
ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਪ੍ਰੋ. ਰਾਮ ਪ੍ਰਕਾਸ਼ ਭਾਂਬਾ ਦੀ ਯਾਦ ਨੂੰ ਸਮਰਪਿਤ ਭਾਸ਼ਣ ਕਰਵਾਇਆ
- by Jasbeer Singh
- May 30, 2025

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਖੇ ਪ੍ਰੋ. ਰਾਮ ਪ੍ਰਕਾਸ਼ ਭਾਂਬਾ ਦੀ ਯਾਦ ਨੂੰ ਸਮਰਪਿਤ ਭਾਸ਼ਣ ਕਰਵਾਇਆ ਪਟਿਆਲਾ, 30 ਮਈ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਪ੍ਰੋਫ਼ੈਸਰ ਰਾਮ ਪ੍ਰਕਾਸ਼ ਭਾਂਬਾ ਦੀ ਯਾਦ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਇਹ ਭਾਸ਼ਣ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ. ਸੀ.) ਦੇ ਡਾਇਰੈਕਟਰ ਦਲਜੀਤ ਅਮੀ ਨੇ ਦਿੱਤਾ। ਜਿ਼ਕਰਯੋਗ ਹੈ ਕਿ ਉੱਘੇ ਗਣਿਤ ਵਿਗਿਆਨੀ ਪ੍ਰੋ. ਰਾਮ ਪ੍ਰਕਾਸ਼ ਭਾਂਬਾ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਨੇ ਆਪਣੇ ਸਵਾਗਤੀ ਸ਼ਬਦਾਂ ਵਿੱਚ ਮੁੱਖ ਬੁਲਾਰੇ ਦਲਜੀਤ ਅਮੀ ਦੀ ਸ਼ਖ਼ਸੀਅਤ ਬਾਰੇ ਜਾਣ ਪਛਾਣ ਕਰਵਾਉਂਦਿਆਂ ਕਿਹਾ ਕਿ ਉਹ ਇਸ ਯੂਨੀਵਰਸਿਟੀ ਦੀਆਂ ਉਨ੍ਹਾਂ ਚੁਣਿੰਦਾ ਸ਼ਖ਼ਸੀਅਤਾਂ ਵਿੱਚ ਸ਼ਾਮਿਲ ਹਨ ਜੋ ਮੌਲਿਕ ਚਿੰਤਨ ਨਾਲ਼ ਜੁੜੀਆਂ ਹਨ। ਦਲਜੀਤ ਅਮੀ ਨੇ ਦੱਸਿਆ ਕਿ ਪ੍ਰੋ. ਰਾਮ ਪ੍ਰਕਾਸ਼ ਭਾਂਬਾ ਉਹ ਸ਼ਖ਼ਸੀਅਤ ਸਨ ਜਿਨ੍ਹਾਂ ਆਜ਼ਾਦੀ ਤੋਂ ਬਾਅਦ ਆਜ਼ਾਦ ਭਾਰਤ ਵਿੱਚ ਅਦਾਰਿਆਂ ਦੀ ਉਸਾਰੀ ਅਤੇ ਵਿਗਿਆਨਿਕ ਸੋਚ ਦੇ ਪ੍ਰਸਾਰ ਸੰਬੰਧੀ ਨਿੱਠ ਕੇ ਕਾਰਜ ਕੀਤਾ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਾਈਸ ਚਾਂਸਲਰ ਤੋਂ ਲੈ ਕੇ ਟ੍ਰਿਬਿਊਨ ਟਰੱਸਟ ਦੇ ਚੇਅਰਪਰਸਨ ਦੇ ਅਹੁਦੇ ਤੱਕ ਰਹੇ। ਦਲਜੀਤ ਅਮੀ ਨੇ ਭਾਸ਼ਣ ਦੇ ਮੁੱਖ ਵਿਸ਼ੇ ਸਾਹਿਤ ਦੇ ਸੰਕਲਪ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਧਰਤੀ ਦੀਆਂ ਵੱਖ-ਵੱਖ ਪ੍ਰਜਾਤੀਆਂ ਇੱਕੋ ਪੁਰਖੇ ਤੋਂ ਜਨਮੀਆਂ ਅਤੇ ਫਿਰ ਵੱਖ-ਵੱਖ ਪ੍ਰਜਾਤੀਆਂ ਦੇ ਰੂਪ ਵਿੱਚ ਵਿਗਸੀਆਂ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬੋਲੀ ਅਤੇ ਸਾਹਿਤ ਵੀ ਉਸੇ ਤਰ੍ਹਾਂ ਦੇ ਵਿਗਾਸ ਦਾ ਹਿੱਸਾ ਹੈ। ਉਨ੍ਹਾਂ ਆਪਣੇ ਭਾਸ਼ਣ ਵਿੱਚ ਬਾਬੇ ਨਾਨਕ ਵੱਲੋਂ ਕੀਤੀਆਂ ਉਦਾਸੀਆਂ ਅਤੇ ਉਸ ਜੁਗਰਾਫੀਏ ਦੇ ਹਵਾਲੇ ਨਾਲ਼ ਕਿਹਾ ਕਿ ਅਮਨ ਅਤੇ ਇਨਸਾਫ਼ ਦਾ ਘਰ ਹੀ ਬਾਬੇ ਨਾਨਕ ਦਾ ਅਸਲ ਘਰ ਹੈ। ਅੰਤ ਵਿੱਚ ਪ੍ਰੋ. ਸੁਰਜੀਤ ਸਿੰਘ ਨੇ ਧੰਨਵਾਦੀ ਸ਼ਬਦ ਬੋਲਦਿਆਂ ਇਸ ਭਾਸ਼ਣ ਨੂੰ ਯਾਦਗਾਰੀ ਦੱਸਿਆ। ਮੰਚ ਸੰਚਾਲਨ ਦਾ ਕਾਰਜ ਡਾ. ਗੁਰਸੇਵਕ ਲੰਬੀ ਵੱਲੋਂ ਕੀਤਾ ਗਿਆ।