post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰ

post-img

ਪੰਜਾਬੀ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੱਤ ਰੋਜ਼ਾ ਵਰਕਸ਼ਾਪ ਸ਼ੁਰੂ -ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ - ਉੱਘੇ ਸਿੱਖ ਇਤਿਹਾਸਕਾਰ ਡਾ. ਸੁਖਦੀਪ ਸਿੰਘ ਉੱਦੋਕੇ ਨੇ ਦਿੱਤਾ ਮੁੱਖ-ਸੁਰ ਭਾਸ਼ਣ ਪਟਿਆਲਾ, 15 ਦਸੰਬਰ : ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਕਰਵਾਈ ਜਾ ਰਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੱਤ ਰੋਜ਼ਾ ਵਰਕਸ਼ਾਪ ਸ਼ੁਰੂ ਹੋ ਗਈ ਹੈ । 'ਸ਼ਹਾਦਤਾਂ ਸੰਬੰਧੀ ਵਿਚਾਰ ਤੇ ਉਚਾਰ ਕਿਵੇਂ ਕਰੀਏ? (ਸਥਾਪਿਤ ਗਿਆਨ-ਪ੍ਰਬੰਧ ਦੀਆਂ ਸੀਮਾਵਾਂ ਦੇ ਆਰ-ਪਾਰ)' ਵਿਸ਼ੇ ਉੱਤੇ ਕਰਵਾਈ ਜਾ ਰਹੀ ਇਸ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉੱਘੇ ਸਿੱਖ ਇਤਿਹਾਸਕਾਰ ਅਤੇ ਪ੍ਰਚਾਰਕ ਡਾ. ਸੁਖਦੀਪ ਸਿੰਘ ਉੱਦੋਕੇ ਵੱਲੋਂ ਮੁੱਖ-ਸੁਰ ਭਾਸ਼ਣ ਦਿੱਤਾ ਗਿਆ । ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕੀਤੀ । ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਸ਼ਰੀਰਾਂ ਦੇ ਇਤਿਹਾਸ ਲਿਖਣੇ ਤਾਂ ਆਸਾਨ ਹਨ ਪਰ ਰੂਹਾਂ ਦੀ ਇਤਿਹਾਸਕਾਰੀ ਹਰ ਕੋਈ ਨਹੀਂ ਕਰ ਸਕਦਾ । ਉਨ੍ਹਾਂ ਕਿਹਾ ਕਿ ਚਾਹੇ ਕਲਗੀਧਰ ਪਾਤਸ਼ਾਹ ਵੱਲੋਂ ਆਪਣੇ ਲਾਲਾਂ ਨੂੰ ਖੁਦ ਜੰਗ ਵਿੱਚ ਭੇਜਣ ਜਿਹੇ ਪਲ ਹੋਣ ਤੇ ਚਾਹੇ ਮਾਤਾ ਗੁਜਰੀ ਜੀ ਵੱਲੋਂ ਆਪਣੇ ਪਿਆਰੇ ਪੋਤਰਿਆਂ ਨੂੰ ਨੀਹਾਂ ਵਿੱਚ ਚਿਣੇ ਜਾਣ ਲਈ ਤਿਆਰ ਕੀਤੇ ਜਾਣ ਦੇ ਪਲ ਹੋਣ; ਅਜਿਹੇ ਪਲਾਂ ਸਮੇਂ ਗੁਰੂ ਸਾਹਿਬ ਜਾਂ ਮਾਤਾ ਗੁਜਰੀ ਜੀ ਦੇ ਮਨ ਵਿੱਚ ਕੀ ਚੱਲ ਰਿਹਾ ਹੋਵੇਗਾ । ਅਜਿਹੇ ਪਲਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰਨਾ ਅਸੰਭਵ ਹੈ । ਉਨ੍ਹਾਂ ਕਿਹਾ ਕਿ ਸਾਡੇ ਕੋਲ਼ ਉਪਲਬਧ ਮੌਜੂਦਾ ਗਿਆਨ-ਪ੍ਰਬੰਧ ਅਤੇ ਭਾਸ਼ਾ ਦੀਆਂ ਅਨੇਕ ਸੀਮਾਵਾਂ ਹਨ, ਜਿਸ ਕਾਰਨ ਇਤਿਹਾਸ ਦੇ ਅਜਿਹੇ ਮਾਣਮੱਤੇ ਪਲਾਂ ਨੂੰ ਬਿਆਨਣਾ ਮੁਸ਼ਕਿਲ ਹੈ। ਵਰਕਸ਼ਾਪ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਵਿਚਾਰ-ਚਰਚਾਵਾਂ ਦਾ ਚਲਦੇ ਰਹਿਣਾ ਬਹੁਤ ਜ਼ਰੂਰੀ ਹੈ । ਡਾ. ਸੁਖਦੀਪ ਸਿੰਘ ਉੱਦੋਕੇ ਵੱਲੋਂ ਆਪਣੇ ਮੁੱਖ-ਸੁਰ ਭਾਸ਼ਣ ਦੌਰਾਨ ਵੱਖ-ਵੱਖ ਇਤਿਹਾਸਿਕ ਗ੍ਰੰਥਾਂ ਦੇ ਹਵਾਲੇ ਨਾਲ਼ ਸਿੱਖ ਵਿਰਾਸਤ ਵਿੱਚੋਂ ਸ਼ਹਾਦਤ ਦੀਆਂ ਵੱਖ-ਵੱਖ ਮਿਸਾਲਾਂ ਪੇਸ਼ ਕੀਤੀਆਂ ਗਈਆਂ । ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਸ਼ਹਾਦਤਾਂ ਦੇ ਅਜਿਹੇ ਮਹਾਨ ਕਿੱਸਿਆਂ ਨਾਲ਼ ਭਰਿਆ ਪਿਆ ਹੈ ਜਿਨ੍ਹਾਂ ਦੀ ਬਰਾਬਰੀ ਸੰਸਾਰ ਵਿੱਚ ਹੋਰ ਕਿਤੇ ਵੀ ਨਹੀਂ । ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਭਾਵਪੂਰਤ ਸ਼ਬਦਾਂ ਨਾਲ਼ ਵਰਕਸ਼ਾਪ ਦੇ ਉਦਘਾਟਨੀ ਸ਼ਬਦ ਪੇਸ਼ ਕੀਤੇ । ਉਨ੍ਹਾਂ ਆਪਣੇ ਗੁਜਰਾਤ ਵਿੱਚ ਬੀਤੇ ਬਚਪਨ ਦੇ ਹਵਾਲੇ ਨਾਲ਼ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਗੁਰਬਾਣੀ ਨੇ ਉਨ੍ਹਾਂ ਨੂੰ ਮਾਨਸਿਕ ਤਾਕਤ ਪ੍ਰਦਾਨ ਕੀਤੀ । ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣੀ ਕਮਾਈ ਵਿੱਚੋਂ ਦਸਵੰਧ ਕੱਢਣ ਵਾਲੀ ਗੁਰਮਤਿ ਦੀ ਸਿੱਖਿਆ ਉੱਤੇ ਅਮਲ ਕਰ ਲਈਏ ਤਾਂ ਸਮਾਜ ਦੀ ਬਿਹਤਰੀ ਲਈ ਬਿਹਤਰ ਯੋਗਦਾਨ ਪਾ ਸਕਦੇ ਹਾਂ । ਵਰਕਸ਼ਾਪ ਦੇ ਮੰਤਵ ਸੰਬੰਧੀ ਬੋਲਦਿਆਂ ਵਿਭਾਗ ਮੁਖੀ ਪ੍ਰੋ. ਗੁਰਮੁਖ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਨੂੰ ਸਿਰਫ਼ ਯਾਦ ਹੀ ਨਹੀਂ, ਬਲਕਿ ਠੀਕ ਤਰੀਕੇ ਨਾਲ਼ ਯਾਦ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਇਤਿਹਾਸ ਸੰਬੰਧੀ ਸਹੀ ਸਮਝ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਵਿਰਾਸਤ ਨਾਲ਼ ਜੁੜਨ ਦੀ ਅਹਿਮੀਅਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਡੀ ਆਪਣੀ ਧਰਤੀ ਦੇ ਸਰੋਤ ਸਾਨੂੰ ਹਮੇਸ਼ਾ ਹੀ ਵਧੇਰੇ ਤਾਕਤ ਅਤੇ ਊਰਜਾ ਪ੍ਰਦਾਨ ਕਰਦੇ ਹਨ ਇਸ ਲਈ ਆਪਣੇ ਇਤਿਹਾਸ ਉੱਤੇ ਮਾਣ ਕਰਨਾ ਅਤੇ ਉਸ ਨੂੰ ਸਹੀ ਤਰੀਕੇ ਨਾਲ਼ ਸਮਝਣਾ ਬਹੁਤ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਸਾਨੂੰ ਇਸ ਵਿਸ਼ੇ ਉੱਤੇ ਵਿਚਾਰ-ਚਰਚਾ ਦੀ ਲੋੜ ਹੈ ਕਿ ਤਰਕ ਦੀ ਕੇਂਦਰੀਅਤਾ ਵਾਲ਼ੇ ਸਾਡੇ ਸਥਾਪਿਤ ਗਿਆਨ-ਪ੍ਰਬੰਧ ਰਾਹੀਂ ਅਧਿਆਤਮਕ ਵਿਸ਼ਿਆਂ ਦੀ ਪੇਸ਼ਕਾਰੀ ਕਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ । ਭਾਸ਼ਾ ਫ਼ੈਕਲਟੀ ਦੇ ਡੀਨ ਪ੍ਰੋ. ਬਲਵਿੰਦਰ ਕੌਰ ਸਿੱਧੂ ਨੇ ਸਵਾਗਤੀ ਸ਼ਬਦਾਂ ਦੌਰਾਨ ਪੰਜਾਬੀ ਵਿਭਾਗ ਦੇ ਇਸ ਕਦਮ ਦੀ ਸ਼ਲਾਘਾ ਕੀਤੀ । ਉਦਘਾਟਨੀ ਸੈਸ਼ਨ ਦੇ ਧੰਨਵਾਦੀ ਸ਼ਬਦ ਬੋਲਦਿਆਂ ਪ੍ਰੋ. ਪਰਮਵੀਰ ਸਿੰਘ ਨੇ ਵੀ ਵਿਸ਼ੇ ਨਾਲ਼ ਸੰਬੰਧਤ ਅਹਿਮ ਟਿੱਪਣੀਆਂ ਕੀਤੀਆਂ। ਮੰਚ-ਸੰਚਾਲਨ ਦਾ ਕਾਰਜ ਡਾ. ਰਾਜਵੰਤ ਕੌਰ ਵੱਲੋਂ ਕੀਤਾ ਗਿਆ ।

Related Post