

ਇਲਾਕੇ ਵਿੱਚ ਕੱਲ੍ਹ ਪਏ ਮੀਂਹ ਅਤੇ ਗੜਿਆਂਨੇ ਜਿਥੇ ਹਾੜ੍ਹੀ ਦੀ ਮੁੱਖ ਫਸਲ ਕਣਕ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਟਮਾਟਰ, ਖਰਬੂਜਾ, ਖੀਰਾ ਤੇ ਪਿਆਜ਼ ਸਮੇਤ ਸੂਰਜਮੁਖੀ ਆਦਿ ਦਾ ਵੀ ਕਈ ਥਾਈਂ ਨੁਕਸਾਨ ਹੋਇਆ ਹੈ। ਪਟਿਆਲਾ ਸੰਸਦੀ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਐੱਨ. ਕੇ ਸ਼ਰਮਾ ਨੇ ਅਜਿਹੇ ਖਰਾਬੇ ਦਾ ਜਾਇਜ਼ਾ ਲੈਣ ਉਪਰੰਤ ਸਰਕਾਰ ਤੋਂ ਪੀੜਤ ਕਿਸਾਨਾਂ ਲਈ ਘੱਟੋ ਘੱਟ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ ਦੀ ਮੰਗ ਕੀਤੀ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਇਹ ਵਰ੍ਹਾ ਬੇਹੱਦ ਨੁਕਸਾਨਦਾਇਕ ਰਿਹਾ ਹੈ। ਕਿਉਂਕਿ ਪਹਿਲਾਂ ਵਾਰ ਵਾਰ ਆਏ ਹੜ੍ਹਾਂ ਦੌਰਾਨ ਵਾਰ ਵਾਰ ਕਿਸਾਨਾਂ ਦਾ ਝੋਨਾ ਖਰਾਬ ਹੁੰਦਾ ਰਿਹਾ। ਪਰ ਪੰਜਾਬ ਸਰਕਾਰ ਨੇ ਮੁਆਵਜ਼ੇ ਦਾ ਭਰੋਸਾ ਦਿਵਾਉਂਦਿਆਂ ਕਿਸੇ ਵੀ ਕਿਸਾਨ ਦੀ ਬਾਂਹ ਨਹੀਂ ਫੜੀ। ਜਦਕਿ ਹੁਣ ਐਨ ਪੱਕ ਚੁੱਕੀ ਹਾੜ੍ਹੀ ਦੀ ਫਸਲ ਵੀ ਮੀਂਹ, ਝੱਖੜ ਅਤੇ ਗੜੇਮਾਰੀ ਦੀ ਭੇਟ ਚੜ੍ਹ ਗਈ। ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪ੍ਰਭਾਵਿਤ ਖੇਤਰਾਂ ਦੇ ਪੀੜਤ ਕਿਸਾਨਾ ਨੂੰ ਢੁਕਵਾਂ ਮੁਆਵਜਾ ਪ੍ਰਦਾਨ ਕਰੇ।