ਗਿਆ ਹੈ, ਜਿਸਦੇ ਚਲਦਿਆਂ 16 ਜਿ਼ਲ੍ਹਿਆਂ ਵਿੱਚ 19 ਥਾਵਾਂ ‘ਤੇ ਛਾਪੇਮਾਰੀ ਕਰਕੇ 20 ਹੋਰ ਭੀਖ ਮੰਗਦੇ ਬੱਚਿਆਂ ਨੂੰ ਬਚਾਇਆ ਗਿਆ। ਲੋੜ ਪਈ ਤਾਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ ਉਨ੍ਹਾਂ ਕਿਹਾ ਕਿ ਬਚਾਏ ਗਏ 20 ਬੱਚਿਆਂ ‘ਚੋਂ 13 ਨੂੰ ਦਸਤਾਵੇਜ਼ੀ ਜਾਂਚ ਅਤੇ ਮਾਪਿਆਂ ਦੀ ਸਲਾਹ-ਮਸ਼ਵਰੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਗਿਆ, ਜਦਕਿ 7 ਬੱਚਿਆਂ ਨੂੰ ਪਟਿਆਲਾ ਦੇ ਬਾਲ ਘਰ ਵਿੱਚ ਭੇਜਿਆ ਗਿਆ। ਡਾ. ਕੌਰ ਦੱਸਿਆ ਕਿ ਅੱਜ ਕਿਸੇ ਵੀ ਬੱਚੇ ਦੀ ਐਫ. ਆਈ. ਆਰ. ਜਾਂ ਡੀ. ਐਨ. ਏ. ਜਾਂਚ ਦੀ ਲੋੜ ਨਹੀਂ ਪਈ ਪਰ ਪਟਿਆਲਾ ਬਾਲ ਭਲਾਈ ਕਮੇਟੀ ਵੱਲੋਂ ਜਾਂਚ ਜਾਰੀ ਹੈ ਅਤੇ ਜੇ ਲੋੜ ਪਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ. ਬਲਜੀਤ ਕੌਰ ਨੇ ਮਾਪਿਆਂ ਨੂੰ ਦਿੱਤੀ ਚਿਤਾਵਨੀ ਮਾਪਿਆਂ ਨੂੰ ਚੇਤਾਵਨੀ ਦਿੰਦਿਆਂ, ਡਾ. ਬਲਜੀਤ ਕੌਰ ਨੇ ਕਿਹਾ ਕਿ ਜੇਕਰ ਕੋਈ ਮਾਪੇ ਆਪਣੇ ਬੱਚਿਆਂ ਨੂੰ ਮੁੜ ਭੀਖ ਮੰਗਣ ਲਈ ਭੇਜਦੇ ਹੋਏ ਪਾਏ ਗਏ, ਤਾਂ ਉਨ੍ਹਾਂ ਨੂੰ ਅਯੋਗ ਸਰਪ੍ਰਸਤ ਘੋਸ਼ਿਤ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਮ ਲੋਕਾਂ ਅਤੇ ਸਿਵਲ ਸੋਸਾਇਟੀ ਨੂੰ ਅਪੀਲ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਬੱਚੇ ਨੂੰ ਭੀਖ ਨਾ ਦਿੱਤੀ ਜਾਵੇ, ਸਗੋਂ ਚਾਈਲਡ ਹੈਲਪ ਲਾਈਨ 1098 ‘ਤੇ ਫ਼ੋਨ ਕਰਕੇ ਤੁਰੰਤ ਸੂਚਨਾ ਦਿੱਤੀ ਜਾਵੇ, ਤਾਂ ਜੋ ਉਹਨਾਂ ਦੀ ਸੁਰੱਖਿਆ ਅਤੇ ਭਵਿੱਖ ਸੁਰੱਖਿਅਤ ਬਣਾਇਆ ਜਾ ਸਕੇ।