post

Jasbeer Singh

(Chief Editor)

Patiala News

ਡਿਪਟੀ ਕਮਿਸ਼ਨਰ ਵੱਲੋਂ ਨਹਿਰੀ ਪਾਣੀ ਸਪਲਾਈ ਲਈ ਪੁੱਟੀਆਂ ਸੜਕਾਂ ਦੀ ਮੁਰੰਮਤ ਦੇ ਕੰਮ ਦਾ ਜਾਇਜ਼ਾ

post-img

ਡਿਪਟੀ ਕਮਿਸ਼ਨਰ ਵੱਲੋਂ ਨਹਿਰੀ ਪਾਣੀ ਸਪਲਾਈ ਲਈ ਪੁੱਟੀਆਂ ਸੜਕਾਂ ਦੀ ਮੁਰੰਮਤ ਦੇ ਕੰਮ ਦਾ ਜਾਇਜ਼ਾ -ਲੀਲ੍ਹਾ ਭਵਨ, ਦੁੱਖ ਨਿਵਾਰਨ ਸਾਹਿਬ, ਖੰਡਾ ਚੌਕ, ਫੁਹਾਰਾ ਚੌਂਕ ਦੀ ਮੁਰੰਮਤ, ਪਾਣੀ ਦੀ ਨਿਕਾਸੀ ਤੇ ਫੁੱਟਪਾਥ ਠੀਕ ਕਰਨ ਸਮੇਤ ਨਾਜਾਇਜ਼ ਕਬਜ਼ੇ ਤੇ ਬਿਜਲੀ ਦੇ ਖੰਭੇ ਹਟਾਉਣ ਦੀ ਹਦਾਇਤ -ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਸਮਾਗਮਾਂ ਤੋਂ ਪਹਿਲਾਂ-ਪਹਿਲਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਸੜਕਾਂ ਦੇ ਸਾਰੇ ਕੰਮ ਮੁਕੰਮਲ ਕਰਨ ਲਈ ਕਿਹਾ -ਪਾਣੀ ਦੀਆਂ ਪਾਇਪਾਂ ਪਾਉਣ ਦੇ ਤੁਰੰਤ ਬਾਅਦ ਮੁਰੰਮਤ ਦਾ ਕੰਮ ਸ਼ੁਰੂ ਕਰਨ ਦੀ ਹਦਾਇਤ -ਸੜਕਾਂ ਮੁਰੰਮਤ ਹੋਣ ਤੋਂ ਬਾਅਦ ਵੀ ਜੇਕਰ ਨਾਜਾਇਜ਼ ਕਬਜੇ ਰਹੇ ਤੇ ਪਾਣੀ ਦੀ ਨਿਕਾਸੀ ਨਾ ਹੋਈ ਤਾਂ ਸਬੰਧਤ ਅਧਿਕਾਰੀ ਹੋਣਗੇ ਜਿੰਮੇਵਾਰ-ਡੀ.ਸੀ. ਪਟਿਆਲਾ, 10 ਜੁਲਾਈ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸ਼ਹਿਰ ਅੰਦਰ ਨਹਿਰੀ ਪਾਣੀ ਦੀ ਸਪਲਾਈ ਲਈ ਪੁੱਟੀਆਂ ਜਾ ਰਹੀਆਂ ਸੜਕਾਂ ਦੀ ਮੁਰੰਮਤ ਦੇ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਜਲ ਸਪਲਾਈ ਤੇ ਸੀਵਰੇਜ ਬੋਰਡ ਵੱਲੋਂ ਐਲ.ਐਂਡ ਟੀ ਦੁਆਰਾ ਪਾਇਪਲਾਈਨ ਪਾਏ ਜਾਣ ਦੇ ਕੰਮ ਦੇ ਮੁਕੰਮਲ ਹੋਣ ਦੀ ਐਨ.ਓ.ਸੀ. ਮਿਲਣ ਦੇ ਤੁਰੰਤ ਬਾਅਦ ਸੜਕਾਂ ਦੀ ਮੁਰੰਮਤ ਦੇ ਟੈਂਡਰ ਲਗਾ ਦਿੱਤੇ ਜਾਣ ਤੇ ਕੰਮ ਨੂੰ ਤੇਜੀ ਨਾਲ ਮੁਕੰਮਲ ਕਰਵਾਇਆ ਜਾਣਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਚੌਂਕ, ਜੇਲ੍ਹ ਰੋਡ ਤ੍ਰਿਪੜੀ ਮੋੜ ਤੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੇ ਸਰਹਿੰਦ ਰੋਡ ਤੋਂ ਖੰਡਾ ਚੌਂਕ, ਖੰਡਾ ਚੌਂਕ ਤੋਂ ਲਹਿਲ ਚੌਂਕ, ਲੀਲ੍ਹਾ ਭਵਨ ਚੌਂਕ ਤੇ ਇਸ ਤੋਂ ਅੱਗੇ ਫੁਹਾਰਾ ਚੌਂਕ ਸਮੇਤ ਫੁਹਾਰਾ ਚੌਂਕ ਤੋਂ ਕਾਲੀ ਦੇਵੀ ਮੰਦਿਰ ਤੱਕ ਸੜਕਾਂ 'ਚ ਪਾਈਪਲਾਈਨ ਪਾਏ ਜਾਣ ਦੇ ਕੰਮ ਦਾ ਮੁਲੰਕਣ ਕੀਤਾ। ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਸੜਕਾਂ ਤੇ ਚੌਂਕਾਂ ਦੀ ਮੁਰੰਮਤ ਸਮੇਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਸੜਕਾਂ ਬਣਾਉਣ ਸਮੇਂ ਬਰਸਾਤੀ ਪਾਣੀ ਦੀ ਨਿਕਾਸੀ ਯਕੀਨੀ ਹੋਵੇ, ਨਾਜਾਇਜ਼ ਕਬਜੇ ਹਟਾਏ ਜਾਣ, ਸੜਕ ਕਿਨਾਰੇ ਬਿਜਲੀ ਤੇ ਹੋਰ ਖੰਭੇ ਵੀ ਨਾ ਹੋਣ, ਜਿਸ ਦੀ ਆੜ ਹੇਠ ਕੋਈ ਰੈਂਪ, ਫੁਟਪਾਥ ਆਦਿ ਵਰਗਾ ਨਜਾਇਜ਼ ਕਬਜਾ ਕਰ ਸਕੇ, ਸੜਕਾਂ ਦੀ ਚੌੜਾਈ ਦੀ ਪੈਮਾਇਸ਼ ਪੂਰੀ ਹੋਵੇ, ਫੁੱਟਪਾਥ ਠੀਕ ਤਰ੍ਹਾਂ ਨਾਲ ਹੋਣ ਤੇ ਇਨ੍ਹਾਂ ਥੱਲੇ ਡਰੇਨੇਜ ਪਾਇਪਾਂ ਦਾ ਪ੍ਰਬੰਧ ਹੋਵੇ। ਡਾ. ਪ੍ਰੀਤੀ ਯਾਦਵ ਨੇ ਜਲ ਸਪਲਾਈ ਤੇ ਸੀਵਰੇਜ ਬੋਰਡ, ਲੋਕ ਨਿਰਮਾਣ ਵਿਭਾਗ ਤੇ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰਾਂ ਤੇ ਕਾਰਜਕਾਰੀ ਇੰਜੀਨੀਅਰਾਂ ਨੂੰ ਆਦੇਸ਼ ਦਿੱਤੇ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਵਸ ਦੇ ਸਮਾਗਮਾਂ ਦੇ ਸਬੰਧ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇੜੇ ਸਾਰੇ ਕੰਮ ਅਕਤੂਬਰ ਤੱਕ ਮੁਕੰਮਲ ਕਰ ਲਏ ਜਾਣ ਤਾਂ ਕਿ ਸ਼ਰਧਾਲੂਆਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਉਹ ਖ਼ੁਦ ਚੱਲਦੇ ਕੰਮ ਦਾ ਮੌਕੇ 'ਤੇ ਜਾਇਜ਼ਾ ਲੈਣਗੇ ਤੇ ਜੇਕਰ ਸੜਕਾਂ ਦੇ ਮੁਰੰਮਤ ਹੋਣ ਤੋਂ ਬਾਅਦ ਵੀ ਕੋਈ ਨਾਜਾਇਜ਼ ਕਬਜੇ ਰਹੇ ਜਾਂ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਈ ਜਾਂ ਕੋਈ ਹੋਰ ਕੁਤਾਹੀ ਨਜ਼ਰ ਆਈ ਤਾਂ ਕੰਮ ਵਾਲੀ ਏਜੰਸੀ ਤੇ ਵਿਭਾਗੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਗਰ ਨਿਗਮ ਦੇ ਐਸ.ਈਜ ਹਰਕਿਰਨ ਸਿੰਘ, ਗੁਰਪ੍ਰੀਤ ਸਿੰਘ ਵਾਲੀਆ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ, ਲੋਕ ਨਿਰਮਾਣ ਵਿਭਾਗ ਦੇ ਡਵੀਜਨ ਨੰਬਰ 1, 2 ਤੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਕਾਰਜਕਾਰੀ ਇੰਜੀਨੀਅਰ, ਇੰਜ. ਪਿਯੂਸ਼ ਅਗਰਵਾਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Related Post