ਆਵਾਰਾ ਕੁੱਤਿਆਂ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਲਿਆ ਨੋਟਿਸ ਨਵੀਂ ਦਿੱਲੀ, 7 ਜਨਵਰੀ 2026 : ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੇ ਮਾਮਲੇ 'ਚ ਉਸ ਦੇ ਸਾਹਮਣੇ ਦਾਇਰ ਕੀਤੀਆਂ ਜਾ ਰਹੀਆਂ ਅੰਤ੍ਰਿਮ ਅਰਜ਼ੀਆਂ ਦੀ ਗਿਣਤੀ ਦਾ ਮੰਗਲਵਾਰ ਨੋਟਿਸ ਲਿਆ ਤੇ ਕਿਹਾ ਕਿ ਆਮ ਤੌਰ 'ਤੇ ਇਨਸਾਨਾਂ ਦੇ ਮਾਮਲਿਆਂ 'ਚ ਵੀ ਇੰਨੀ ਵੱਡੀ ਗਿਣਤੀ 'ਚ ਅਰਜ਼ੀਆਂ ਨਹੀਂ ਆਉਂਦੀਆਂ। ਜਸਟਿਸ ਵਿਕਰਮ ਨਾਥ ਤੇ ਸੰਦੀਪ ਮਹਿਤਾ ਦੀ ਬੈਂਚ ਨੇ ਇਹ ਟਿੱਪਣੀਆਂ ਉਦੋਂ ਕੀਤੀਆਂ ਜਦੋਂ 2 ਵਕੀਲਾਂ ਨੇ ਆਵਾਰਾ ਕੁੱਤਿਆਂ ਦਾ ਮੁੱਦਾ ਉਠਾਇਆ । ਇਕ ਵਕੀਲ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ 'ਚ ਇਕ ਅੰਤ੍ਰਿਮ ਪਟੀਸ਼ਨ ਦਾਇਰ ਕੀਤੀ ਹੈ । ਇਨਸਾਨਾਂ ਦੇ ਮਾਮਲਿਆਂ 'ਚ ਵੀ ਆਮ ਤੌਰ 'ਤੇ ਇੰਨੀਆਂ ਅਰਜ਼ੀਆਂ ਨਹੀਂ ਮਿਲਦੀਆਂ : ਜਸਟਿਸ ਮਹਿਤਾ ਜਸਟਿਸ ਮਹਿਤਾ ਨੇ ਟਿੱਪਣੀ ਕੀਤੀ ਕਿ ਇਨਸਾਨਾਂ ਦੇ ਮਾਮਲਿਆਂ 'ਚ ਵੀ ਆਮ ਤੌਰ 'ਤੇ ਇੰਨੀਆਂ ਅਰਜ਼ੀਆਂ ਨਹੀਂ ਮਿਲਦੀਆਂ । ਆਵਾਰਾ ਕੁੱਤਿਆਂ ਦੇ ਮਾਮਲੇ ਦੀ ਸੁਣਵਾਈ ਬੁੱਧਵਾਰ ਸੁਪਰੀਮ ਕੋਰਟ 'ਚ ਹੋਵੇਗੀ । ਜਦੋਂ ਇਕ ਹੋਰ ਵਕੀਲ ਨੇ ਇਸ ਮਾਮਲੇ 'ਚ ਟ੍ਰਾਂਸਫਰ ਪਟੀਸ਼ਨ ਦਾ ਜ਼ਿਕਰ ਕੀਤਾ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਬੁੱਧਵਾਰ ਕਈ ਪਟੀਸ਼ਨਾਂ 'ਤੇ ਸੁਣਵਾਈ ਕੀਤੀ ਜਾਵੇਗੀ। ਬੈਂਚ ਸਾਰੇ ਵਕੀਲਾਂ ਨੂੰ ਸੁਣੇਗਾ । ਤਿੰਨ ਜੱਜਾਂ ਦਾ ਬੈਂਚ ਅੱਜ ਫਿਰ ਕਰੇਗਾ ਸੁਣਵਾਈ ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਤੇ ਜਸਟਿਸ ਐੱਨ. ਵੀ. ਅੰਜਾਰੀ ਦੀ 3 ਜੱਜਾਂ ਦੀ ਵਿਸ਼ੇਸ਼ ਬੈਂਚ ਬੁੱਧਵਾਰ ਇਸ ਮਾਮਲੇ ਦੀ ਸੁਣਵਾਈ ਕਰੇਗੀ । ਵਿੱਦਿਅਕ ਅਦਾਰਿਆਂ, ਹਸਪਤਾਲਾਂ ਤੇ ਰੇਲਵੇ ਸਟੇਸ਼ਨਾਂ ਵਰਗੇ ਖੇਤਰਾਂ 'ਚ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ 'ਚ ਚਿੰਤਾਜਨਕ ਵਾਧੇ ਨੂੰ ਧਿਆਨ 'ਚ ਰੱਖਦੇ ਹੋਏ ਸੁਪਰੀਮ ਕੋਰਟ ਨੇ ਪਿਛਲੇ ਸਾਲ 7 ਨਵੰਬਰ ਨੂੰ ਨਿਰਦੇਸ਼ ਦਿੱਤਾ ਸੀ ਕਿ ਆਵਾਰਾ ਕੁੱਤਿਆਂ ਨੂੰ ਸਹੀ ਨਸਬੰਦੀ ਤੇ ਟੀਕਾਕਰਨ ਤੋਂ ਬਾਅਦ ਤੁਰੰਤ ਨਿਰਧਾਰਤ ਆਸਰਾ ਥਾਵਾਂ 'ਚ ਤਬਦੀਲ ਕੀਤਾ ਜਾਵੇ ।
