ਈਰਾਨ ਪ੍ਰਦਰਸ਼ਨਾਂ `ਚ ਹੋਈ 4 ਹਜ਼ਾਰ 29 ਲੋਕਾਂ ਦੀ ਮੌਤ ਦੁਬਈ, 21 ਜਨਵਰੀ 2026 : ਈਰਾਨ ਭਰ ਵਿਚ ਜਾਰੀ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਪ੍ਰਦਰਸ਼ਨਕਾਰੀਆਂ `ਤੇ ਕੀਤੀ ਗਈ ਸਖ਼ਤ ਕਾਰਵਾਈ ਵਿਚ ਘੱਟੋ-ਘੱਟ 4 ਹਜ਼ਾਰ 29 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ ਸਥਿਤ `ਹਿਊਮਨ ਰਾਈਟਸ ਐਕਟੀਵਿਸਟਸ ਨਿਊਜ਼ ਏਜੰਸੀ` ਨੇ ਇਹ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਕਾਰਵਾਈ ਦੌਰਾਨ 26,000 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਮ੍ਰਿਤਕਾਂ ਵਿਚ ਸ਼ਾਮਲ ਹਨ ਪ੍ਰਦਰਸ਼ਨਕਾਰੀ ਅਤੇ 180 ਸੁਰੱਖਿਆ ਕਰਮਚਾਰੀ `ਹਿਊਮਨ ਰਾਈਟਸ ਐਕਟੀਵਿਸਟਸ ਨਿਊਜ਼ ਏਜੰਸੀ` ਦੇ ਮੁਤਾਬਕ ਮ੍ਰਿਤਕਾਂ ਵਿਚ 3,786 ਪ੍ਰਦਰਸ਼ਨਕਾਰੀ ਅਤੇ 180 ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਇਨ੍ਹਾਂ ਕਾਰਵਾਈਆਂ ਵਿਚ 28 ਬੱਚੇ ਅਤੇ 35 ਅਜਿਹੇ ਲੋਕ ਵੀ ਮਾਰੇ ਗਏ ਹਨ, ਜੋ ਕਿਸੇ ਵੀ ਪ੍ਰਦਰਸ਼ਨ ਵਿਚ ਹਿੱਸਾ ਨਹੀਂ ਲੈ ਰਹੇ ਸਨ । ਏਜੰਸੀ ਪਹਿਲਾਂ ਵੀ ਈਰਾਨ ਵਿਚ ਹੋਈ ਅਸ਼ਾਂਤੀ ਦੌਰਾਨ ਸਹੀ ਜਾਣਕਾਰੀ ਦਿੰਦੀ ਰਹੀ ਹੈ ਅਤੇ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਕਰਨ ਲਈ ਉਹ ਜ਼ਮੀਨੀ ਪੱਧਰ `ਤੇ ਸਰਗਰਮ ਕਾਰਕੁੰਨਾਂ ਦੇ ਨੈੱਟਵਰਕ `ਤੇ ਨਿਰਭਰ ਕਰਦੀ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਾਰੇ ਗਏ ਲੋਕਾਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ।
