

ਪੁਸਤਕ 'ਨਾਨਕ ਵੇਲਾ' ਉੱਪਰ ਵਿਚਾਰ ਗੋਸ਼ਟੀ ਆਯੋਜਿਤ - 100 ਤੋਂ ਵੱਧ ਬੁੱਧੀਜੀਵੀਆਂ, ਲੇਖਕਾਂ ਤੇ ਚਿੰਤਕਾਂ ਨੇ ਕੀਤੀ ਸ਼ਿਰਕਤ 1 ਜੁਲਾਈ 2025 : ਫਰੈਂਡਸ ਆਫ ਸੋਸ਼ਲਿਜਮ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਡਾ. ਜਗਦੀਸ਼ ਪਾਪੜਾ ਦੀ ਨਿਵੇਕਲੀ ਪੁਸਤਕ 'ਨਾਨਕ ਵੇਲਾ' ਉੱਪਰ ਵਿਚਾਰ ਗੋਸ਼ਟੀ ਕਰਵਾਈ ਗਈ। ਜਿਸ ਦੌਰਾਨ 100 ਤੋਂ ਵੱਧ ਲੇਖਕਾਂ, ਬੁੱਧੀਜੀਵੀਆਂ ਅਤੇ ਚਿੰਤਕਾਂ ਨੇ ਸ਼ਿਰਕਤ ਕਰਕੇ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਇਸ ਨਿਵੇਕਲੀ ਪੁਸਤਕ ਸਬੰਧੀ ਗੱਲਬਾਤ ਕਰਦਿਆਂ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਪੰਦਰਵੀਂ ਤੇ 16ਵੀਂ ਸਦੀ ਵਿੱਚ ਜਿਸ ਕਿਸਮ ਦੇ ਵਰਤਾਰੇ, ਚਰਚੇ ਦੇ ਸੰਕਟ, ਵਿਗਿਆਨ ਦੀਆਂ ਲੱਭਤਾਂ, ਛਾਪਾਖਾਨਾ ਦੀ ਸ਼ੁਰੂਆਤ, ਰਾਜਨੀਤੀ 'ਚ ਨਵੇਂ ਕਾਇਦੇ ਕਾਨੂੰਨ ਲਾਗੂ ਕਰਨੇ ਤੇ ਉਸ ਹੀ ਸਮੇਂ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਆਗਮਨ ਹੋ ਰਿਹਾ ਸੀ, ਨਵੀਂ ਚੇਤਨਾ ਤੇ ਭਗਤੀ ਲਹਿਰ ਉਤਪੰਨ ਹੋ ਰਹੀ ਸੀ। ਇਹਨਾਂ ਸੰਦਰਭਾਂ 'ਚ ਲਿਖੀ ਕਿਤਾਬ ਬੜੀ ਮੁੱਲਵਾਨ ਹੈ। ਇਸ ਮੌਕੇ ਮੁੱਖ ਵਕਤਾ ਪ੍ਰੋਫੈਸਰ ਬਾਵਾ ਸਿੰਘ ਨੇ ਕਿਹਾ ਕਿ ਪੁਨਰ ਜਾਗਰਿਤੀ ਦੀ ਪੱਛਮ ਵਿੱਚ ਲਹਿਰ ਚੱਲ ਰਹੀ ਸੀ, ਜਿਹੜੀ ਮੁੜ 17ਵੀਂ ਸਦੀ ਵਿੱਚ ਗਿਆਨ ਤੇ ਰੋਸ਼ਨੀ ਦਿਮਾਗ ਉਤਪੰਨ ਕਰਨ ਦੀ ਲਹਿਰ 'ਚ ਬਦਲ ਗਈ। ਜਦੋਂ ਹਰੇਕ ਖੇਤਰ ਵਿੱਚ ਰੱਬ ਦੀ ਥਾਂ ਮਨੁੱਖ ਕੇਂਦਰ ਆ ਗਿਆ। ਹੁਣ 20ਵੀਂ 21ਵੀਂ ਸਦੀ ਵਿੱਚ ਪੂੰਜੀਵਾਦ ਨੇ ਸਮੁੱਚੀ ਦੁਨੀਆਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਇਸ ਦੇ ਬਦਲਦੀਆਂ ਲਹਿਰਾਂ ਬਾਰੇ ਕਾਰਜ ਕਰਨ ਦੀ ਜਰੂਰਤ ਹੈ। ਇਸ ਤੋਂ ਇਲਾਵਾ ਇਤਿਹਾਸਕਾਰ ਸਤਨਾਮ ਚਾਨਾ ਨੇ ਕਿਹਾ ਕਿ ਅਸੀਂ ਆਪਣੇ ਗਿਆਨ ਨੂੰ ਘਟਾਅ ਕੇ ਦੇਖ ਰਹੇ ਹਾਂ ਤੇ ਪੱਛਮ ਦੇ ਗਿਆਨ ਨੂੰ ਵਧਾਅ ਕੇ ਦਰਸਾਅ ਰਹੇ ਹਾਂ, ਇਹ ਹੀ ਸਾਡੀ ਤਰਾਸਦੀ ਹੈ। ਉਹਨਾਂ ਕਿਹਾ ਕਿ ਹੁਣ ਵੀ ਸਾਨੂੰ ਸਾਡੇ ਇਤਿਹਾਸਿਕ ਸਰੋਤਾਂ ਦਾ ਮੁੜ ਮੁਲਾਂਕਣ ਦੀ ਪ੍ਰਕਿਰਿਆ ਚਲਾਉਣੀ ਚਾਹੀਦੀ ਹੈ। ਅਖੀਰ ਵਿੱਚ ਕਿਤਾਬ ਦੇ ਲੇਖਕ ਡਾ. ਜਗਦੀਸ਼ ਪਾਪੜਾ ਨੇ ਕਿਹਾ ਕਿ ਪੰਜਾਬ ਵਿੱਚ ਚਿੰਤਨ ਲਹਿਰ ਖੜੀ ਕਰਨੀ ਅਜੋਕੇ ਸਮੇਂ ਦੀ ਅਹਿਮ ਲੋੜ ਹੈ। ਉਹਨਾਂ ਅੱਗੇ ਕਿਹਾ ਕਿ ਹੁਣ ਦੇ ਸਮੇਂ ਦੇ ਗਿਆਨ ਦੀਆਂ ਨਵੀਆਂ ਚੁਣੌਤੀਆਂ ਦੇ ਪ੍ਰਸੰਗ ਵਿੱਚ ਕਾਰਜ ਕਰਨ ਲਈ ਨਵੇਂ ਚਿੰਤਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਪ੍ਰੋਫੈਸਰ ਅਰਵਿੰਦਰ ਕਾਕੜਾ, ਡਾ. ਦਰਸ਼ਨ ਪਾਲ, ਜਗਮੋਹਨ ਪਟਿਆਲਾ, ਵਿਧੂ ਸ਼ੇਖਰ, ਗੁਰਮੀਤ ਦਿੱਤੂਪੁਰ ਅਤੇ ਰਣਜੀਤ ਲਹਿਰਾਗਾਗਾ ਸਮੇਤ ਹੋਰ ਵੱਖ-ਵੱਖ ਸ਼ਖਸ਼ੀਅਤਾਂ ਹਾਜ਼ਰ ਸਨ।