ਕਾਰੋਬਾਰੀ ਦੇ ਕਤਲ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ
- by Jasbeer Singh
- February 16, 2026
ਕਾਰੋਬਾਰੀ ਦੇ ਕਤਲ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ ਨਵੀਂ ਦਿੱਲੀ, 16 ਫਰਵਰੀ 2026 : ਉੱਤਰੀ ਦਿੱਲੀ ਦੇ ਬਾਹਰੀ ਇਲਾਕੇ `ਚ ਸਥਿਤ ਬਵਾਨਾ ਉਦਯੋਗਿਕ ਖੇਤਰ `ਚ ਹਾਲ ਹੀ ਵਿਚ ਕਾਰੋਬਾਰੀ ਵੈਭਵ ਗਾਂਧੀ (35) ਦੇ ਕਤਲ ਦੇ ਮਾਮਲੇ ਵਿਚ ਲਾਰੈਂਸ ਬਿਸ਼ਨੋਈ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ । ਪੁਲਸ ਅਧਿਕਾਰੀ ਨੇ ਦਿੱਤੀ ਗੈਂਗ ਮੈਂਬਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਾਣਕਾਰੀ ਅਧਿਕਾਰੀ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ `ਤੇ ਪੁਲਸ ਨੇ ਕੁਝ ਸ਼ੱਕੀਆਂ ਨੂੰ ਰੋਕਿਆ। ਇਹ ਚੁਣੌਤੀ ਦਿੱਤੇ ਜਾਣ `ਤੇ ਮੁਲਜ਼ਮਾਂ ਨੇ ਕਥਿਤ ਤੌਰ `ਤੇ ਭੱਜਣ ਦੀ ਕੋਸਿ਼ਸ਼ ਵਿਚ ਪੁਲਸ ਟੀਮ `ਤੇ ਗੋਲੀ ਚਲਾ ਦਿੱਤੀ, ਜਿਸ ਦੇ ਜਵਾਬ `ਚ ਪੁਲਸ ਮੁਲਾਜ਼ਮਾਂ ਨੇ ਆਤਮ-ਰੱਖਿਆ `ਚ ਜਵਾਬੀ ਕਾਰਵਾਈ ਕੀਤੀ । ਮੁਕਾਬਲੇ ਦੌਰਾਨ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ 2 ਹੋਰਾਂ ਨੂੰ ਬਾਅਦ `ਚ ਕਾਬੂ ਕੀਤਾ ਗਿਆ । ਪਲਾਸਟਿਕ ਦਾਣਿਆਂ ਨਿਰਮਾਤਾ ਵੈਭਵ ਗਾਂਧੀ ਦਾ 9 ਫਰਵਰੀ ਨੂੰ ਦੁਪਹਿਰ ਕਰੀਬ 12:50 ਵਜੇ ਡੀ. ਐੱਸ. ਆਈ. ਡੀ. ਸੀ. ਉਦਯੋਗਿਕ ਖੇਤਰ ਦੇ ਸੈਕਟਰ ਚਾਰ `ਚ ਸਥਿਤ ਉਨ੍ਹਾਂ ਦੀ ਫੈਕਟਰੀ ਕੋਲ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
