ਸਾਡਾ ਸਮਾਜ ਜਮਾਤੀ ਹੈ ਜਿਸ ਵਿੱਚ ਅਮੀਰੀ ਗ਼ਰੀਬੀ ਤੇ ਜਾਤ ਪਾਤ ਦਾ ਕੋਹੜ ਤਾਂ ਹੈ, ਨਾਲ ਹੀ ਪਿਤਰਕੀ ਸੋਚ ਵੀ ਗਹਿਰੇ ਰੂਪ ਵਿੱਚ ਸਮਾਜਿਕ ਜੜ੍ਹਾਂ ਜਮਾਈ ਬੈਠੀ ਹੈ। ਇਸੇ ਕਾਰਨ ਔਰਤ ਨੂੰ ਮਰਦ ਦੇ ਮੁਕਾਬਲੇ ਦੂਜਾ ਦਰਜਾ ਦਿੱਤਾ ਗਿਆ ਹੈ। ਔਰਤਾਂ ਦੇ ਦਮਨ ਅਤੇ ਵਿਤਕਰੇ ਨੂੰ ਰੋਜ਼ਮੱਰਾ ਜਿ਼ੰਦਗੀ ’ਚੋਂ ਪਛਾਣਿਆ ਜਾ ਸਕਦਾ ਹੈ ਜਿਸ ਦੇ ਅਨੇਕ ਪੱਖ ਇਸ ਪਿਤਰਕੀ ਸੱਤਾ ਦੀ ਪੈਦਾਵਾਰ ਹਨ। ਔਰਤ ਨੂੰ ਬੌਧਿਕ ਤੌਰ ’ਤੇ ਮਰਦ ਬਰਾਬਰ ਨਹੀਂ ਸਮਝਿਆ ਜਾਂਦਾ। ਔਰਤ ਮਰਦ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਸਮਾਜ ਦੇ ਵਿਕਾਸ ਵਿੱਚ ਬਰਾਬਰ ਦਾ ਯੋਗਦਾਨ ਪਾ ਰਹੇ ਹਨ। ਸੰਵਿਧਾਨਕ ਤੌਰ ’ਤੇ ਤਾਂ ਭਾਵੇਂ ਔਰਤ ਨੂੰ ਕਈ ਹੱਕ ਪ੍ਰਾਪਤ ਹਨ ਪਰ ਅਸਲ ਵਿੱਚ ਸਥਿਤੀ ਕੁਝ ਹੋਰ ਹੈ। ਘਰ ਤੋਂ ਸ਼ੁਰੂ ਹੋ ਕੇ ਪੜ੍ਹਾਈ, ਨੌਕਰੀ ਅਤੇ ਸਮਾਜ ਵਿਚ ਉਸ ਨੂੰ ਆਰਥਿਕ, ਸਰੀਰਕ ਅਤੇ ਮਾਨਸਿਕ ਤੇ ਲਿੰਗਕ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅੱਜ ਸਥਿਤੀ ਇਹ ਹੈ ਕਿ ਔਰਤਾਂ/ਕੁੜੀਆਂ ਨਾਲ ਹੋ ਰਹੀਆਂ ਜਬਰ ਜਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ।ਵਲਟੋਹਾ ਕਸਬੇ ਵਿੱਚ ਔਰਤ ਨੂੰ ਨਿਰਵਸਤਰ ਕਰ ਕੇ ਘੁਮਾਉਣ ਦੀ ਵੀਡਿਓ ਨੇ ਇੱਕ ਵਾਰ ਫਿਰ ਔਰਤ ਦੀ ਸੁਰੱਖਿਆ ’ਤੇ ਸਵਾਲੀਆ ਚਿੰਨ੍ਹ ਲਗਾਇਆ ਹੈ। ਕਿਤੇ ਔਰਤ ਨੂੰ ਨੀਵਾਂ ਦਿਖਾਉਂਦਿਆਂ ਗੀਤ ਵਿੱਚ ਭੇਡ ਕਿਹਾ ਗਿਆ ਤੇ ਕਿਤੇ ਡਾਂਸਰ ਕੁੜੀ ਦੀ ਅਸਹਿਮਤੀ ’ਤੇ ਮਰਦਾਵੀਂ ਹੈਂਕੜ ਸ਼ਰਾਬ ਦਾ ਗਲਾਸ ਉਸ ਵੱਲ ਵਗ੍ਹਾ ਮਾਰਦੀ ਹੈ। ਵਧ ਰਹੇ ਬਲਾਤਕਾਰ, ਕਿਤੇ ਅਣਖ ਦੇ ਨਾਂ ’ਤੇ ਕਤਲ ਸਮਾਜ ਦੇ ਮੂੰਹ ’ਤੇ ਦਾਗ਼ ਹਨ। ਅਜਿਹੀਆਂ ਘਟਨਾਵਾਂ ਲਈ ਜਿੱਥੇ ਜਗੀਰੂ ਮਾਨਸਿਕਤਾ ਤੇ ਮਰਦਾਵੀਂ ਸੱਤਾ ਜਿ਼ੰਮੇਵਾਰ ਹੈ, ਉਥੇ ਦੇਸ਼ ਦੇ ਹਾਕਮ ਵੀ ਔਰਤਾਂ ਖਿ਼ਲਾਫ਼ ਹੋ ਰਹੇ ਅਪਰਾਧਾਂ ਨੂੰ ਰੋਕਣ ਵਿੱਚ ਅਸਫਲ ਰਹੇ ਹਨ। ਇਹ ਪ੍ਰਬੰਧ ਔਰਤਾਂ ਨੂੰ ਸੁਰੱਖਿਅਤ ਮਾਹੌਲ ਦੇਣ ਵਿੱਚ ਨਾਕਾਮ ਰਿਹਾ ਹੈ ਜਿਸ ਕਾਰਨ ਔਰਤਾਂ ਖਿ਼ਲਾਫ਼ ਜ਼ੁਲਮ ਵਧ ਰਿਹਾ ਹੈ।ਅਸਲ ਵਿਚ ਔਰਤ ਨੂੰ ਮਹਿਜ਼ ਭੋਗ ਦੀ ਵਸਤੂ ਸਮਝਿਆ ਜਾ ਰਿਹਾ ਹੈ। ਮੰਡੀ ਸਭਿਆਚਾਰ ਨੇ ਤਾਂ ਕੁੜੀ ਨੂੰ ਨੁਮਾਇਸ਼ ਦੀ ਵਸਤ ਬਣਾ ਕੇ ਉਸ ਦਾ ਬਿੰਬ ਹੋਰ ਵਿਗਾੜ ਦਿੱਤਾ ਹੈ। ਜਦੋਂ ਵੀ ਕੋਈ ਲੜਾਈ, ਦੰਗਾ ਹੋਵੇ ਜਾਂ ਬਦਲਾ ਲੈਣਾ ਹੋਵੇ ਤਾਂ ਔਰਤ ਨਾਲ ਜਿ਼ਆਦਤੀ ਕੀਤੀ ਜਾਂਦੀ ਹੈ। ਉਂਝ ਵੀ ਸਮਾਜ ਦਾ ਨਜ਼ਰੀਆ ਇਹ ਬਣਿਆ ਹੋਇਆ ਹੈ ਕਿ ਔਰਤ ਤੇ ਮਰਦ ਦੋਹਾਂ ਦੇ ਕਸੂਰਵਾਰ ਹੋਣ ’ਤੇ ਦੋਸ਼ ਔਰਤ ਸਿਰ ਮੜ੍ਹਿਆ ਜਾਂਦਾ ਹੈ। ਅਣਖ ਦੇ ਨਾਂ ’ਤੇ ਹੋ ਰਹੇ ਕਤਲ ਵੀ ਜਿ਼ਆਦਾਤਰ ਔਰਤ ਕੇਂਦਰਿਤ ਹਨ। ਇਸ ਸਮਾਜ ਨੇ ਅਣਖ ਦਾ ਸਵਾਲ ਵੀ ਔਰਤ ਨਾਲ ਜੋੜ ਦਿੱਤਾ ਹੈ।ਅਣਖ ਦੇ ਵੀ ਦੋ ਵੱਖੋ-ਵੱਖਰੇ ਅਰਥ ਹਨ। ਉਦੋਂ ਅਣਖ ਗੌਰਵ ਦਾ ਪ੍ਰਤੀਕ ਬਣਦੀ ਹੈ ਜਦੋਂ ਬੰਦਾ ਸਮੂਹਿਕ ਹਿੱਤਾਂ ਲਈ ਕਾਰਵਾਈ ਕਰਦਾ ਹੋਇਆ ਮਨੁੱਖੀ ਲੁੱਟ ਦੇ ਖਿਲਾਫ਼ ਖੜ੍ਹਦਾ ਹੈ। ਅਜਿਹੇ ਅਣਖੀ ਮਨੁੱਖ ਦੀ ਸਮਾਜ ਵਿੱਚ ਇੱਜ਼ਤ ਵਧਦੀ ਹੈ। ਜਦ ਅਣਖ ਤੇ ਇੱਜ਼ਤ ਦਾ ਸੰਕਲਪ ਘਰ, ਪਰਿਵਾਰ, ਘਰਾਣੇ, ਜਾਤ, ਧਰਮ ਤੋਂ ਪੈਦਾ ਹੰਕਾਰ ਨਾਲ ਜੁੜਦਾ ਹੈ ਤਾਂ ਮਨੁੱਖ ਅੰਦਰਲੀ ਦੁਬਿਧਾ ਬਾਹਰੀ ਰੂਪ ਵਿੱਚ ਘਾਤਕ ਬਣਦੀ ਹੈ ਜੋ ਹੈਵਾਨੀਅਤ ਵਿੱਚ ਢਲਦੀ ਗ਼ਲਤ ਠੀਕ ਦੀ ਪਛਾਣ ਭੁੱਲ ਜਾਂਦੀ ਹੈ।ਅਸਲ ਵਿੱਚ ਅਜੋਕੇ ਮਨੁੱਖ ਦੀਆਂ ਪਦਾਰਥਕ ਰੁਚੀਆਂ ਨੇ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੱਤਾ। ਮਨੁੱਖੀ ਰਿਸ਼ਤਿਆਂ ਦੇ ਨਿਘਾਰ ਦਾ ਕਾਰਨ ਮਨੁੱਖ ਅੰਦਰੋਂ ਨੈਤਿਕ, ਸਦਾਚਾਰਕ ਕਦਰਾਂ ਕੀਮਤਾਂ ਦਾ ਖ਼ਾਤਮਾ ਹੈ। ਇੱਕ ਪਾਸੇ ਉਪਰੋਂ ਪੈ ਰਿਹਾ ਆਧੁਨਿਕਤਾ ਦਾ ਪ੍ਰਭਾਵ, ਦੂਜੇ ਪਾਸੇ ਮੱਧਯੁਗ ਦੀ ਚੱਕੀ ਵਿੱਚ ਪਿਸ ਰਹੀ ਲੁਕਾਈ ਨੇ ਗੈਰ-ਜਿ਼ੰਮੇਵਾਰਾਨਾ ਸਥਿਤੀ ਨੂੰ ਜਨਮ ਦਿੱਤਾ ਹੈ। ਅਜਿਹੇ ਹਾਲਾਤ ਵਿੱਚ ਨਵੀਂ ਤੇ ਪੁਰਾਣੀ ਪੀੜ੍ਹੀ ਦੇ ਸੋਚਣ ਵਿਚਰਨ ਦਾ ਫਾਸਲਾ ਕਈ ਘਟਨਾਵਾਂ ਨੂੰ ਜਨਮ ਦੇ ਰਿਹਾ ਹੈ। ਮਾਪੇ ਜਦੋਂ ਪਿਛਾਂਹਖਿੱਚੂ ਸੋਚ ਦੇ ਧਾਰਨੀ ਬਣਦੇ ਤੇ ਬੱਚੇ ਆਜਾ਼ਦੀ ਦੇ ਭਰਮ ਨੂੰ ਅੰਤਿਮ ਸੱਚ ਮੰਨ ਲੈਂਦੇ ਤਾਂ ਇਹ ਟਕਰਾਵੀ ਸਥਿਤੀ ਕਿਸੇ ਨਾ ਕਿਸੇ ਪਾਸੇ ਮੋੜ ਲੈਂਦੀ ਹੈ। ਜੇ ਪਿਆਰ ਵਿਆਹ ਵਿੱਚ ਦੋਹਾਂ ਧਿਰਾਂ ਦੀ ਸਹਿਮਤੀ ਬਣਦੀ ਹੈ ਤਾਂ ਅਣਸੁਖਾਵੀਂ ਘਟਨਾ ਦਾ ਡਰ ਨਹੀਂ ਰਹਿੰਦਾ। ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਕਰਵਾਏ ਵਿਆਹ ਬਾਰੇ ਪੰਜਾਬੀ/ਭਾਰਤੀ ਸਮਾਜ ਦੁਬਿਧਾ ਵਿੱਚ ਹੈ। ਇਹ ਪਿਛਾਖੜੀ ਸੋਚ ਕਿਸੇ ਨਾਲ ਅਸਹਿਮਤੀ, ਬਦਲਾ ਲੈਣਾ, ਨੀਚਾ ਦਿਖਾਉਣ, ਬਰਬਾਦ ਕਰਨ ਆਦਿ ਕਈ ਰੂਪਾਂ ਵਿੱਚ ਪ੍ਰਗਟਦੀ ਹਿੰਸਕ ਘਟਨਾ ਤੱਕ ਪਹੁੰਚ ਜਾਂਦੀ ਹੈ। ਔਰਤ ਨੂੰ ਨਿੱਜੀ ਜਾਇਦਾਦ ਸਮਝਣ ਵਾਲਾ ਇਹ ਸਮਾਜ ਰਿਸ਼ਤੇ, ਵਿਆਹ, ਇੱਜ਼ਤ ਤੇ ਰੁਤਬੇ ’ਤੇ ਟਿਕਿਆ ਹੈ। ਪਿਆਰ ਵਿਆਹ ਪ੍ਰਤੀ ਇਸ ਸਮਾਜ ਵਿੱਚ ਅਣਖ ਦਾ ਮਸਲਾ ਬਹੁਤ ਟੇਢਾ ਹੈ। ਮਰਦਾਵੀਂ ਹੈਂਕੜ ਵਿੱਚ ਨਿਹੰਗ ਸਿੰਘ ਨੇ ਵੀ ਆਪਣੀ ਕੁੜੀ ਨੂੰ ਮਾਰ ਕੇ ਉਸ ਦੀ ਦੇਹ ਮੋਟਰ ਸਾਇਕਲ ਪਿੱਛੇ ਬੰਨ੍ਹ ਕੇ ਗਲੀਆਂ ਵਿੱਚ ਘੁਮਾਉਂਦਿਆਂ ਇਹ ਦੱਸਣ ਦੀ ਕੋਸਿ਼ਸ਼ ਕੀਤੀ ਕਿ ਮੇਰੀ ਕੁੜੀ ਨੇ ਪਿਆਰ ਸਬੰਧਾਂ ਵਿੱਚ ਪੈ ਕੇ ਘਰ ਦੀ ਇੱਜ਼ਤ ਰੋਲ ਦਿੱਤੀ ਹੈ ਜਿਸ ਦਾ ਨਤੀਜਾ ਇਹ ਹਸ਼ਰ ਹੈ। ਕੁੜੀ ਨੂੰ ਘਰ ਦੀ ਇੱਜ਼ਤ ਨਾਲ ਬੰਨ੍ਹਣਾ ਤੇ ਇੱਜ਼ਤ ਦਾ ਸੁਆਲ ਖੜ੍ਹਾ ਕਰ ਕੇ ਬਦਲਾ ਲੈਣ ਦੀ ਘਟਨਾ ਨੂੰ ਅੰਜਾਮ ਦੇਣਾ ਜਗੀਰੂ/ਪਿਛਾਖੜੀ ਰੂੜੀਵਾਦੀ ਸੋਚ ਦੀ ਦੇਣ ਹੈ।ਦੂਜੇ ਪਾਸੇ, ਨਵੀਂ ਪੀੜ੍ਹੀ ਖਪਤਕਾਰੀ ਸਭਿਆਚਾਰ ਦੇ ਪ੍ਰਭਾਵ ਹੇਠ ਆਜ਼ਾਦੀ ਦੇ ਨਾਂ ’ਤੇ ਖੁੱਲ੍ਹਾਂ ਲੈ ਰਹੀ ਹੈ। ਕਾਮੁਕਤਾ ਅਤੇ ਜਿਸਮਾਨੀ ਖਿੱਚ ਦੇ ਬੁਰੇ ਵੀ ਨਤੀਜੇ ਆ ਰਹੇ ਹਨ। ਪਿਆਰ ਵਿਆਹ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ, ਜਾਗੀਰੂ/ਪਿਛਾਖੜੀ ਮਾਨਸਿਕਤਾ, ਮਰਦਾਵੀਂ ਹੈਂਕੜ, ਔਰਤ ਦੀ ਸਥਿਤੀ ਨਾਲ ਜੁੜਿਆ ਹੋਇਆ ਹੈ।ਇਹ ਚਿੰਤਾ ਦਾ ਵਿਸ਼ਾ ਹੈ ਕਿ ਧੀਆਂ ਭੈਣਾਂ ਅਣਖ ਤੇ ਇੱਜ਼ਤ ਨਾਲ ਬੱਝੀਆਂ ਕਿਤੇ ਵੀ ਸੁਰੱਖਿਅਤ ਨਹੀਂ। ਇਹ ਬਿਮਾਰ ਸਮਾਜ ਦੀ ਨਿਸ਼ਾਨੀ ਹੈ। ਬਿਮਾਰ ਮਾਨਸਿਕਤਾ ਔਰਤ ਦੇ ਸਰੀਰ ’ਤੇ ਹਮਲਾ ਕਰਨ ਤੋਂ ਪਹਿਲਾਂ ਠੋਸ ਨੀਂਹ ਤਿਆਰ ਕਰਦੀ ਹੈ। ਇਹ ਉਹ ਕਾਮੁਕ/ਸਰੀਰਕ ਹਮਲਾ ਹੁੰਦਾ ਹੈ ਜੋ ਕਿਸੇ ਕੁੜੀ/ਔਰਤ ਦੀ ਰਜ਼ਾਮੰਦੀ ਤੋਂ ਬਗੈਰ ਉਸ ਦੇ ਨਾਲ ਸਰੀਰਕ ਜ਼ੋਰ, ਵਧੀਕੀ ਜਾਂ ਬਦਲੇ ਦੀ ਭਾਵਨਾ ਤਹਿਤ ਕੀਤਾ ਜਾਂਦਾ ਹੈ। ਬਿਮਾਰ ਮਾਨਸਿਕਤਾ ਵਾਲੇ ਲੋਕ ਅਜਿਹੇ ਮੌਕੇ ਦੀ ਤਲਾਸ਼ ਵਿੱਚ ਰਹਿੰਦੇ ਹਨ। ਉਹ ਆਪਣੇ ਤੋਂ ਵੱਖਰੀ ਜਾਤ, ਧਰਮ ਜਾਂ ਫਿ਼ਰਕੇ ਨੂੰ ਨੀਵਾਂ ਦਿਖਾਉਣ ਲਈ ਘਟੀਆ ਹਰਕਤਾਂ ਕਰਦੇ ਹਨ। ਅਜਿਹੇ ਮੁਲਜ਼ਮ ਕਿਸੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਰਾਜਸੀ ਸ਼ਰਨ ਲੈਂਦੇ ਹਨ। ਇਹੀ ਕਾਰਨ ਹੈ ਕਿ ਅਜਿਹੇ ਲੋਕਾਂ ਨੂੰ ਫੜਨ ਲਈ ਪੁਲੀਸ ਤੇ ਪ੍ਰਸ਼ਾਸਨ ਕੁਝ ਨਹੀਂ ਕਰਦੇ।ਇਸ ਦੇ ਨਾਲ ਇਹ ਪੱਖ ਵੀ ਸਾਹਮਣੇ ਆਉਦਾ ਹੈ ਕਿ ਕਾਨੂੰਨ ਜਿੰਨੇ ਮਰਜ਼ੀ ਬਣ ਜਾਣ ਪਰ ਸਾਰਾ ਕੁਝ ਇਨ੍ਹਾਂ ਨੂੰ ਲਾਗੂ ਕਰਨ ਅਤੇ ਕਰਵਾਉਣ ਵਾਲਿਆਂ ’ਤੇ ਨਿਰਭਰ ਕਰਦਾ ਹੈ। ਘਟਨਾ ਕਿਉਂ ਵਾਪਰਦੀ ਹੈ, ਇਸ ਬਾਰੇ ਸੋਚਣ ਦੀ ਬਜਾਇ ਪ੍ਰਸ਼ਾਸਨ ਤੇ ਸਰਕਾਰ ਉਸ ਵੇਲੇ ਹੀ ਹਰਕਤ ਵਿੱਚ ਆਉਂਦੇ ਹਨ ਜਦੋਂ ਲੋਕਾਂ ਦਾ ਰੋਹ ਸਿਰ ਚੜ੍ਹ ਕੇ ਬੋਲ ਰਿਹਾ ਹੁੰਦਾ ਹੈ। ਅਜਿਹੀਆਂ ਘਟਨਾਵਾਂ ਵਧ ਰਹੀਆਂ ਹਨ। ਦੇਸ਼ ਦੀ ਵੰਡ ਸਮੇਂ, 84 ਦੇ ਕਤਲੇਆਮ, ਗੁਜਰਾਤ ਤੇ ਮੁਜ਼ੱਫਰਨਗਰ ਦੇ ਦੰਗਿਆਂ, ਹਰਿਆਣਾ ਵਿੱਚ ਜਾਟ ਅੰਦੋਲਨ, ਕਸ਼ਮੀਰ ਵਿਚਲੀ ਹਿੰਸਾ ਆਦਿ ਸਮੇਂ ਔਰਤਾਂ ਦੀ ਬੇਪਤੀ ਇਸੇ ਮਕਸਦ ਤਹਿਤ ਹੋਈ ਤੇ ਹੁਣ ਵੀ ਹੋ ਰਹੀ ਹੈ; ਇਹ ਭਾਵੇਂ ਹਾਥਰਸ ਵਾਲੀ ਘਟਨਾ ਹੋਵੇ ਭਾਵੇਂ ਆਸਿਫਾ਼ ਵਾਲੀ। ਜਦੋਂ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਸਾਡੀ ਲੜਾਈ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਤੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਤੱਕ ਸੀਮਤ ਨਹੀਂ ਹੋਣੀ ਚਾਹੀਦੀ ਹੈ ਬਲਕਿ ਦਰਿੰਦਿਆਂ ਦੀ ਅਜਿਹੀ ਸੋਚ ਦੀ ਜੜ੍ਹ ਦੇ ਖਾਤਮੇ ਤੱਕ ਜਦੋਜਹਿਦ ਕਰਨੀ ਪਵੇਗੀ। ਅਜਿਹੀ ਘਟਨਾ ਤੋਂ ਬਾਅਦ ਅਕਸਰ ਇਹ ਵਿਚਾਰ ਆਉਂਦਾ ਹੈ ਕਿ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਾਂ ਉਨਾਂ ਨੂੰ ਮਾਰ ਦਿੱਤਾ ਜਾਵੇ। ਨਿਰਭਿਆ ਕੇਸ ਵਿੱਚ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ; ਹੈਦਰਾਬਾਦ ਵਿੱਚ ਵੈਟਰਨਰੀ ਡਾਕਟਰ ਦਾ ਸਮੂਹਿਕ ਬਲਾਤਕਾਰ ਕਰਨ ਵਾਲਿਆਂ ਨੂੰ ਮੁਕਾਬਲੇ ਵਿੱਚ ਮਾਰਿਆ ਗਿਆ ਪਰ ਇਨ੍ਹਾਂ ਘਟਨਾਵਾਂ ਨੂੰ ਠੱਲ੍ਹ ਫਿਰ ਵੀ ਨਹੀਂ ਪੈ ਸਕੀ। ਇਸ ਲਈ ਇਨ੍ਹਾਂ ਘਟਨਾਵਾਂ ਨੂੰ ਖ਼ਤਮ ਕਰਨ ਦਾ ਫਾਰਮੂਲਾ ਸਤਹੀ ਪੱਧਰ ’ਤੇ ਨਹੀਂ, ਜੜ੍ਹ ਵਿੱਚ ਦੇਖਣ ਦੀ ਜ਼ਰੂਰਤ ਹੈ।ਔਰਤਾਂ ਖਿਲਾਫ ਜੁਰਮ ਰੋਕਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲੋਕ ਸੰਘਰਸ਼ਾਂ ਨਾਲ ਸਰਕਾਰ ਤੇ ਨਿਆਂ ਪ੍ਰਣਾਲੀ ’ਤੇ ਦਬਾਅ ਬਣਾਉਣਾ ਚਾਹੀਦਾ ਹੈ। ਜੇ ਔਰਤ ਨੇ ਦਾਬੇ ਅਤੇ ਵਿਤਕਰੇ ਵਾਲੇ ਸਮਾਜ ਤੋਂ ਮੁਕਤੀ ਲੈਣੀ ਹੈ ਤਾਂ ਨਾਰੀ ਅੰਦੋਲਨਾਂ ਦੀ ਠੀਕ ਦਿਸ਼ਾ ਨਿਰਧਾਰਿਤ ਕਰਨੀ ਹੋਵੇਗੀ। ਨਾਰੀ ਨੂੰ ਆਪਣੀ ਹੋਂਦ ਅਤੇ ਪਛਾਣ ਸਥਾਪਿਤ ਕਰਨ ਲਈ ਖ਼ੁਦ ਅੱਗੇ ਆਉਣਾ ਪਵੇਗਾ। ਸਮਾਜ ਵਿਚਲੀਆਂ ਪਿੱਛਾਂਹਖਿਚੂ ਤੇ ਢਾਹੂ ਕਦਰਾਂ-ਕੀਮਤਾਂ ਖ਼ਤਮ ਕਰਨ ਲਈ ਲਗਾਤਾਰ ਆਵਾਜ਼ ਉਠਾਉਣ ਦੀ ਲੋੜ ਹੈ। ਇਹ ਲੜਾਈ ਵੱਡੇ ਪੱਧਰ ’ਤੇ ਕਰਨ ਦੀ ਲੋੜ ਹੈ ਜਿਸ ਵਿੱਚ ਸਮੁੱਚਾ ਨਾਰੀ ਵਰਗ, ਹੋਰ ਸ਼ੋਸ਼ਿਤ ਧਿਰਾਂ ਅਤੇ ਚਿੰਤਨਸ਼ੀਲ ਲੋਕਾਂ ਨੂੰ ਵੀ ਸ਼ਾਮਿਲ ਕਰਨਾ ਪਵੇਗਾ। ਇਸੇ ਦਿਸ਼ਾ ਵੱਲ ਅੱਗੇ ਵਧਦੇ ਹੋਏ ਅਸੀਂ ਸਿਹਤਮੰਦ ਅਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਕਰ ਸਕਦੇ ਹਾਂ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.