post

Jasbeer Singh

(Chief Editor)

National

ਇੰਜਣ ਨਾਲ ਪੱਥਰ ਟਕਰਾਉਣ ਕਾਰਨ ਸਾਬਰਮਤੀ ਐਕਸਪ੍ਰੈੱਸ ਦੇ 20 ਡੱਬੇ ਲੀਹੋਂ ਲੱਥੇ

post-img

ਇੰਜਣ ਨਾਲ ਪੱਥਰ ਟਕਰਾਉਣ ਕਾਰਨ ਸਾਬਰਮਤੀ ਐਕਸਪ੍ਰੈੱਸ ਦੇ 20 ਡੱਬੇ ਲੀਹੋਂ ਲੱਥੇ ਲਖਨਊ : ਭਾਰਤ ਦੇਸ਼ ਦੇ ਲਖਨਊ ਵਿਖੇ ਅੱਜ ਸ਼ਨੀਵਾਰ ਸਵੇਰੇ ਇਕ ਭਿਆਨਕ ਰੇਲ ਹਾਦਸਾ ਉਸ ਸਮੇਂ ਵਾਪਰ ਗਿਆ ਜਦੋ਼ ਇੰਜਣ ਨਾਲ ਪੱਥਰ ਟਕਰਾਉਣ ਕਾਰਨ ਸਾਬਰਮਤੀ ਐਕਸਪ੍ਰੈੱਸ ਦੇ 20 ਡੱਬੇ ਲੀਹੋਂ ਲੱਥ ਗਏ, ਜਿਸ ਕਾਰਨ ਯਾਤਰੀਆਂ ਵਿਚ ਭਾਜੜਾਂ ਪੈ ਗਈਆਂ। ਦੱਸਣਯੋਗ ਹੈ ਕਿ ਉਕਤ ਹਾਦਸਾ ਵਾਪਰਨ ਦੇ ਚਲਦਿਆ ਕਿਸੇ ਵੀ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਾਪਤ ਜਾਣਕਾਰੀ ਮੁਤਾਬਕ ਵਾਰਾਣਸੀ ਤੋਂ ਅਹਿਮਦਾਬਾਦ ਜਾ ਰਹੀ ਸਾਬਰਮਤੀ ਐਕਸਪ੍ਰੈੱਸ ਦੇ 20 ਡੱਬੇ ਕਾਨਪੁਰੀ ਦੇ ਗੋਵਿੰਦਪੁਰੀ ਸਟੇਸ਼ਨ ਨੇੜੇ ਪੱਟੜੀ ਤੋਂ ਉਤਰ ਗਏ। ਉੱਤਰ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਫ਼ਸਰ ਸ਼ਸ਼ੀਕਾਂਤ ਤ੍ਰਿਪਾਠੀ ਨੇ ਦੱਸਿਆ ਕਿ ਇਸ ਹਾਦਸੇ ਵਿਚ ਕਿਸੇ ਦੇ ਮਾਰੇ ਜਾਣ ਜਾਂ ਜ਼ਖ਼ਮੀ ਹੋਣ ਦੀ ਫ਼ਿਲਹਾਲ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿਚ ਡਰਾਈਵਰ ਤੋਂ ਪੁੱਛਗਿੱਛ ਵਿਚ ਪਤਾ ਲੱਗਿਆ ਹੈ ਕਿ ਟ੍ਰੇਨ ਦੇ ਇੰਜਣ ਨਾਲ ਕੋਈ ਵੱਡਾ ਪੱਥਰ ਆ ਕੇ ਟਕਰਾ ਗਿਆ, ਜਿਸ ਨਾਲ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਟ੍ਰੇਨ ਦੇ ਇੰਜਣ ਦੇ ਅਗਲੇ ਹਿੱਸੇ ਵਿਚ ਜਾਨਵਰਾਂ ਤੋਂ ਬਚਾਅ ਲਈ ਲੱਗਿਆ `ਕੈਟਲ ਗਾਰਡ` ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਸ਼ਸ਼ੀਕਾਂਤ ਤ੍ਰਿਪਾਠੀ ਨੇ ਦੱਸਿਆ ਕਿ ਯਾਤਰੀਆਂ ਨੂੰ ਬੱਸ ਰਾਹੀਂ ਕਾਨਪੁਰ ਸੈਂਟਰਲ ਸਟੇਸ਼ਨ ਭੇਜਿਆ ਗਿਆ ਹੈ, ਜਿੱਥੇ ਉਨ੍ਹਾਂ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੋਂ ਉਨ੍ਹਾਂ ਨੂੰ ਮੰਜ਼ਿਲ ਵੱਲ ਰਵਾਨਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਕਾਰਨ ਕਾਨਪੁਰ-ਝਾਂਸੀ ਮਾਰਗ `ਤੇ ਰੇਲਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ, ਜਿਸ ਨੂੰ ਬਹਾਲ ਕਰਨ ਲਈ ਰੇਲਵੇ ਦੇ ਤਕਨੀਕੀ ਅਧਿਕਾਰੀਆਂ ਦੀ ਟੀਮ ਮੌਕੇ `ਤੇ ਪਹੁੰਚ ਗਈ ਹੈ।

Related Post

Instagram