post

Jasbeer Singh

(Chief Editor)

National

ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰੇ ਗਏ 28 ਨਕਸਲੀ

post-img

ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰੇ ਗਏ 28 ਨਕਸਲੀ ਦਾਂਤੇਵਾੜਾ : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਦੇ ਬਸਤਰ ਖੇਤਰ ’ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 28 ਨਕਸਲੀ ਮਾਰੇ ਗਏ ਹਨ। ਬਸਤਰ ਰੇਂਜ ਦੀ ਪੁਲੀਸ ਦੇ ਆਈਜੀ ਸੁੰਦਰਰਾਜ ਨੇ ਪੀਟੀਆਈ ਨੂੰ ਦੱਸਿਆ ਕਿ ਇਹ ਮੁਕਾਬਲਾ ਇੱਥੋਂ ਦੇ ਅਬੂਝਮਾੜ ਇਲਾਕੇ ’ਚ ਹੋਇਆ। ਉਨ੍ਹਾਂ ਦੱਸਿਆ ਕਿ ਨਾਰਾਇਣਪੁਰ ਅਤੇ ਦਾਂਤੇਵਾੜਾ ਜ਼ਿਲ੍ਹਿਆਂ ਦੀ ਹੱਦ ’ਤੇ ਸਥਿਤ ਅਬੂਝਮਾੜ ਖੇਤਰ ’ਚ ਥੁਲਥੁਲੀ ਤੇ ਨੈਂਦੁਰ ਪਿੰਡਾਂ ਵਿਚਾਲੇ ਪੈਂਦੇ ਜੰਗਲੀ ਇਲਾਕੇ ਵਿੱਚ ਮਾਓਵਾਦੀਆਂ ਦੀ ਹਾਜ਼ਰੀ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ 1 ਵਜੇ ਦੇ ਕਰੀਬ ਨਕਸਲੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀ ਚਲਾ ਦਿੱਤੀ ਜਿਸ ਮਗਰੋਂ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਤੋਂ ਏਕੇ 47 ਅਤੇ ਐੱਸਐੱਲਆਰ ਸਮੇਤ ਕਈ ਹਥਿਆਰ ਬਰਾਮਦ ਕੀਤੇ ਹਨ। ਇਸ ਮੁਹਿੰਮ ’ਚ ਜ਼ਿਲ੍ਹਾ ਰਿਜ਼ਰਵ ਗਾਰਡ (ਡੀਆਰਜੀ) ਅਤੇ ਸਪੈਸ਼ਲ ਟਾਸਕ ਫੋਰਸ ਦੇ ਜਵਾਨ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਮੁਕਾਬਲੇ ’ਚ ਸੁਰੱਖਿਆ ਬਲਾਂ ਦੇ ਸਾਰੇ ਜਵਾਨਾਂ ਦੇ ਸੁਰੱਖਿਅਤ ਹੋਣ ਦੀ ਜਾਣਕਾਰੀ ਮਿਲੀ ਹੈ। ਆਈਜੀ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਮੁਕਾਬਲਾ ਅਜੇ ਵੀ ਜਾਰੀ ਹੈ। ਇਸ ਤੋਂ ਪਹਿਲਾਂ ਮੁਕਾਬਲੇ ’ਚ 30 ਨਕਸਲੀਆਂ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਸੀ। ਜ਼ਿਕਰਯੋਗ ਹੈ ਕਿ ਅੱਜ ਦੇ ਮੁਕਾਬਲੇ ਸਮੇਤ ਬਸਤਰ ਖੇਤਰ ’ਚ ਇਸ ਸਾਲ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲਿਆਂ ’ਚ 185 ਮਾਓਵਾਦੀ ਹਲਾਕ ਹੋ ਚੁੱਕੇ ਹਨ। ਕਾਂਕੇਰ ਜ਼ਿਲ੍ਹੇ ’ਚ 16 ਅਪਰੈਲ ਨੂੰ ਹੋਏ ਮੁਕਾਬਲੇ ’ਚ ਵੀ 29 ਨਕਸਲੀ ਮਾਰੇ ਗਏ ਸਨ।

Related Post