go to login
post

Jasbeer Singh

(Chief Editor)

Patiala News

ਪਟਿਆਲਾ ਵਿੱਚ ‘ਆਪ’ ਦੀ ਹਾਰ ਦਾ ਮੰਥਨ ਹੋਣ ਲੱਗਾ

post-img

ਆਮ ਆਦਮੀ ਪਾਰਟੀ ਦੀ ਪਟਿਆਲਾ ਵਿੱਚ ਹੋਈ ਕਰਾਰੀ ਹਾਰ ਦਾ ਮੰਥਨ ਹੋਣ ਲੱਗਾ ਹੈ। ਅੱਜ ਆਮ ਆਦਮੀ ਪਾਰਟੀ ਦੇ ਦੋ ਮੰਤਰੀਆਂ- ਡਾ. ਬਲਬੀਰ ਸਿੰਘ ਤੇ ਚੇਤਨ ਸਿੰਘ ਜੌੜਾਮਾਜਰਾ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਵਿੱਚ ਹੋਈ ਹਾਰ ਦਾ ਮੰਥਨ ਕੀਤਾ। ਇੱਥੇ ਇਕ ‘ਆਪ’ ਆਗੂ ਨੇ ਕਿਹਾ ਕਿ ਜੇ ਬੀਜੇਪੀ ਡੇਰਾਬੱਸੀ, ਰਾਜਪੁਰਾ ਤੇ ਪਟਿਆਲਾ ਸ਼ਹਿਰੀ ਤੋਂ ਜਿੱਤ ਸਕਦੀ ਹੈ ਤਾਂ ਸਾਰਿਆਂ ਨੂੰ ਇਸ ਬਾਰੇ ਖ਼ਾਸ ਤਵੱਜੋ ਦੇਣ ਦੀ ਲੋੜ ਹੈ। ਭਾਵੇਂ ‘ਆਪ’ ਉਮੀਦਵਾਰ ਦੂਜੇ ਨੰਬਰ ’ਤੇ ਆਇਆ ਹੈ ਪਰ ਫਿਰ ਵੀ ਹਾਰ ਦੇ ਬਹੁਤ ਵੱਡੇ ਕਾਰਨ ਹਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਸਮਾਣਾ ਤੋਂ ਚੇਤਨ ਸਿੰਘ ਜੌੜਾਮਾਜਰਾ ਤੇ ਸਨੌਰ ਤੋਂ ਹਰਮੀਤ ਸਿੰਘ ਪਠਾਣਮਾਜਰਾ ਦੇ ਹਲਕਿਆਂ ਤੋਂ ਜਿੱਤੀ ਹੈ ਜਦਕਿ ਬਾਕੀ ਸਾਰੇ ਹਲਕਿਆਂ ਤੋਂ ਹਾਰੀ ਹੈ। ਅਜੀਤਪਾਲ ਸਿੰਘ ਕੋਹਲੀ ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਜਿੱਤੇ ਸਨ, ਜਿਸ ਦੀ ਕਾਫ਼ੀ ਚਰਚਾ ਹੋਈ ਸੀ ਪਰ ਇਸ ਵਾਰ ਪ੍ਰਨੀਤ ਕੌਰ ਨੇ ‘ਆਪ’ ਉਮੀਦਵਾਰ ਨੂੰ ਕਰੀਬ ਦੁੱਗਣੀਆਂ ਵੋਟਾਂ ਨਾਲ ਹਰਾਇਆ ਹੈ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਸ਼ਹਿਰੀ ਸਿੱਖਾਂ ਨੇ ਪ੍ਰਨੀਤ ਕੌਰ ਵੱਲ ਮੁੜ ਧਿਆਨ ਮੋੜਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਡਾ. ਬਲਬੀਰ ਸਿੰਘ ਹੀ ਆਪਣੇ ਹਲਕੇ ’ਚੋਂ ਹਾਰ ਗਏ ਹਨ ਤਾਂ ਫੇਰ ਇਹ ਵੱਡੇ ਚਿੰਤਨ ਦੀ ਲੋੜ ਹੈ, ਕਿਉਂਕਿ ਪਟਿਆਲਾ ਦਿਹਾਤੀ ਤੋਂ ‘ਆਪ’ ਨੂੰ 2022 ਵਿੱਚ ਵੱਡੀ ਜਿੱਤ ਹਾਸਲ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਡਾ. ਬਲਬੀਰ ਸਿੰਘ ਨੇ ਮੰਤਰੀ ਬਣਨ ਤੋਂ ਬਾਅਦ ਸਿਹਤ ਸਹੂਲਤਾਂ ਦਿੱਤੀਆਂ, ਪਰ ਉਨ੍ਹਾਂ ਦਾ ਪ੍ਰਚਾਰ ਕਰਨ ਵਿੱਚ ਕਾਮਯਾਬ ਨਹੀਂ ਹੋਏ। ਸਨੌਰ ਤੋਂ ਪਾਰਟੀ ਦਾ ਆਧਾਰ ਅਜੇ ਵੀ ਮਜ਼ਬੂਤ ਰਹਿਣਾ ਇਹ ਦਰਸਾ ਰਿਹਾ ਹੈ ਕਿ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਕੰਮ ਕਰਨ ਦਾ ਤਰੀਕਾ ਲੋਕਾਂ ਨੂੰ ਚੰਗਾ ਲੱਗਿਆ ਹੈ, ਜਿਸ ਕਰਕੇ ਉੱਥੋਂ ‘ਆਪ’ ਨੇ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਡੇਰਾਬਸੀ, ਘਨੌਰ, ਰਾਜਪੁਰਾ, ਸ਼ੁਤਰਾਣਾ ਆਦਿ ਹਲਕਿਆਂ ਵਿਚ ਵੀ ‘ਆਪ’ ਦੀ ਕਾਰਗੁਜ਼ਾਰੀ ਬਹੁਤ ਹੀ ਮਾੜੀ ਰਹੀ ਹੈ। ਪਤਾ ਲੱਗਾ ਹੈ ਕਿ ਆਉਂਦੇ ਦਿਨਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪਟਿਆਲਾ ਦੇ ਵਿਧਾਇਕਾਂ ਦੀ ਟੀਮ ਨੂੰ ਸੱਦ ਸਕਦੇ ਹਨ।

Related Post