
ਆਈ. ਆਈ. ਐਮ. ਅਹਿਮਦਾਬਾਦ ਦੇ ਮਾਹਿਰਾਂ ਦੀ ਟੀਮ ਫਰਵਰੀ ਵਿੱਚ ਕਰੇਗੀ ਪੰਜਾਬ ਦੌਰਾ : ਹਰਜੋਤ ਸਿੰਘ ਬੈਂਸ
- by Jasbeer Singh
- January 28, 2025

ਆਈ. ਆਈ. ਐਮ. ਅਹਿਮਦਾਬਾਦ ਦੇ ਮਾਹਿਰਾਂ ਦੀ ਟੀਮ ਫਰਵਰੀ ਵਿੱਚ ਕਰੇਗੀ ਪੰਜਾਬ ਦੌਰਾ : ਹਰਜੋਤ ਸਿੰਘ ਬੈਂਸ ਮਾਹਿਰਾਂ ਦੀ ਟੀਮ ਟਰੇਨਿੰਗ ਪ੍ਰੋਗਰਾਮਾਂ ਨੂੰ ਹੋਰ ਬਿਹਤਰ ਬਣਾਉਣ ਲਈ ਭਾਈਵਾਲਾਂ ਨਾਲ ਕਰੇਗੀ ਵਿਚਾਰ-ਵਟਾਂਦਰਾ ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਨੇ ਆਈ. ਆਈ. ਐਮ. ਅਹਿਮਦਾਬਾਦ ਦੇ ਸਹਿਯੋਗ ਨਾਲ ਆਈ. ਟੀ. ਆਈਜ਼. ਤੇ ਪੌਲੀਟੈਕਨਿਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਲਈ ਤਿਆਰ ਕੀਤਾ ਵਿਸ਼ੇਸ਼ ਪ੍ਰੋਗਰਾਮ : ਹਰਜੋਤ ਸਿੰਘ ਬੈਂਸ ਟਰੇਨਿੰਗ ਲਈ ਪ੍ਰਿੰਸੀਪਲਾਂ ਨੂੰ ਆਈ. ਆਈ. ਐਮ. ਅਹਿਮਦਾਬਾਦ ਕੈਂਪਸ ਭੇਜਿਆ ਜਾਵੇਗਾ ਚੰਡੀਗੜ੍ਹ, 28 ਜਨਵਰੀ : ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਦੱਸਿਆ ਕਿ ਸੂਬੇ ਦੀਆਂ ਆਈ.ਟੀ.ਆਈਜ਼. ਅਤੇ ਪੌਲੀਟੈਕਨਿਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਵਿੱਚ ਲੀਡਰਸ਼ਿਪ ਦੇ ਗੁਣਾਂ ਨੂੰ ਹੋਰ ਨਿਖਾਰਨ, ਪ੍ਰਬੰਧਕੀ ਕੁਸ਼ਲਤਾ ਅਤੇ ਅਕਾਦਮਿਕ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਣ ਲਈ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ (ਆਈ. ਆਈ. ਐਮ.), ਅਹਿਮਦਾਬਾਦ ਦੇ ਮਾਹਿਰਾਂ ਦੀ ਇੱਕ ਟੀਮ ਫਰਵਰੀ ਵਿੱਚ ਪੰਜਾਬ ਦਾ ਦੌਰਾ ਕਰੇਗੀ । ਇਹ ਟੀਮ ਸਿਖਲਾਈ ਪ੍ਰੋਗਰਾਮ ਨੂੰ ਹੋਰ ਬਿਹਤਰ ਬਣਾਉਣ ਲਈ ਟਰੇਨਿੰਗ ਸਬੰਧੀ ਲੋੜਾਂ ਦਾ ਮੁਲਾਂਕਣ ਕਰਨ ਲਈ ਮੁੱਖ ਭਾਈਵਾਲਾਂ ਨਾਲ ਵਿਚਾਰ-ਵਟਾਂਦਰਾ ਕਰੇਗੀ । ਦੱਸਣਯੋਗ ਹੈ ਕਿ ਆਈ. ਆਈ. ਐਮ-ਅਹਿਮਦਾਬਾਦ, ਐਨ. ਆਈ. ਆਰ. ਐਫ. ਰੈਂਕਿੰਗ ਵਿੱਚ ਪਹਿਲੇ ਸਥਾਨ 'ਤੇ ਹੈ ਅਤੇ ਆਪਣੀ ਉੱਤਮਤਾ ਲਈ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ। ਇਹ ਸੰਸਥਾ ਪ੍ਰਬੰਧਕੀ ਸਿੱਖਿਆ ਵਿੱਚ ਮੋਹਰੀ ਹੈ ਅਤੇ ਆਪਣੀਆਂ ਸਿੱਖਿਆ ਸਬੰਧੀ ਨਵੀਨਤਾਕਾਰੀ ਵਿਧੀਆਂ, ਖੋਜਾਂ ਅਤੇ ਅਕਾਦਮਿਕ ਤੇ ਪੇਸ਼ੇਵਰ ਉੱਤਮਤਾ ਪ੍ਰਤੀ ਦ੍ਰਿੜ ਵਚਨਬੱਧਤਾ ਲਈ ਜਾਣੀ ਜਾਂਦੀ ਹੈ। ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਨੇ ਆਈ. ਆਈ. ਐਮ-ਅਹਿਮਦਾਬਾਦ ਦੇ ਸਹਿਯੋਗ ਨਾਲ ਰਾਜ ਦੀਆਂ ਆਈ. ਟੀ. ਆਈਜ਼. ਅਤੇ ਪੌਲੀਟੈਕਨਿਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਲਈ ਇੱਕ ਵਿਸ਼ੇਸ਼ ਮੈਨੇਜਮੈਂਟ ਡਿਵੈੱਲਪਮੈਂਟ ਪ੍ਰੋਗਰਾਮ (ਐਮ.ਡੀ.ਪੀ.) ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਆਈ. ਆਈ. ਐਮ-ਅਹਿਮਦਾਬਾਦ ਦੇ ਫੈਕਲਟੀ ਮੈਂਬਰ ਮੁੱਖ ਭਾਈਵਾਲਾਂ ਨਾਲ ਵਿਚਾਰ-ਵਟਾਂਦਰੇ ਅਤੇ ਸਿਖਲਾਈ ਸਬੰਧੀ ਜ਼ਰੂਰਤਾਂ ਦਾ ਮੁਲਾਂਕਣ ਕਰਨ ਲਈ 12 ਤੋਂ 15 ਫਰਵਰੀ, 2025 ਤੱਕ ਪੰਜਾਬ ਦਾ ਦੌਰਾ ਕਰਨਗੇ । ਇਹ ਪ੍ਰੋਗਰਾਮ ਤਕਨੀਕੀ ਅਤੇ ਕਿੱਤਾਮੁਖੀ ਸੰਸਥਾਵਾਂ ਨੂੰ ਸੈਂਟਰ ਆਫ ਐਕਸੀਲੈਂਸ ਵਿੱਚ ਅਪਗ੍ਰੇਡ ਕਰਨ ਵਿੱਚ ਵਿਭਾਗ ਦੀ ਮਦਦ ਕਰੇਗਾ । ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਤਕਨੀਕੀ ਸਿੱਖਿਆ ਈਕੋਸਿਸਟਮ ਦੇ ਵਿਕਾਸ ਅਤੇ ਇਸਦੇ ਆਗੂਆਂ ਨੂੰ ਇਸ ਖੇਤਰ ਦੀਆਂ ਸਮੇਂ ਅਨੁਸਾਰ ਬਦਲ ਰਹੀਆਂ ਲੋੜਾਂ ਮੁਤਾਬਕ ਬਣਾਉਣ ਵਾਸਤੇ ਤਿਆਰ ਕੀਤੇ ਮੈਨੇਜਮੈਂਟ ਡਿਵੈਲਪਮੈਂਟ ਪ੍ਰੋਗਰਾਮ ਦੌਰਾਨ ਆਈ.ਟੀ.ਆਈਜ਼. ਅਤੇ ਪੌਲੀਟੈਕਨਿਕ ਸੰਸਥਾਵਾਂ ਦੇ 30 ਪ੍ਰਿੰਸੀਪਲਾਂ ਦੇ ਨਾਲ-ਨਾਲ ਵਿਭਾਗੀ ਅਧਿਕਾਰੀਆਂ ਨੂੰ ਵੱਕਾਰੀ ਆਈ.ਆਈ.ਐਮ.-ਅਹਿਮਦਾਬਾਦ ਕੈਂਪਸ ਵਿਖੇ ਪੰਜ ਦਿਨਾਂ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਟਰੇਨਿੰਗ ਦੌਰਾਨ 20 ਇੰਟਰਐਕਟਿਵ ਸੈਸ਼ਨ ਕਰਵਾਏ ਜਾਣਗੇ, ਜਿਸ ਵਿੱਚ ਪ੍ਰੋਫੈਸਰ ਅੰਬਰੀਸ਼ ਡੋਂਗਰੇ ਅਤੇ ਪ੍ਰੋਫੈਸਰ ਨਿਹਾਰਿਕਾ ਵੋਹਰਾ ਸਮੇਤ ਆਈ. ਆਈ. ਐਮ. ਅਹਿਮਦਾਬਾਦ ਦੇ ਨਾਮੀ ਪ੍ਰੋਫੈਸਰਾਂ ਵੱਲੋਂ ਸਿਖਲਾਈ ਦੀਆਂ ਨਵੀਆਂ ਤਕਨੀਕਾਂ ਤੇ ਅਭਿਆਸਾਂ ਬਾਰੇ ਜਾਣੂ ਕਰਵਾਇਆ ਜਾਵੇਗਾ । ਇਹ ਸਿਖਲਾਈ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਭਾਗੀਦਾਰਾਂ ਨੂੰ ਤਕਨੀਕੀ ਸਿੱਖਿਆ ਸੰਸਥਾਵਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਅਗਵਾਈ ਅਤੇ ਪ੍ਰਬੰਧਨ ਕਰਨ ਲਈ ਸਮਰੱਥ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਰਣਨੀਤਕ ਯੋਜਨਾਬੰਦੀ ਅਤੇ ਬਜਟ ਸਮਰੱਥਾਵਾਂ ਵਿੱਚ ਵਾਧਾ ਕਰਨ, ਵਿਵਾਦਾਂ ਦੇ ਪ੍ਰਭਾਵਸ਼ਾਲੀ ਹੱਲ ਦੇ ਹੁਨਰਾਂ ਨੂੰ ਉਤਸ਼ਾਹਿਤ ਕਰਨ, ਟੀਮ ਅਤੇ ਸਮਾਂ ਪ੍ਰਬੰਧਨ ਨੂੰ ਬਿਹਤਰ ਬਣਾਉਣ ਅਤੇ ਸੰਚਾਰ ਰਣਨੀਤੀਆਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੀ ਮਦਦ ਕਰੇਗਾ । ਇਸ ਤੋਂ ਇਲਾਵਾ ਇਹ ਪ੍ਰੋਗਰਾਮ ਗਿਆਨ ਦੇ ਆਦਾਨ-ਪ੍ਰਦਾਨ ਅਤੇ ਕਿੱਤਾਮੁਖੀ ਸਿੱਖਿਆ ਅਤੇ ਹੁਨਰ ਵਿਕਾਸ ਸਬੰਧੀ ਬਿਹਤਰ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰੇਗਾ। ਸੂਬੇ ਦੇ ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਦੇ ਦ੍ਰਿਸ਼ਟੀਕੋਣ ਨਾਲ ਸ਼ੁਰੂ ਕੀਤੀ ਇਹ ਪਹਿਲਕਦਮੀ ਸੀਨੀਅਰ ਅਧਿਕਾਰੀਆਂ ਵਿੱਚ ਲੀਡਰਸ਼ਿਪ ਗੁਣ ਪੈਦਾ ਕਰਕੇ ਪੰਜਾਬ ਨੂੰ ਮਹੱਤਵਪੂਰਨ ਲਾਭ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ । ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਪ੍ਰੋਗਰਾਮ ਉਦਯੋਗਿਕ ਖੇਤਰ ਦੇ ਭਾਈਵਾਲਾਂ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਇਸ ਖੇਤਰ ਵਿੱਚ ਹੁਨਰ ਵਿਕਾਸ ਦੇ ਮੌਕਿਆਂ ਵਿੱਚ ਵੀ ਵਾਧਾ ਕਰੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.