post

Jasbeer Singh

(Chief Editor)

National

ਬੰਧਵਗੜ੍ਹ ਟਾਈਗਰ ਰਿਜ਼ਰਵ ਵਿੱਚ 4 ਜੰਗਲੀ ਹਾਥੀਆਂ ਦੀ ਮੌਤ ਤੇ 5 ਗੰਭੀਰ ਰੂਪ ਵਿੱਚ ਹਨ ਬੀਮਾਰ

post-img

ਬੰਧਵਗੜ੍ਹ ਟਾਈਗਰ ਰਿਜ਼ਰਵ ਵਿੱਚ 4 ਜੰਗਲੀ ਹਾਥੀਆਂ ਦੀ ਮੌਤ ਤੇ 5 ਗੰਭੀਰ ਰੂਪ ਵਿੱਚ ਹਨ ਬੀਮਾਰ ਮੱਧ ਪ੍ਰਦੇਸ਼ : ਭਾਰਤ ਦੇਸ਼ ਦੇ ਸੂਬੇ ਮੱਧ ਪ੍ਰਦੇਸ਼ ਦੇ ਉਮਰੀਆ ਜਿ਼ਲ੍ਹੇ ਵਿੱਚ ਸਥਿਤ ਬੰਧਵਗੜ੍ਹ ਟਾਈਗਰ ਰਿਜ਼ਰਵ ਵਿੱਚ ਮੰਗਲਵਾਰ ਨੂੰ ਚਾਰ ਹਾਥੀਆਂ ਦੀ ਦਰਦਨਾਕ ਮੌਤ ਹੋ ਗਈ ਤੇ ਪੰਜ ਹੋਰ ਹਾਥੀ ਗੰਭੀਰ ਰੂਪ ਵਿੱਚ ਬਿਮਾਰ ਪਾਏ ਗਏ ਹਨ। ਇਸ ਘਟਨਾ ਤੋਂ ਬਾਅਦ ਜੰਗਲੀ ਜੀਵ ਸਿਹਤ ਅਧਿਕਾਰੀਆਂ ਅਤੇ ਮਾਹਿਰਾਂ ਦੀਆਂ ਕਈ ਟੀਮਾਂ ਨੂੰ ਤੁਰੰਤ ਸਰਗਰਮ ਕਰ ਦਿੱਤਾ ਗਿਆ, ਜਿਨ੍ਹਾਂ ਵਿੱਚ ਬੰਧਵਗੜ੍ਹ ਤੋਂ ਫੋਰੈਂਸਿਕ ਟੀਮ ਦੇ ਨਾਲ-ਨਾਲ ਸਕੂਲ ਆਫ ਵਾਈਲਡ ਲਾਈਫ ਫੋਰੈਂਸਿਕ ਐਂਡ ਹੈਲਥ, ਜਬਲਪੁਰ ਵੀ ਸ਼ਾਮਲ ਹੈ । ਬਿਮਾਰ ਹਾਥੀਆਂ ਦਾ ਇਲਾਜ ਜਾਰੀ ਹੈ ਅਤੇ ਉਨ੍ਹਾਂ ਦੀ ਸਥਿਤੀ `ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ । ਜਾਣਕਾਰੀ ਅਨੁਸਾਰ 29 ਅਕਤੂਬਰ ਦੀ ਦੁਪਹਿਰ ਨੂੰ ਨਿਯਮਤ ਗਸ਼ਤ ਦੌਰਾਨ ਬੰਧਵਗੜ੍ਹ ਟਾਈਗਰ ਰਿਜ਼ਰਵ ਦੇ ਸਟਾਫ਼ ਨੇ ਖਟੌਲੀ ਅਤੇ ਪਤੌਰ ਕੋਰ ਰੇਂਜ ਦੇ ਸਲਕਣੀਆਂ ਬੀਟ ਆਰ. ਐਫ. 384 ਅਤੇ ਪੀਐਫ 183 ਏ ਵਿੱਚ ਕੁੱਲ 4 ਜੰਗਲੀ ਹਾਥੀਆਂ ਨੂੰ ਮ੍ਰਿਤਕ ਪਾਇਆ । ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਦੀਆਂ ਕਈ ਟੀਮਾਂ ਨੇ ਆਸ-ਪਾਸ ਦੇ ਇਲਾਕੇ ਦੀ ਤਲਾਸ਼ੀ ਲਈ ਤਾਂ 5 ਹੋਰ ਹਾਥੀਆਂ ਨੂੰ ਜ਼ਮੀਨ `ਤੇ ਬਿਮਾਰ ਹਾਲਤ `ਚ ਪਏ ਮਿਲੇ । ਇਸ ਝੁੰਡ ਵਿੱਚ ਕੁੱਲ 13 ਹਾਥੀ ਦੱਸੇ ਜਾਂਦੇ ਹਨ, ਜਿਨ੍ਹਾਂ ਵਿੱਚੋਂ 1 ਨਰ ਅਤੇ 3 ਮਾਦਾਵਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ 5 ਹਾਥੀ ਗੈਰ-ਸਿਹਤਮੰਦ ਅਤੇ 4 ਸਿਹਤਮੰਦ ਪਾਏ ਗਏ। ਸਾਰੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ । ਇਸ ਤੋਂ ਇਲਾਵਾ, ਬੰਧਵਗੜ੍ਹ ਅਤੇ ਸਕੂਲ ਆਫ ਵਾਈਲਡਲਾਈਫ ਫੋਰੈਂਸਿਕ ਐਂਡ ਹੈਲਥ, ਜਬਲਪੁਰ ਤੋਂ ਜੰਗਲੀ ਜੀਵ ਸਿਹਤ ਅਧਿਕਾਰੀਆਂ ਅਤੇ ਜੰਗਲੀ ਜੀਵ ਪਸ਼ੂਆਂ ਦੇ ਡਾਕਟਰਾਂ ਦੀ ਮੈਡੀਕਲ ਟੀਮ ਜੰਗਲੀ ਹਾਥੀਆਂ ਦਾ ਹਰ ਸੰਭਵ ਇਲਾਜ ਕਰ ਰਹੀ ਹੈ । ਐਸ. ਟੀ. ਐਸ. ਐਫ. ਜਬਲਪੁਰ ਅਤੇ ਭੋਪਾਲ ਦੀਆਂ ਟੀਮਾਂ ਵੀ ਜਾਂਚ ਲਈ ਬੰਧਵਗੜ੍ਹ ਪਹੁੰਚ ਗਈਆਂ ਹਨ । ਪਾਰਕ ਪ੍ਰਬੰਧਨ ਅਤੇ ਜੰਗਲੀ ਜੀਵ ਡਾਕਟਰ ਵੀ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ, ਦੇਹਰਾਦੂਨ ਦੇ ਮਾਹਿਰਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਗੈਰ-ਸਿਹਤਮੰਦ ਹਾਥੀਆਂ ਦਾ ਇਲਾਜ ਚੱਲ ਰਿਹਾ ਹੈ । ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹਾਥੀਆਂ ਨੇ ਕੋਈ ਜ਼ਹਿਰੀਲਾ ਜਾਂ ਨਸ਼ੀਲਾ ਪਦਾਰਥ ਖਾ ਲਿਆ ਹੋਵੇਗਾ । ਫਿਲਹਾਲ ਕਿਸੇ ਅਧਿਕਾਰਤ ਪੁਸ਼ਟੀ ਲਈ ਪੋਸਟ ਮਾਰਟਮ ਦੀ ਰਿਪੋਰਟ ਦੀ ਉਡੀਕ ਹੈ ।

Related Post