
ਪੰਜਾਬ ਸਰਕਾਰ 390 ਸਰਕਾਰੀ ਇਮਾਰਤਾਂ 'ਤੇ 30 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਕਰੇਗੀ ਸਥਾਪਤ
- by Jasbeer Singh
- July 10, 2025

ਪੰਜਾਬ ਸਰਕਾਰ 390 ਸਰਕਾਰੀ ਇਮਾਰਤਾਂ 'ਤੇ 30 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਕਰੇਗੀ ਸਥਾਪਤ 150 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰਾਜੈਕਟ ਮਾਰਚ 2026 ਤੱਕ ਚਾਲੂ ਕੀਤਾ ਜਾਵੇਗਾ : ਅਮਨ ਅਰੋੜਾ ਇਹ ਵੱਕਾਰੀ ਪ੍ਰਾਜੈਕਟ ਕੁਦਰਤੀ ਊਰਜਾ ਪੈਦਾ ਕਰੇਗਾ, ਕਾਰਬਨ ਘਟਾਏਗਾ ਅਤੇ ਸਾਲਾਨਾ 15 ਕਰੋੜ ਰੁਪਏ ਦੇ ਬਿਜਲੀ ਖ਼ਰਚਿਆਂ ਦੀ ਬੱਚਤ ਕਰੇਗਾ ਚੰਡੀਗੜ੍ਹ, 10 ਜੁਲਾਈ 2025 : ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਅੱਜ ਦੱਸਿਆ ਕਿ ਸੂਬੇ ਦੀ ਕੁਦਰਤੀ ਊਰਜਾ ਸਬੰਧੀ ਸਮਰੱਥਾ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਮਾਰਚ 2026 ਤੱਕ ਸੂਬੇ ਭਰ ਵਿੱਚ 390 ਸਰਕਾਰੀ ਇਮਾਰਤਾਂ ਦੀਆਂ ਛੱਤਾਂ 'ਤੇ 30 ਮੈਗਾਵਾਟ ਦੀ ਸੰਯੁਕਤ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਸਥਾਪਤ ਕੀਤੇ ਜਾਣਗੇ। ਅਮਨ ਅਰੋੜਾ ਪੰਜਾਬ ਊਰਜਾ ਵਿਕਾਸ ਅਥਾਰਟੀ (ਪੇਡਾ) ਵੱਲੋਂ ਚਲਾਏ ਜਾ ਰਹੇ ਚੱਲ ਰਹੇ ਪ੍ਰਾਜੈਕਟਾਂ ਦਾ ਜਾਇਜ਼ਾ ਲੈ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਪੇਡਾ ਦੇ ਚੇਅਰਪਰਸਨ ਡਾ. ਸੁਖਚੈਨ ਗੋਗੀ ਅਤੇ ਪ੍ਰਮੁੱਖ ਸਕੱਤਰ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਸ੍ਰੀ ਅਜੋਏ ਕੁਮਾਰ ਸਿਨਹਾ ਵੀ ਮੌਜੂਦ ਸਨ। ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਅਮਨ ਅਰੋੜਾ ਨੇ ਦੱਸਿਆ ਕਿ 150 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਨਾਲ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਬਿਜਲੀ ਖਰਚ ਵਿੱਚ ਸਾਲਾਨਾ 15 ਕਰੋੜ ਰੁਪਏ ਦੀ ਬੱਚਤ ਹੋਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ, ਜਿਸ ਨਾਲ ਇਸ ਵੱਕਾਰੀ ਪ੍ਰਾਜੈਕਟ ਨੂੰ ਲਾਗੂ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਦੱਸ ਦੇਈਏ ਕਿ ਇਸ ਪ੍ਰਾਜੈਕਟ ਅਧੀਨ ਸਿਹਤ ਤੇ ਪਰਿਵਾਰ ਭਲਾਈ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਟਰਾਂਸਪੋਰਟ, ਖੇਤੀਬਾੜੀ ਤੇ ਕਿਸਾਨ ਭਲਾਈ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ, ਗ੍ਰਹਿ ਮਾਮਲੇ ਤੇ ਨਿਆਂ, ਮੈਡੀਕਲ ਸਿੱਖਿਆ ਅਤੇ ਖੋਜ, ਸਥਾਨਕ ਸਰਕਾਰਾਂ ਅਤੇ ਜਲ ਸਰੋਤ ਵਿਭਾਗ ਸਮੇਤ 25 ਪ੍ਰਮੁੱਖ ਵਿਭਾਗਾਂ ਦੀਆਂ ਇਮਾਰਤਾਂ 'ਤੇ ਸੂਰਜੀ ਊਰਜਾ ਪਲਾਂਟ ਲਗਾਏ ਜਾਣਗੇ । ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਨੇ ਪਿਛਲੇ ਤਿੰਨ ਸਾਲਾਂ ਵਿੱਚ ਨਵਿਆਉਣਯੋਗ ਊਰਜਾ ਵਿੱਚ ਪ੍ਰਭਾਵਸ਼ਾਲੀ ਪ੍ਰਗਤੀ ਦਰਜ ਕੀਤੀ ਹੈ, ਜਿਸ ਤਹਿਤ 1098 ਸਰਕਾਰੀ ਇਮਾਰਤਾਂ ਦੀਆਂ ਛੱਤਾਂ 'ਤੇ 7.7 ਮੈਗਾਵਾਟ ਸਮੂਹਿਕ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਲਗਾਏ ਗਏ ਹਨ, ਜੋ ਸਥਾਈ ਊਰਜਾ ਪ੍ਰਤੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੇ ਹਨ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਥਿਰਤਾ, ਵਾਤਾਵਰਣ ਸੰਭਾਲ ਅਤੇ ਵਿੱਤੀ ਸੂਝ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਦੁਹਰਾਉਂਦਿਆਂ ਅਮਨ ਅਰੋੜਾ ਨੇ ਕਿਹਾ ਕਿ ਨਵਿਆਉਣਯੋਗ ਊਰਜਾ ਦੀ ਵਰਤੋਂ ਕਰਕੇ ਸੂਬੇ ਦਾ ਉਦੇਸ਼ ਕਾਰਬਨ ਨੂੰ ਘਟਾਉਣਾ, ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘਟਾਉਣਾ ਅਤੇ ਆਪਣੇ ਨਾਗਰਿਕਾਂ ਲਈ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣਾ ਹੈ। ਇਹ ਪਹਿਲਕਦਮੀ ਪੰਜਾਬ ਨੂੰ ਕੁਦਰਤੀ ਅਤੇ ਵਧੇਰੇ ਊਰਜਾ-ਕੁਸ਼ਲ ਸੂਬਾ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ । ਮੀਟਿੰਗ ਦੌਰਾਨ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕੁਦਰਤੀ ਊਰਜਾ ਉਤਪਾਦਨ ਨੂੰ ਹੋਰ ਵਧਾਉਣ ਦੇ ਢੰਗ-ਤਰੀਕਿਆਂ ਦੀ ਪੜਚੋਲ ਕਰਨ ਦੇ ਨਿਰਦੇਸ਼ ਵੀ ਦਿੱਤੇ । ਮੀਟਿੰਗ ਵਿੱਚ ਪੇਡਾ ਦੀ ਸੀ. ਈ. ਓ. ਮਿਸ. ਨੀਲਿਮਾ, ਡਾਇਰੈਕਟਰ ਐਮ. ਪੀ. ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.