
ਪੰਜਾਬੀ ਯੂਨੀਵਰਸਿਟੀ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
- by Jasbeer Singh
- May 24, 2025

ਪੰਜਾਬੀ ਯੂਨੀਵਰਸਿਟੀ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਪਟਿਆਲਾ, 24 ਮਈ : ਪੰਜਾਬੀ ਯੂਨੀਵਰਸਿਟੀ ਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਵੱਲੋਂ ਵਰਲਡ ਪੰਜਾਬੀ ਸੈਂਟਰ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਪੁੱਜੇ ਡਾ. ਸੁਰਿੰਦਰ ਧੰਜਲ, ਪ੍ਰੋਫ਼ੈਸਰ ਅਮੈਰੀਟਸ, ਥਾਮਸਨ ਰਿਵਰਜ਼ ਯੂਨੀਵਰਸਿਟੀ, ਕੈਮਲੂਪਸ, ਕੈਨੇਡਾ ਨੇ ਗ਼ਦਰ ਲਹਿਰ ਦੇ ਅਜ਼ਾਦੀ ਸੰਗਰਾਮ ਵਿਚ ਪਾਏ ਯੋਗਦਾਨ ਬਾਰੇ ਚਰਚਾ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਅਦੁੱਤੀ ਸ਼ਹੀਦੀ ਨੂੰ ਪੰਜਾਬ ਦੀ ਇਕਨਲਾਬੀ ਵਿਰਾਸਤ ਨਾਲ ਜੋੜ ਕੇ ਵਿਚਾਰ ਪ੍ਰਗਟਾਏ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਦੀਆਂ ਵੱਖ–ਵੱਖ ਘਟਨਾਵਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਰਾਭਾ ਨੇ ਬਹੁਤ ਛੋਟੀ ਉਮਰ ਵਿਚ ਹੀ ਗ਼ਦਰ ਲਹਿਰ ਨਾਲ ਜੁੜ ਕੇ ਦੇਸ਼ ਨੂੰ ਸਾਮਰਾਜਵਾਦ ਤੋਂ ਆਜ਼ਾਦ ਕਰਵਾਉਣ ਦਾ ਟੀਚਾ ਮਿੱਥ ਲਿਆ ਸੀ। ਇਸ ਟੀਚੇ ਨੂੰ ਉਨ੍ਹਾਂ ਆਪਣੇ ਸਾਥੀਆਂ ਸਮੇਤ ਫ਼ਾਂਸੀ 'ਤੇ ਚੜ੍ਹ ਕੇ ਪ੍ਰਾਪਤ ਕਰਨ ਦੇ ਯਤਨ ਕੀਤੇ ਜਿੰਨ੍ਹਾਂ ਨੂੰ ਬਾਅਦ ਵਿਚ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਊਧਮ ਸਿੰਘ ਵਰਗੇ ਯੋਧਿਆਂ ਨੇ ਜਾਰੀ ਰੱਖਿਆ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਡਾ. ਰਜਿੰਦਰਪਾਲ ਸਿੰਘ ਬਰਾੜ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਇਨਕਲਾਬੀ ਸਿਆਸਤ ਦੀਆਂ ਕਈ ਗੰਭੀਰ ਸਮੱਸਿਆਵਾਂ ਬਾਰੇ ਗੱਲ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਅੱਜ ਸਾਨੂੰ ਲੋੜ ਹੈ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਤੋਂ ਸੇਧ ਲੈ ਕੇ ਅੱਗੇ ਵਧਿਆ ਜਾਵੇ। ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਤੇ ਵਿਚਾਰਾਂ ਬਾਰੇ ਗੱਲ ਕਰਦਿਆਂ ਬਾਬਾ ਸੋਹਨ ਸਿੰਘ ਭਕਨਾ ਅਤੇ ਗ਼ਦਰ ਪਾਰਟੀ ਦੇ ਕੰਮਾਂ ਬਾਰੇ ਚਾਨਣਾ ਪਾਇਆ। ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਕੋਆਰਡੀਨੇਟਰ ਡਾ. ਭੀਮ ਇੰਦਰ ਸਿੰਘ ਵੱਲੋਂ ਮੰਚ ਸੰਚਾਲਨ ਕੀਤਾ ਗਿਆ। ਇਸ ਸਮਾਗਮ ਦੇ ਸ਼ੁਰੂ ਵਿਚ ਸੰਗੀਤ ਵਿਭਾਗ ਦੇ ਅਧਿਆਪਕ ਰਾਜਿੰਦਰ ਸਿੰਘ ਅਤੇ ਡਾ. ਨਿਰਮਲ ਨਿੰਮਾ ਵੱਲੋਂ ਇਨਕਲਾਬੀ ਗੀਤਾਂ ਦਾ ਗਾਇਨ ਕੀਤਾ ਗਿਆ। ਸਮਾਗਮ ਵਿਚ ਆਏ ਮਹਿਮਾਨਾਂ ਦਾ ਰਸਮੀ ਧੰਨਵਾਦ ਸ੍ਰੀ ਦਿਆਲ ਸਿੰਘ ਗਿੱਲ ਐਸ.ਡੀ.ਓ. ਵੱਲੋ਼ ਕੀਤਾ ਗਿਆ। ਇਸ ਸਮਾਗਮ ਵਿਚ ਡਾ. ਚਰਨਜੀਤ ਕੌਰ, ਡਾ. ਵੀਰਪਾਲ ਕੌਰ, ਡਾ. ਜਸਪਾਲ ਦਿਓਲ, ਬਲੀਜੀਤ ਸਿੰਘ ਕਲਾਕਾਰ, ਅਰਵਿੰਦਰ ਕੌਰ, ਨਰਿੰਦਰ ਪਾਲ ਸਿੰਘ ਅਤੇ ਹੋਰ ਵੱਡੀ ਗਿਣਤੀ ਵਿਚ ਖੋਜਾਰਥੀ ਤੇ ਵਿਦਿਆਰਥੀ ਸ਼ਾਮਲ ਹੋਏ।
Related Post
Popular News
Hot Categories
Subscribe To Our Newsletter
No spam, notifications only about new products, updates.