post

Jasbeer Singh

(Chief Editor)

Patiala News

ਬਾਲ ਰੰਗਮੰਚ ਉਤਸਵ ਦੇ ਦੂਜੇ ਦਿਨ ਏ. ਆਈ. ਦੀਆਂ ਪਰਤਾਂ ਫੋਲਦੇ ਨਾਟਕ '2034' ਦੀ ਹੋਈ ਸ਼ਾਨਦਾਰ ਪੇਸ਼ਕਾਰੀ

post-img

ਬਾਲ ਰੰਗਮੰਚ ਉਤਸਵ ਦੇ ਦੂਜੇ ਦਿਨ ਏ. ਆਈ. ਦੀਆਂ ਪਰਤਾਂ ਫੋਲਦੇ ਨਾਟਕ '2034' ਦੀ ਹੋਈ ਸ਼ਾਨਦਾਰ ਪੇਸ਼ਕਾਰੀ -ਸਰਕਾਰੀ ਸਕੂਲਾਂ ਦੇ ਹੋਣਹਾਰ ਬੱਚਿਆਂ ਦਾ ਕੀਤਾ ਸਨਮਾਨ ਪਟਿਆਲਾ, 16 ਦਸੰਬਰ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਦੇ ਸਹਿਯੋਗ ਨਾਲ਼ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਕਰਵਾਏ ਜਾ ਰਹੇ 'ਤਿੰਨ ਰੋਜ਼ਾ ਬਾਲ ਰੰਗਮੰਚ ਉਤਸਵ' ਦੇ ਦੂਜੇ ਦਿਨ ਸਰਕਾਰੀ ਹਾਈ ਸਕੂਲ ਮੰਡੌਲੀ ਦੇ ਬੱਚਿਆਂ ਨੇ ਡਾ. ਕੁਲਦੀਪ ਸਿੰਘ ਦੀਪ ਰਚਿਤ ਅਤੇ ਗੁਰਦੀਪ ਗਾਮੀਵਾਲਾ ਵੱਲੋਂ ਨਿਰਦੇਸ਼ਿਤ ਆਰਟੀਫੀਸ਼ਲ ਇੰਟੈਲੀਜੈਂਸ ਦੀਆਂ ਪਰਤਾਂ ਫੋਲਦਾ ਨਾਟਕ ‘2034’ ਬਕਮਾਲ ਅਦਾਕਾਰੀ ਰਾਹੀਂ ਪੇਸ਼ ਕੀਤਾ । ਇਹ ਨਾਟਕ ਇਸ ਥੀਮ 'ਤੇ ਅਧਾਰਤ ਸੀ ਕਿ ਅਸੀਂ ਇੱਕ ਪਾਸੇ ਮਸ਼ੀਨਾਂ ਨੂੰ ਬੰਦੇ ਬਣਾਉਣ ਵਾਲੇ ਪਾਸੇ ਤੁਰ ਪਏ ਹਾਂ ਪਰ ਦੂਜੇ ਪਾਸੇ ਬੰਦੇ ਸੰਵੇਦਨਹੀਨ ਮਸ਼ੀਨਾਂ ਬਣ ਰਹੇ ਹਨ । ਨਾਟਕ ਸਪਸ਼ਟ ਤੌਰ ਤੇ ਇਹ ਸੰਦੇਸ਼ ਦਿੰਦਾ ਹੈ ਕਿ ਜੇਕਰ ਰੋਬੋ ਵਰਗੇ ਮਸ਼ੀਨੀ ਘੋੜਿਆਂ ਨੂੰ ਵਰਤਣਾ ਸਮੇਂ ਦੀ ਲੋੜ ਹੈ ਤਾਂ ਇਸ ਦੀਆਂ ਲਗਾਮਾਂ ਕਸ ਕੇ ਰੱਖਣਾ ਉਸ ਤੋਂ ਵੀ ਵੱਡੀ ਲੋੜ ਹੈ । ਇਸ ਉਤਸਵ ਦੇ ਦੂਜੇ ਦਿਨ ਦੀ ਦੂਜੀ ਪੇਸ਼ਕਾਰੀ ਸਰਕਾਰੀ ਪ੍ਰਾਇਮਰੀ ਸਕੂਲ ਮੰਡੌਲੀ ਦੇ ਛੋਟੇ ਛੋਟੇ ਬੱਚਿਆਂ ਦੁਆਰਾ ਪੇਸ਼ ਕੀਤਾ ਗਿਆ ਸੰਗੀਤ ਨਾਟਕ ‘ਕਿੱਥੇ ਗਈਆਂ ਖੇਡਾਂ ਕਿੱਕਲੀ ਕਲੀਰ ਦੀਆਂ’ ਸੀ । ਉੱਘੇ ਨਿਰਦੇਸ਼ਕ ਸਤਪਾਲ ਬੰਗਾ ਅਤੇ ਪ੍ਰਿਤਪਾਲ ਸਿੰਘ ਚਹਿਲ ਦੀ ਨਿਰਦੇਸ਼ਨਾ ਹੇਠ ਪੇਸ਼ ਇਸ ਸੰਗੀਤ ਨਾਟਕ ਰਾਹੀਂ ਪੰਜਾਬ ਦੀਆਂ ਵਿਰਾਸਤੀ ਖੇਡਾਂ ਦੇ ਮੁਕਾਬਲੇ ਪੈਦਾ ਹੋ ਰਿਹਾ ਇਲੈਕਟਰੋਨਿਕ ਤੇ ਆਨਲਾਈਨ ਖੇਡਾਂ ਦਾ ਸੱਭਿਆਚਾਰ ਅਤੇ ਇਸ ਨਵੇਂ ਸੱਭਿਆਚਾਰ ਵਿੱਚ ਗੁਆਚ ਰਹੇ ਪਰਿਵਾਰਿਕ ਰਿਸ਼ਤਿਆਂ ਨੂੰ ਵਿਸ਼ਾ ਬਣਾਇਆ ਗਿਆ ਸੀ । ਨਿੱਕੇ ਨਿੱਕੇ ਬੱਚਿਆਂ ਨੇ ਮੰਚ ‘ਤੇ ਵੱਖ ਵੱਖ ਬਲਾਕਿੰਗ ਕੁਲਾਜ ਬਣਾਉਂਦੇ ਹੋਏ ਬਹੁਤ ਖੂਬਸੂਰਤੀ ਨਾਲ ਸਮਾਜ ਵਿੱਚ ਹੋ ਰਹੇ ਸੱਭਿਆਚਾਰਕ ਰੂਪਾਂਤਰਨ ਨੂੰ ਦਰਸਾਇਆ। ਉਤਸਵ ਦਾ ਆਗਾਜ਼ ਅਰਸ਼ਪ੍ਰੀਤ ਕੌਰ ਪੰਜੋਲੀ ਦੀ ਕਵਿਤਾ ‘ਮੁਰਦਿਆਂ ਦਾ ਦੇਸ਼’ ਨਾਲ ਹੋਈ। ਇਸੇ ਤਰ੍ਹਾਂ ਜਸ਼ਨਪ੍ਰੀਤ ਸਿੰਘ ਨੇ ਆਪਣੇ ਗੀਤ ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਖੂਬਸੂਰਤ ਆਵਾਜ਼ ਵਿੱਚ ਅਕੀਦਤ ਪੇਸ਼ ਕੀਤੀ । ਇਸ ਉਤਸਵ ਦਾ ਇਕ ਹੋਰ ਮੁੱਖ ਆਕਰਸ਼ਣ ਸਰਕਾਰੀ ਪ੍ਰਾਇਮਰੀ ਸਕੂਲ ਧਰਮਕੋਟ ਵਿੱਚ ਪੜ੍ਹਦੀ ਅਮਾਨਤ ਦੀ ਨ੍ਰਿਤ ਪੇਸ਼ਕਾਰੀ ਅਤੇ ਉਸਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਸਨੇ ਡੀਡੀ ਪੰਜਾਬੀ ਦੇ ਰੀਐਲਟੀ ਸ਼ੋਅ ‘ਕਿਸ ਮੇਂ ਕਿਤਨਾ ਹੈ ਦਮ’ ਦੇ ਫਾਈਨਲਿਸਟ ਦੇ ਤੌਰ ਤੇ ਮੁਕਾਮ ਹਾਸਲ ਕੀਤਾ । ਮੁੱਖ ਮਹਿਮਾਨ ਵਜੋਂ ਪੁੱਜੇ ਬਾਲ ਸਾਹਿਤਕਾਰ ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਬਾਲਾਂ ਲਈ ਕੰਮ ਕਰਨਾ ਬਹੁਤ ਜਰੂਰੀ ਵੀ ਹੈ ਤੇ ਬਹੁਤ ਮੁਸ਼ਕਿਲ ਵੀ ਹੈ। ਉਹਨਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਸਾਹਿਤਕ, ਸੱਭਿਆਚਾਰਕ ਅਤੇ ਸਿਰਜਣਾਤਮਕ ਧਰਾਤਲ ‘ਤੇ ਬੱਚਿਆਂ ਲਈ ਵੱਡੇ ਏਜੰਡੇ ਉਲੀਕੇ ਜਾਣੇ ਚਾਹੀਦੇ ਹਨ । ਪ੍ਰਸਿੱਧ ਚਿੰਤਕ ਪ੍ਰੋਫੈਸਰ ਕਿਰਪਾਲ ਕਜਾਕ ਨੇ ਬੱਚਿਆਂ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ ਕਿ ਇਹ ਪਲੇਟਫਾਰਮ ਬੱਚਿਆਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣ ਵਿੱਚ ਮੀਲ ਪੱਥਰ ਸਾਬਤ ਹੋਵੇਗਾ ਉਸਨੇ ਮਾਪਿਆਂ ਨੂੰ ਵਧਾਈ ਦਿੱਤੀ ਕਿ ਜੋ ਮੰਚ ਸਾਡੇ ਵਰਗਿਆਂ ਨੂੰ 40-40 ਸਾਲਾਂ ਬਾਅਦ ਨਸੀਬ ਹੋਇਆ ਉਹ ਇਹਨਾਂ ਬੱਚਿਆਂ ਨੂੰ ਪ੍ਰਾਇਮਰੀ ਵਿੱਚ ਪੜਦਿਆਂ ਨੂੰ ਨਸੀਬ ਹੋ ਗਿਆ ਹੈ । ਡਾ. ਸਤੀਸ਼ ਕੁਮਾਰ ਵਰਮਾ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਆਪਣਾ ਆਸ਼ੀਰਵਾਦ ਦਿੱਤਾ । ਡਾ. ਗੁਰਸੇਵਕ ਲੰਬੀ ਨੇ ਪੰਜਾਬੀ ਵਿਭਾਗ ਦੀ ਪ੍ਰਤੀਨਿਧਤਾ ਕਰਦੇ ਹੋਏ ਇਸ ਬਾਲ ਰੰਗਮੰਚ ਉਤਸਵ ਦੌਰਾਨ ਹੋ ਰਹੀਆਂ ਪੇਸ਼ਕਾਰੀਆਂ ਦੀ ਖੂਬ ਸਰਾਹਨਾ ਕਰਦੇ ਹੋਏ ਕਿਹਾ ਕਿ ਇਹ ਬਾਲਾਂ ਲਈ ਇੱਕ ਇਤਿਹਾਸਿਕ ਕਾਰਜ ਹੈ। ਪ੍ਰਸਿੱਧ ਸਿਨੇਮਾ ਅਦਾਕਾਰ ਨਿਰਭੈ ਧਾਲੀਵਾਲ ਨੇ ਨਿਰਣਾਕਾਰ ਦੀ ਸੇਵਾ ਨਿਭਾਉਂਦਿਆਂ ਦੋ ਬੈਸਟ ਐਕਟਰ ਤੇ ਦੋ ਬੈਸਟ ਐਕਟਰੈਸ ਦੀ ਚੋਣ ਕੀਤੀ । ਮੰਚ ਸੰਚਾਲਨ ਸ਼ਾਇਰ ਜਗਪਾਲ ਚਹਿਲ ਨੇ ਕੀਤਾ ਅਤੇ ਇਸ ਪ੍ਰੋਗਰਾਮ ਵਿੱਚ ਮੈਡਮ ਬਲਵਿੰਦਰ ਕੌਰ, ਦਲੀਪ ਸਿੰਘ ਉੱਪਲ, ਓ. ਪੀ. ਗਰਗ, ਮੈਡਮ ਸੁਖਦੀਪ ਕੌਰ, ਚਰਨਜੀਤ ਕੌਰ, ਪਲੇ ਬੈਕ ਸਿੰਗਰ ਭੁਪਿੰਦਰ ਉਡਤ, ਅਦਾਕਾਰ ਚਮਕੌਰ ਬਿੱਲਾ, ਰੂਹੀ ਸਿੰਘ, ਸੰਦੀਪ ਵਾਲੀਆ, ਡਾ. ਇਕਬਾਲ ਸੋਮੀਆ, ਹਰਮਨ ਚੌਹਾਨ ਅਤੇ ਪੇਸ਼ਕਾਰੀ ਕਰਨ ਵਾਲੇ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ।

Related Post