ਪੰਜਾਬੀ ਯੂਨੀਵਰਸਿਟੀ ਵਿਖੇ ਪੁਸਤਕ 'ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ -ਚੇਤਨਾ' ਸੰਬੰਧੀ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾ
- by Jasbeer Singh
- November 9, 2024
ਪੰਜਾਬੀ ਯੂਨੀਵਰਸਿਟੀ ਵਿਖੇ ਪੁਸਤਕ 'ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ -ਚੇਤਨਾ' ਸੰਬੰਧੀ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਪਟਿਆਲਾ, 8 ਨਵੰਬਰ : ਪਿਛਲੇ ਦਿਨੀਂ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਦੇ ਸੈਮੀਨਾਰ ਹਾਲ ਵਿਖੇ ਡਾ. ਬਲਵਿੰਦਰ ਕੌਰ ਸਿੱਧੂ ਡੀਨ ਭਾਸ਼ਾਵਾਂ ਦੀ ਅਗਵਾਈ ਤਹਿਤ ਮਹਾਰਿਸ਼ੀ ਵਾਲਮੀਕੀ ਚੇਅਰ ਦੇ ਸਹਿਯੋਗ ਨਾਲ ਪ੍ਰਸਿੱਧ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਦੀ ਸਮੁੱਚੀ ਸ਼ਾਇਰੀ ਬਾਰੇ ਸੰਪਾਦਿਤ ਪੁਸਤਕ 'ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ ਚੇਤਨਾ' ਸੰਬੰਧੀ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਭੀਮਇੰਦਰ ਸਿੰਘ ਡਾਇਰੈਕਟਰ, ਵਰਡ ਪੰਜਾਬੀ ਸੈਂਟਰ ਨੇ ਕੀਤੀ ਜਦੋਂ ਕਿ ਸੁਖਦੇਵ ਬਾਂਸਲ, ਪ੍ਰਧਾਨ, ਪੰਜਾਬੀ ਆਰਟਸ ਅਤੇ ਲਿਟਰੇਰੀ ਅਕੈਡਮੀ ਯੂ. ਕੇ. ਲੈਸਟਰ ਆਪਣੇ ਸ਼ਰੀਕੇ ਹਯਾਤ ਸੁਰਿੰਦਰ ਕੌਰ ਬਾਂਸਲ ਸਮੇਤ ਮੁੱਖ ਮਹਿਮਾਨ ਵਜੋਂ ਅਤੇ ਡਾ. ਨਰਿੰਦਰ ਕੌਰ ਮੁਲਤਾਨੀ ਡੀਨ ,ਅਕਾਦਮਿਕ ਮਾਮਲੇ ਵਿਸ਼ੇਸ਼ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਹਾਜ਼ਰ ਹੋਏ । ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿਚ ਡਾ. ਬਲਵਿੰਦਰ ਕੌਰ ਸਿੱਧੂ, ਦਰਸ਼ਨ ਬੁੱਟਰ, ਸੁਰਿੰਦਰਪ੍ਰੀਤ ਘਣੀਆਂ,ਡਾ. ਦਰਸ਼ਨ ਸਿੰਘ ਆਸ਼ਟ, ਸੁਸ਼ੀਲ ਦੁਸਾਂਝ, ਬਲਵਿੰਦਰ ਸੰਧੂ ਵੀ ਸ਼ਾਮਲ ਸਨ । ਸਮਾਗਮ ਦੇ ਸ਼ੁਰੂ ਵਿਚ ਡਾ. ਬਲਵਿੰਦਰ ਕੌਰ ਸਿੱਧੂ ਡੀਨ, ਭਾਸ਼ਾਵਾਂ ਨੇ ਹਾਜਰ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਆਖਦਿਆਂ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਮੇਰੇ ਇਲਾਕੇ ਬਠਿੰਡਾ ਦਾ ਚਰਚਿਤ ਅਤੇ ਪ੍ਰਸਿੱਧ ਸ਼ਾਇਰ ਹੈ, ਜਿਸ ਦੀ ਸ਼ਾਇਰੀ ਵਿਚ ਪਿੰਡ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਦੇ ਦਲਿਤ, ਦਮਿਤ ਅਤੇ ਪੀੜਤ ਲੋਕਾਂ ਦੀ ਗੱਲ ਗਹਿਰੀ ਸੰਵੇਦਨਾ ਨਾਲ ਕਲਾਤਮਕ ਢੰਗ ਨਾਲ ਪੇਸ਼ ਹੋਈ ਹੈ। ਮੈਨੂੰ ਉਹਨਾਂ ਦੀ ਇਸ ਪੁਸਤਕ ਵਾਰੇ ਸਮਾਗਮ ਆਯੋਜਿਤ ਕਰਕੇ ਬੇਹੱਦ ਪ੍ਰਸੰਨਤਾ ਹੋਈ ਹੈ । ਇਸ ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪੁਸਤਕ ਲੋਕ ਅਰਪਣ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਸੁਖਦੇਵ ਸਿੰਘ ਬਾਂਸਲ ਨੇ ਕਿਹਾ ਕਿ ਪਦਾਰਥ ਦੇ ਬੇਸ਼ੁਮਾਰ ਢੇਰ ਇੱਕਠੇ ਕਰਨ ਦੇ ਬਾਵਜੂਦ ਵੀ ਮਨੁੱਖ ਪ੍ਰੇਸ਼ਾਨ ਹੈ ਅਤੇ ਖੁਦਕੁਸ਼ੀਆਂ ਕਰ ਰਿਹਾ ਹੈ । ਵਿਸ਼ਵ ਸਾਮਰਾਜ ਅਤੇ ਵਿਸ਼ਵ ਮੰਡੀ ਦੀਆਂ ਲੋਕ ਦੋਖੀ ਨੀਤੀਆਂ ਕਾਰਣ ਅਜੋਕਾ ਮਨੁੱਖ ਜੀਵਨ ਦੀਅਆਂ ਮੁੱਖ ਲੋੜਾਂ ਤੋਂ ਵੀ ਮਹਿਰੂਮ ਹੈ । ਉਨ੍ਹਾਂ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਮੰਡੀ ਦੇ ਸੌਦਾਗਰਾਂ ਦੀਆਂ ਇਨ੍ਹਾਂ ਲੋਕ ਦੋਖੀ ਨੀਤੀਆਂ ਪ੍ਰਤੀ ਅਚੇਤ ਪਾਠਕ ਨੂੰ ਸੁਚੇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਮਾਨਸਿਕ ਸ਼ਾਂਤੀ ਅਤੇ ਖੁਸ਼ੀ ਲਈ ਅਜੋਕੇ ਮਨੁੱਖ ਨੂੰ ਪ੍ਰਕਿਰਤੀ ਅਤੇ ਅਧਿਆਤਮ ਨਾਲ ਜੁੜਨਾ ਹੋਵੇਗਾ । ਪ੍ਰਧਾਨਗੀ ਭਾਸ਼ਣ ਦਿੰਦਿਆਂ ਡਾ. ਭੀਮਇੰਦਰ ਸਿੰਘ ਨੇ ਕਿਹਾ ਕਿ ਵਿਸ਼ਵ ਮੰਡੀ ਹੀ ਜ਼ਮੀਨਾਂ, ਜ਼ਮੀਰਾਂ, ਵਸਤਾਂ ਇੱਥੋਂ ਤੱਕ ਕਿ ਜ਼ਿੰਦਗੀ ਦੇ ਪ੍ਰਮੁੱਖ ਸਰੋਕਾਰ ਪਿਆਰ ,ਮੁਹੱਬਤ ਦੀ ਕੀਮਤ ਤੈਅ ਕਰਦੀ ਹੈ ਜੋ ਕਿ ਮਨੁੱਖ ਦੀ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਵਾਸਤੇ ਬੇਹੱਦ ਖਤਰਨਾਕ ਵਰਤਾਰਾ ਹੈ।ਉਹਨਾਂ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਆਪਣੀ ਸ਼ਾਇਰੀ ਵਿਚ ਇਹਨਾਂ ਖਤਰਨਾਕ ਵਰਤਾਰਿਆਂ ਪਿੱਛੇ ਲੁਕਵੇਂ ਕਾਰਕਾਂ ਦੀ ਨਿਸ਼ਾਨਦੇਹੀ ਕਰਕੇ ਇਨ੍ਹਾਂ ਵਰਤਾਰਿਆਂ ਤੋਂ ਪਰਦਾ ਉਠਾਉਂਦਾ ਹੈ । ਸਮਾਗਮ ਦੇ ਮੁੱਖ ਮਹਿਮਾਨ ਡਾ. ਨਰਿੰਦਰ ਕੌਰ ਮੁਲਤਾਨੀ ਦਾ ਕਹਿਣਾ ਸੀ ਕਿ ਪੁਸਤਕ ਦਾ ਨਾਮ ਹੀ ਸਾਨੂੰ ਇਹ ਸੋਅ ਦਿੰਦਾ ਹੈ ਕਿ ਇਸ ਪੁਸਤਕ ਦੀ ਸ਼ਾਇਰੀ ਪਾਠਕਾਂ ਨੂੰ ਲੋਕ ਵਿਰੋਧੀ ਵਰਤਾਰਿਆਂ ਪ੍ਰਤੀ ਸੁਚੇਤ ਕਰੇਗੀ। ਇਸ ਤੋਂ ਪਹਿਲਾਂ ਦਰਸ਼ਨ ਬੁੱਟਰ ਨੇ ਪ੍ਰਮੁੱਖ ਬੁਲਾਰੇ ਵਜੋਂ ਬੋਲਦਿਆਂ ਸੁਰਿੰਦਰ ਪ੍ਰੀਤ ਘਣੀਆਂ ਦੀ ਇਕ ਗ਼ਜ਼ਲ ਤਰੰਨਮ ਵਿਚ ਪੇਸ਼ ਕਰਨ ਉਪਰੰਤ ਸ੍ਰੀ ਘਣੀਆਂ ਨੂੰ ਰੋਹ ਅਤੇ ਸੱਤਾ ਪ੍ਰਤੀ ਨਾਬਰੀ ਦਾ ਸ਼ਾਇਰ ਕਿਹਾ। ਪ੍ਰਸਿੱਧ ਆਲੋਚਕ ਅਤੇ ਲੋਕ ਸੰਘਰਸ਼ ਵਿਚ ਜ਼ਿਕਰਯੋਗ ਯੋਗਦਾਨ ਪਾ ਰਹੀ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਆਪਣੀ ਸ਼ਾਇਰੀ ਵਿਚ ਘਰ ਤੋਂ ਲੈ ਕੇ ਵਿਸ਼ਵ ਪੱਧਰ ਦੇ ਸਰੋਕਾਰਾਂ ਅਤੇ ਮਸਲਿਆਂ ਬਾਰੇ ਸੰਵਾਦ ਰਚਾਉਂਦਾ ਹੈ। ਸੁਸ਼ੀਲ ਦੁਸਾਂਝ ਦਾ ਕਹਿਣਾ ਸੀ ਕਿ ਸੁਰਿੰਦਰਪ੍ਰੀਤ ਘਣੀਆਂ ਜਿੱਥੇ ਇਕ ਗ਼ਜ਼ਲਕਾਰ ਵਜੋਂ ਆਪਣਾ ਜ਼ਿਕਰਯੋਗ ਯੋਗਦਾਨ ਪਾ ਰਿਹਾ ਹੈ ਉਥੇ ਉਹ ਪਿਛਲੇ ਵੀਹ ਸਾਲਾਂ ਤੋਂ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵੱਖ ਵੱਖ ਅਹੁਦਿਆਂ ਤੇ ਕਾਰਜਸ਼ੀਲ ਹੁੰਦਿਆਂ ਮਾਂ ਬੋਲੀ, ਸਾਹਿਤ, ਸੱਭਿਆਚਾਰ ਆਦਿ ਦੀ ਪ੍ਰਫੁੱਲਤਾ ਪ੍ਰਤੀ ਬੜੀ ਸੁਹਿਰਦਤਾ ਅਤੇ ਸਰਗਰਮੀ ਨਾਲ ਜਥੇਬੰਦਕ ਯੋਗਦਾਨ ਵੀ ਪਾ ਰਿਹਾ ਹੈ । ਇਸ ਮੌਕੇ ਸ਼੍ਰੋਮਣੀ ਕਵੀ ਬਲਵਿੰਦਰ ਸੰਧੂ ਨੇ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਦੀ ਸ਼ਾਇਰੀ ਵਿਚ ਸਾਡੇ ਸਾਰੇ ਦੇਸ਼ ਦੀ ਵਿਭਿੰਨਤਾ ਵਾਂਗ ਪ੍ਰਕਿਰਤੀ, ਪ੍ਰਗਤੀਸ਼ੀਲਤਾ, ਰੁਮਾਂਸ, ਆਸ਼ਾ, ਨਿਰਾਸ਼ਾ ਆਦਿ ਸਰੋਕਾਰ ਬੜੇ ਹੀ ਕਲਾਤਮਿਕ ਰੂਪ 'ਚ ਪੇਸ਼ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਪੁਸਤਕ ਨਵੇਂ ਗ਼ਜ਼ਲਕਾਰਾਂ ਅਤੇ ਖੋਜਾਰਥੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ। ਪ੍ਰਸਿੱਧ ਆਲੋਚਕ ਡਾ. ਗੁਰਜੰਟ ਸਿੰਘ ਨੇ ਕਿਹਾ ਕਿ ਸੁਰਿੰਦਰਪ੍ਰੀਤ ਘਣੀਆਂ ਪੰਜਾਬੀ ਸਾਹਿਤ ਦੀ ਨਾਬਰੀ ਦੀ ਰਵਾਇਤ ਨੂੰ ਬਾਖੂਬੀ ਅੱਗੇ ਤੋਰਦਾ ਹੋਇਆ ਸੱਤਾ ਪ੍ਰਤੀ ਆਪਣਾ ਰੋਹ ਅਤੇ ਆਵਾਜ਼ ਬੁਲੰਦ ਕਰਦਾ ਹੈ । ਸ਼੍ਰੋਮਣੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਮੈਂ ਘਣੀਆਂ ਜੀ ਦਾ ਲੰਮੇ ਸਮੇਂ ਤੋਂ ਪਾਠਕ ਹਾਂ। ਉਸਦੀ ਲੋਕ ਭਾਸ਼ਾ ਵਿਚ ਲਿਖੀ ਲੋਕ ਪੱਖੀ ਸ਼ਾਇਰੀ ਮੇਰੇ ਮਨ ਨੂੰ ਟੁੰਬਦੀ ਹੈ । ਪ੍ਰਸਿੱਧ ਸ਼ਾਇਰ ਅਤੇ ਆਲੋਚਕ ਡਾ. ਗੁਰਸੇਵਕ ਲੰਬੀ ਨੇ ਜਿੱਥੇ ਸੁਰਿੰਦਰਪ੍ਰੀਤ ਘਣੀਆਂ ਦੀ ਗ਼ਜ਼ਲ ਦੇ ਲੋਕਪੱਖੀ ਸਰੋਕਾਰਾਂ ਅਤੇ ਕਲਾਤਮਿਕਤਾ ਦੀ ਪ੍ਰਸੰਸਾ ਕੀਤੀ ਉਥੇ ਸਰੋਤਿਆਂ ਦੀ ਮੰਗ ਨੂੰ ਕਬੂਲਦਿਆਂ ਆਪਣੀ ਇਕ ਭਾਵਪੂਰਤ ਰਚਨਾ ਤਰੰਨਮ ਵਿਚ ਪੇਸ਼ ਕਰਦਿਆਂ ਵਿਸ਼ੇਸ਼ ਵਾਹ ਵਾਹ ਖੱਟੀ। ਵਿਚਾਰ ਚਰਚਾ ਦੀ ਇਸ ਲੜੀ ਨੂੰ ਅੰਜਾਮ ਤੇ ਪਹੁੰਚਾਦਿਅਆਂ ਡਾ. ਰਾਜਵੰਤ ਕੌਰ ਪੰਜਾਬੀ, ਡਾ. ਜਸਮੀਤ ਸਿੰਘ, ਸ਼ਾਇਰ ਮੀਤ ਬਠਿੰਡਾ, ਡਾ. ਰਿਪਨਜੋਤ ਕੌਰ ਸੋਨੀ, ਸ੍ਰੀਮਤੀ ਸ਼ਾਂਤਾ ਦੇਵੀ ਸਾਬਕਾ ਰਜਿਸਟਰਾਰ, ਦਰਸ਼ਨ ਸਿੰਘ ਲਾਇਬ੍ਰੇਰੀ ਇੰਚਾਰਜ ਨੇ ਵੀ ਪੁਸਤਕ ਉਪਰ ਵਿਚਾਰ ਪੇਸ਼ ਕਰਦਿਆਂ ਸੁਰਿੰਦਰਪ੍ਰੀਤ ਘਣੀਆਂ ਅਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ । ਸਮਾਗਮ ਦੇ ਪ੍ਰਬੰਧਕ ਗੁਰਜੀਤ ਸਿੰਘ ਗਿੱਲ ਨੇ ਮੰਚ ਸੰਚਾਲਨ ਕਰਦਿਆਂ ਪੁਸਤਕ ਅਤੇ ਬੁਲਾਰਿਆਂ ਦੇ ਵਿਚਾਰਾਂ ਉੱਪਰ ਆਪਣੀ ਭਾਵਪੂਰਤ ਟਿੱਪਣੀਆਂ ਕੀਤੀਆਂ। ਸਮਾਗਮ ਦੇ ਅੰਤ ਵਿੱਚ ਸੁਰਿੰਦਰਪ੍ਰੀਤ ਘਣੀਆਂ ਨੇ ਸਮੂਹ ਹਾਜ਼ਰੀਨ ਅਤੇ ਸਮਾਗਮ ਦੀ ਰੂਹੇ -ਰਵਾਂ ਡਾ. ਬਲਵਿੰਦਰ ਕੌਰ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਇਹ ਸਮਾਗਮ ਕਰਵਾ ਕੇ ਉਨ੍ਹਾਂ ਦੀ ਚਿਰੋਕੀ ਅਧੂਰੀ ਰੀਝ ਨੂੰ ਪੂਰਾ ਕੀਤਾ ਹੈ। ਇਸ ਮੌਕੇ ਸੁਰਿੰਦਰਪ੍ਰੀਤ ਘਣੀਆਂ ਨੇ ਆਪਣੀਆਂ ਚਰਚਿਤ ਗ਼ਜ਼ਲਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਜਿੰਨਾਂ ਨੂੰ ਸਰੋਤਿਆਂ ਨੇ ਭਰਪੂਰ ਦਾਦ ਦਿੱਤੀ । ਇਸ ਮੌਕੇ ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਪੰਜਾਬੀ ਵਿਭਾਗਾਂ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀ, ਖੋਜਾਰਥੀ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.