post

Jasbeer Singh

(Chief Editor)

Patiala News

ਪੰਜਾਬੀ ਯੂਨੀਵਰਸਿਟੀ ਅਤੇ ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ, ਪਰਥ ਵੱਲੋਂ ਕਰਵਾਈ ਜਾ ਰਹੀ ਹੈ ਤਿੰਨ ਦਿਨਾ ਕਾਨਫਰੰਸ

post-img

ਪੰਜਾਬੀ ਯੂਨੀਵਰਸਿਟੀ ਅਤੇ ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ, ਪਰਥ ਵੱਲੋਂ ਕਰਵਾਈ ਜਾ ਰਹੀ ਹੈ ਤਿੰਨ ਦਿਨਾ ਕਾਨਫਰੰਸ -ਕਾਨਫਰੰਸ ਤੋਂ ਇੱਕ ਦਿਨ ਪਹਿਲਾਂ ਕਰਵਾਈ ਗਈ 'ਪ੍ਰੀ-ਕਾਨਫ਼ਰੰਸ ਵਰਕਸ਼ਾਪ' -ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲ਼ੇ ਵਿਕਾਸ ਬਾਰੇ ਹੋਈਆਂ ਵਿਚਾਰਾਂ ਪਟਿਆਲਾ, 26 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵੱਲੋਂ ਆਸਟ੍ਰੇਲੀਆ ਦੀ ਕਰਟਿਨ ਯੂਨੀਵਰਸਿਟੀ, ਪਰਥ ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਤਿੰਨ ਦਿਨਾ ਅੰਤਰ-ਰਾਸ਼ਟਰੀ ਕਾਨਫਰੰਸ ਤੋਂ ਇੱਕ ਦਿਨ ਪਹਿਲਾਂ 'ਪ੍ਰੀ-ਕਾਨਫ਼ਰੰਸ ਵਰਕਸ਼ਾਪ' ਕਰਵਾਈ ਗਈ । ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਚੰਡੀਗੜ੍ਹ ਅਤੇ ਬੈੱਲਮਾਉਂਟ ਰੋਟਰੀ ਕਲੱਬ, ਪਰਥ ਵੱਲੋਂ ਸਪਾਂਸਰਡ ਇਸ ਵਰਕਸ਼ਾਪ ਦੌਰਾਨ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲੇ ਵਿਕਾਸ ਦੇ ਵਿਸ਼ੇ ਬਾਰੇ ਗੱਲਬਾਤ ਕੀਤੀ ਗਈ। ਵੱਖ ਵੱਖ ਮੁਲਕਾਂ ਦੇ ਤਕਰੀਬਨ 20 ਵਿਦੇਸ਼ੀ ਡੈਲੀਗੇਟਸ ਇਸ ਮੌਕੇ ਹਾਜ਼ਰ ਰਹੇ । ਡੀਨ ਕਾਲਜ ਵਿਕਾਸ ਕੌਂਸਲ ਡਾ. ਬਲਰਾਜ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿ ਸੰਸਾਰ ਨੂੰ ਹੁਣ ਨਵਿਆਉਣਯੋਗ ਊਰਜਾ ਸਰੋਤਾਂ ਵੱਲ ਪਰਤਣ ਦੀ ਲੋੜ ਹੈ । ਉਹਨਾਂ ਕਿਹਾ ਕਿ ਹੁਣ ਤੱਕ ਅਸੀਂ ਕੁਦਰਤੀ ਸਰੋਤਾਂ ਅਤੇ ਵਾਤਾਵਰਣ ਨੂੰ ਐਨਾ ਨੁਕਸਾਨ ਪਹੁੰਚਾ ਚੁੱਕੇ ਹਾਂ ਕਿ ਨੈਤਿਕ ਤੌਰ ਤੇ ਸਾਨੂੰ ਆਪਣੀ ਅਗਲੀ ਪੀੜ੍ਹੀ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ । ਇੱਕ ਹੋਰ ਅਹਿਮ ਟਿੱਪਣੀ ਦੌਰਾਨ ਉਹਨਾਂ ਕਿਹਾ ਕਿ ਜੇ ਸੰਸਾਰ ਭਰ ਦੇ ਮਨੁੱਖ ਆਪਣੀ ਈਗੋ ਨਾਲ ਨਜਿੱਠ ਲੈਣ ਤਾਂ ਕੁਦਰਤੀ ਸਰੋਤਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਵੀ ਸਭ ਕੁਝ ਠੀਕ ਚੱਲ ਸਕਦਾ ਹੈ । ਉਨ੍ਹਾਂ ਕਿਹਾ ਕਿ ਸਾਰਾ ਸੰਸਾਰ ਸੂਰਜੀ ਊਰਜਾ ਦੇ ਸਹਾਰੇ ਵੀ ਜਿਉਂਦਾ ਰਹਿ ਸਕਦਾ ਹੈ । ਮੁਖ ਬੁਲਾਰੇ ਵਜੋਂ ਸ਼ਾਮਿਲ ਹੋਏ ਬਨਸਪਤੀ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨੀਸ਼ ਕਪੂਰ ਨੇ ਇੱਥੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਕੁਦਰਤ ਨੂੰ ਸਾਫ ਸੁਥਰਾ ਰੱਖਣਾ ਅਤੇ ਪ੍ਰਦੂਸ਼ਣ ਨੂੰ ਘਟਾਉਣਾ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ । ਉਨ੍ਹਾਂ ਕਿਹਾ ਕਿ ਸਿਰਫ ਵਣ ਮਹਾ ਉਤਸਵ ਮਨਾ ਲੈਣਾ ਅਤੇ ਕੁਝ ਪੌਦੇ ਲਗਾ ਕੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰ ਲੈਣਾ ਹੀ ਕਾਫੀ ਨਹੀਂ ਹੁੰਦਾ ਬਲਕਿ ਉਹਨਾਂ ਪੌਦਿਆਂ ਦੀ ਸਾਂਭ ਸੰਭਾਲ ਕਰ ਕੇ ਉਹਨਾਂ ਦੇ ਰੁੱਖ ਬਣਨ ਵਿੱਚ ਯੋਗਦਾਨ ਪਾਉਣਾ ਅਹਿਮ ਹੈ। ਉਨ੍ਹਾਂ ਦੱਸਿਆ ਕਿ ਆਧੁਨਿਕ ਸਮੇਂ ਸ਼ਹਿਰੀਕਰਨ ਨਾਲ਼ ਬਹੁਤ ਸਾਰੀਆਂ ਸਮੱਸਿਆਵਾਂ ਵਧੀਆਂ ਹਨ ਜਿਸ ਕਾਰਨ ਹਰਿਆਲੀ ਵਾਲ਼ੇ ਇਲਾਕਿਆਂ ਦਾ ਖਾਤਮਾ ਹੋਇਆ ਹੈ ਅਤੇ ਇਹਨਾਂ ਇਲਾਕਿਆਂ ਵਿੱਚ ਇਹ ਇਮਾਰਤਾਂ ਉੱਸਰ ਰਹੀਆਂ ਹਨ, ਜੋ ਕਿ ਖਤਰਨਾਕ ਰੁਝਾਨ ਹੈ । ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਵਿੱਤ ਅਫ਼ਸਰ ਡਾ. ਪ੍ਰਮੋਦ ਅੱਗਰਵਾਲ ਨੇ ਇਸ ਵਿਸ਼ੇ ਉੱਤੇ ਬੋਲਦਿਆਂ ਜਿੱਥੇ ਵੱਖ ਵੱਖ ਖੇਤਰਾਂ ਵਿੱਚ ਮਿਲਾਵਟ ਵਾਲੇ ਸੱਭਿਆਚਾਰ ਦੀ ਹੋਂਦ ਬਾਰੇ ਤੱਥ ਉਜਾਗਰ ਕੀਤੇ ਉਥੇ ਹੀ ਕੁਦਰਤ ਪ੍ਰਤੀ ਦੋਸਤਾਨਾ ਪਹੁੰਚ ਵਾਲੇ ਖੇਤੀਬਾੜੀ ਮਾਡਲ ਦੀ ਪ੍ਰੋੜਤਾ ਕੀਤੀ । ਕਰਟਿਨ ਯੂਨੀਵਰਸਿਟੀ ਪਰਥ ਤੋਂ ਪ੍ਰੋ. ਰੈਕਲ ਸ਼ੈਫੀਲਡ ਨੇ ਕੁਦਰਤ ਪ੍ਰਤੀ ਦੋਸਤਾਂ ਨਾਲ ਰੁਪਏ ਵਾਲੇ ਵਿਕਾਸ ਨੂੰ ਸਮੇਂ ਦੀ ਅਹਿਮ ਲੋੜ ਦੱਸਿਆ। ਉਨ੍ਹਾਂ ਇਸ ਲਿਹਾਜ਼ ਨਾਲ ਭਾਰਤੀ ਸਮਾਜ ਵਿੱਚੋਂ ਕੁਝ ਮਿਸਾਲਾਂ ਦਿੰਦਿਆਂ ਇਸ ਦੀ ਸ਼ਲਾਘਾ ਕੀਤੀ। 'ਚਿਪਕੋ ਅੰਦੋਲਨ' ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਕੁਦਰਤ ਪ੍ਰਤੀ ਅਜਿਹੇ ਸਮਰਪਣ ਵਾਲ਼ੇ ਪੁਰਖਿਆਂ ਤੋਂ ਸਿੱਖਣ ਦੀ ਲੋੜ ਹੈ । ਕਰਟਿਨ ਯੂਨੀਵਰਸਿਟੀ ਪਰਥ ਤੋਂ ਡਾ. ਪਾਲ ਗਾਰਡਨਰ ਨੇ ਇਸ ਮੌਕੇ ਆਪਣੀ ਰਿਲੀਜ਼ ਕੀਤੀ ਗਈ ਪੁਸਤਕ 'ਫ਼ਾਰ ਦ ਲਵ ਅਫ਼ ਟ੍ਰੀਜ਼' ਵਿੱਚੋਂ ਕੁਝ ਸਮੱਗਰੀ ਪੜ੍ਹੀ ਜੋ ਕਿ ਭਾਰਤੀ ਸਮਾਜ ਦੇ ਵਿਸ਼ੇਸ਼ ਭਾਈਚਾਰੇ ਵੱਲੋਂ ਅਪਣਾਏ ਜਾਂਦੇ ਕੁਦਰਤ ਪ੍ਰਤੀ ਸਕਾਰਾਤਮਕ ਰਵਈਏ ਬਾਰੇ ਸੀ । ਵਿਭਾਗ ਮੁਖੀ ਡਾ. ਜਗਪ੍ਰੀਤ ਕੌਰ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਪ੍ਰੋਗਰਾਮ ਅਤੇ ਤਿੰਨ ਦਿਨਾ ਕਾਨਫਰੰਸ ਦੇ ਥੀਮ ਬਾਰੇ ਗੱਲ ਕੀਤੀ । ਕਰਟਿਨ ਯੂਨੀਵਰਸਿਟੀ, ਪਰਥ ਤੋਂ ਪੁੱਜੇ ਕਾਨਫਰੰਸਸ ਮੁਖੀ ਡਾ. ਰੇਖਾ ਕੌਲ ਵੱਲੋਂ ਵੀ ਆਪਣੇ ਵਿਚਾਰ ਪ੍ਰਗਟਾਏ ਗਏ। ਵਰਕਸ਼ਾਪ ਵਿੱਚ ਯੂਨੀਵਰਸਿਟੀ ਦੇ ਨੇੜਲੇ ਇਲਾਕਿਆਂ ਦੇ ਸਕੂਲਾਂ ਵਿੱਚੋਂ ਤਕਰੀਬਨ 250 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਵਰਕਸ਼ਾਪ ਤੋਂ ਪਹਿਲਾਂ ਕਾਨਫਰੰਸ ਦੇ ਡੈਲੀਗੇਟਸ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਕੁਝ ਪੌਦੇ ਵੀ ਲਗਾਏ ਗਏ ।

Related Post