
ਵਿੱਦਿਅਕ ਕਾਨਫ਼ਰੰਸਾਂ ਵਿਦਿਆਰਥੀਆਂ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ: ਪ੍ਰੋ. ਮੁਲਤਾਨੀ
- by Jasbeer Singh
- October 22, 2024

ਵਿੱਦਿਅਕ ਕਾਨਫ਼ਰੰਸਾਂ ਵਿਦਿਆਰਥੀਆਂ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ: ਪ੍ਰੋ. ਮੁਲਤਾਨੀ -ਪੰਜਾਬੀ ਯੂਨੀਵਰਸਿਟੀ ਵਿਖੇ ਤਿੰਨ ਦਿਨਾ 'ਕੌਮਾਂਤਰੀ ਕੀਰਤਨ ਕਾਨਫ਼ਰੰਸ' ਆਰੰਭ -ਵੱਖ-ਵੱਖ ਅਦਾਰਿਆਂ ਦੇ ਯਤਨਾਂ ਸਦਕਾ ਕੀਰਤਨ ਦੀਆਂ ਅਲੋਪ ਹੋ ਰਹੀਆਂ ਸ਼ੈਲੀਆਂ ਮੁੜ ਸੁਰਜੀਤ ਹੋਈਆਂ: ਸ੍ਰ. ਸਰਬਪ੍ਰੀਤ ਸਿੰਘ, ਯੂ. ਐੱਸ. ਏ. - ਪੁਰਾਤਨ ਸ਼ੈਲੀਆਂ ਨਾਲ਼ ਜੁੜੇ ਰਾਗੀ ਸਾਹਿਬਾਨ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਦੇ ਯੋਗਦਾਨ ਨੂੰ ਧਿਆਨ ਵਿੱਚ ਰਖਦਿਆਂ ਵਿਸ਼ੇਸ਼ ਅਜਾਇਬ ਘਰ ਵੀ ਹੋਣਾ ਚਾਹੀਦਾ ਹੈ ਸਥਾਪਿਤ: ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਪਟਿਆਲਾ, 22 ਅਕਤੂਬਰ : ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਅਕਾਦਮਿਕ ਕਾਨਫ਼ਰੰਸਾਂ ਵਿਦਿਆਰਥੀਆਂ ਦੇ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਪੰਜਾਬੀ ਯੂਨੀਵਰਸਿਟੀ ਲਗਾਤਾਰ ਅਜਿਹੀਆਂ ਕਾਨਫ਼ਰੰਸਾਂ ਕਰਵਾ ਕੇ ਵਿਦਿਆਰਥੀਆਂ ਦੇ ਵਿੱਦਿਅਕ ਵਿਕਾਸ ਵਿੱਚ ਯੋਗਦਾਨ ਪਾ ਰਹੀ ਹੈ। ਇਹ ਵਿਚਾਰ ਪ੍ਰੋ. ਮੁਲਤਾਨੀ ਨੇ ਪੰਜਾਬੀ ਯੂਨੀਵਰਸਿਟੀ ਦੀ ਭਾਈ ਵੀਰ ਸਿੰਘ ਚੇਅਰ ਵੱਲੋਂ ਨਾਦ ਮਿਊਜ਼ਿਕ ਇੰਸਟੀਚਿਊਟ, ਯੂ. ਐੱਸ. ਏ. ਦੇ ਸਹਿਯੋਗ ਨਾਲ਼ ਕਰਵਾਈ ਜਾ ਰਹੀ ਤਿੰਨ ਦਿਨਾ 'ਕੌਮਾਂਤਰੀ ਕੀਰਤਨ ਕਾਨਫ਼ਰੰਸ' ਦੇ ਅੱਜ ਉਦਘਾਟਨੀ ਸੈਸ਼ਨ ਮੌਕੇ ਪ੍ਰਗਟਾਏ। ਇਹ ਕਾਨਫ਼ਰੰਸ 'ਹਰਮਨਿਓਟਿਕਸ ਆਫ਼ ਡੀਵਾਈਨ ਸਾਊਂਡਸਕੇਪਜ਼: ਡੀਕੋਡਿੰਗ ਦਾ ਮਿਊਜ਼ੀਕਲ ਸਿਗਨੇਚਰਜ਼ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ' ਵਿਸ਼ੇ ਉੱਤੇ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ੇ ਪੱਖੋਂ ਇਹ ਵਿਲੱਖਣ ਕਿਸਮ ਦੀ ਕਾਨਫ਼ਰੰਸ ਹੈ ਜਿਸ ਵਿੱਚ ਗੁਰਬਾਣੀ ਕੀਰਤਨ ਨਾਲ ਸੰਬੰਧਿਤ ਵੱਖ ਵੱਖ ਸ਼ੈਲੀਆਂ ਦਾ ਬਰੀਕੀ ਸਹਿਤ ਅਧਿਐਨ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਵੀ ਆਪਣੇ ਆਪ ਵਿੱਚ ਵਿਲੱਖਣ ਹੈ ਕਿ ਸਾਡੇ ਰਹਿਨੁਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਮੁੱਚੀ ਬਾਣੀ ਰਾਗਾਂ ਵਿੱਚ ਹੈ। ਉਨ੍ਹਾਂ ਆਪਣੇ ਨਿੱਜੀ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਹ ਕੀਰਤਨ ਦੇ ਬਹੁਤ ਨੇੜੇ ਹਨ, ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਹੁੰਦੇ ਲਾਈਵ ਕੀਰਤਨ ਨੂੰ ਸੁਣ ਕੇ ਹੁੰਦੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਕਾਨਫ਼ਰੰਸ ਦੌਰਾਨ ਕੀਰਤਨ ਅਤੇ ਇਸ ਦੀਆਂ ਸ਼ੈਲੀਆਂ ਨਾਲ਼ ਸੰਬੰਧਿਤ ਵਿਸਥਾਰ ਵਿੱਚ ਚਰਚਾ ਹੋਵੇਗੀ ਜਿਸ ਦੇ ਭਰਪੂਰ ਸਿੱਟੇ ਸਾਹਮਣੇ ਆਉਣਗੇ। ਮੁੱਖ ਸੁਰ ਭਾਸ਼ਣ ਦਿੰਦਿਆਂ ਸ੍ਰ. ਸਰਬਦੀਪ ਸਿੰਘ, ਯੂ. ਐੱਸ. ਏ. ਨੇ ਕੀਰਤਨ ਦੀਆਂ ਪੁਰਾਤਨ ਸੈਲੀਆਂ ਦੇ ਸੰਬੰਧ ਵਿੱਚ ਬੋਲਦਿਆਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕੁਝ ਸਮਾਂ ਪਹਿਲਾਂ ਜਿੰਨ੍ਹਾਂ ਸ਼ੈਲੀਆਂ ਬਾਰੇ ਅਲੋਪ ਹੋ ਜਾਣ ਦੇ ਖਦਸ਼ੇ ਨਾਲ ਚਿੰਤਾ ਪ੍ਰਗਟਾਈ ਜਾਂਦੀ ਸੀ, ਅੱਜ ਵੱਖ-ਵੱਖ ਅਦਾਰਿਆਂ ਅਤੇ ਸ਼ਖ਼ਸੀਅਤਾਂ ਦੇ ਯਤਨਾਂ ਸਦਕਾ ਅੱਜ ਉਹ ਸ਼ੈਲੀਆਂ ਮੁੜ ਸੁਰਜੀਤ ਹੋ ਚੁੱਕੀਆਂ ਹਨ। ਉਨ੍ਹਾਂ ਇੱਕ ਹੋਰ ਅਹਿਮ ਟਿੱਪਣੀਆਂ ਕਰਦਿਆਂ ਕਿਹਾ ਕਿ ਜਿੱਥੇ ਸਾਨੂੰ ਇੱਕ ਪਾਸੇ ਕੀਰਤਨ ਦੀਆਂ ਪੁਰਾਤਨ ਅਤੇ ਨਿਰਧਾਰਿਤ ਸ਼ੈਲੀਆਂ ਨੂੰ ਅਹਿਮੀਅਤ ਦੇਣੀ ਚਾਹੀਦੀ ਹੈ ਉੱਥੇ ਹੀ ਬਾਕੀ ਸਭ ਸ਼ੈਲੀਆਂ ਪ੍ਰਤੀ ਵੀ ਉਦਾਰਚਿਤ ਰਹਿਣ ਦੀ ਲੋੜ ਹੈ। ਉਨ੍ਹਾਂ ਗੁਰਮਤਿ ਸੰਗੀਤ ਪ੍ਰਾਜੈਕਟ ਦੇ ਹਵਾਲੇ ਨਾਲ਼ ਗੱਲ ਕਰਦਿਆਂ ਜਿੱਥੇ ਆਪਣੇ ਇਸ ਪ੍ਰਾਜੈਕਟ ਦੇ ਪੈਦਾ ਹੋਣ ਤੋਂ ਲੈ ਕੇ ਸਿਖਰ ਤੱਕ ਜਾਣ ਦੀ ਗੱਲ ਕੀਤੀ ਉੱਥੇ ਹੀ ਬਹੁਤ ਸਾਰੀਆਂ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਨ੍ਹਾਂ ਨੇ ਕੀਰਤਨ ਦੀਆਂ ਪੁਰਾਤਨ ਸ਼ੈਲੀਆਂ ਦੀ ਸੰਭਾਲ਼ ਵਿੱਚ ਵਡਮੁੱਲਾ ਯੋਗਦਾਨ ਪਾਇਆ। ਦਿੱਲੀ ਤੋਂ ਪੁੱਜੇ ਸ੍ਰ. ਦਿਵਿਆਜੋਤ ਸਿੰਘ ਨੇ ਆਪਣੇ ਪੜਦਾਦੇ ਭਾਈ ਹੀਰਾ ਸਿੰਘ ਜੀ ਰਾਗੀ, ਜਿਨ੍ਹਾਂ ਨੂੰ ਇਹ ਕਾਨਫ਼ਰੰਸ ਸਮਰਪਿਤ ਹੈ, ਦੇ ਹਵਾਲੇ ਨਾਲ਼ ਆਪਣੇ ਪਰਿਵਾਰ ਦੀ ਪਰੰਪਰਾ ਅਤੇ ਕੀਰਤਨ ਬਾਰੇ ਗੱਲਾਂ ਕੀਤੀਆਂ। ਸ੍ਰੀ. ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਪੁੱਜੇ ਹਜ਼ੂਰੀ ਰਾਗੀ ਭਾਈ ਮਨਿੰਦਰ ਸਿੰਘ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਆਪਣੀ ਕਿਸਮ ਦਾ ਪਹਿਲਾ ਕਾਰਜ ਹੈ। ਉਨ੍ਹਾਂ ਇੱਛਾ ਪ੍ਰਗਟਾਈ ਕਿ ਕੀਰਤਨ ਦੀਆਂ ਪੁਰਾਤਨ ਸ਼ੈਲੀਆਂ ਨਾਲ਼ ਜੁੜੇ ਰਾਗੀ ਸਾਹਿਬਾਨ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਦੇ ਯੋਗਦਾਨ ਨੂੰ ਧਿਆਨ ਵਿੱਚ ਰਖਦਿਆਂ ਵਿਸ਼ੇਸ਼ ਅਜਾਇਬ ਘਰ ਵੀ ਸਥਾਪਿਤ ਹੋਣਾ ਚਾਹੀਦਾ ਹੈ। ਭਾਈ ਵੀਰ ਸਿੰਘ ਚੇਅਰ ਦੇ ਇੰਚਾਰਜ ਡਾ. ਜਸਵਿੰਦਰ ਸਿੰਘ ਨੇ ਉਦਘਾਟਨੀ ਸੈਸ਼ਨ ਦਾ ਸੰਚਾਲਨ ਕਰਦਿਆਂ ਦੱਸਿਆ ਕਿ ਇਸ ਕਾਨਫ਼ਰੰਸ ਵਿੱਚ 17 ਵੱਖ-ਵੱਖ ਦੇਸਾਂ ਤੋਂ ਡੈਲੀਗੇਟ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਮੋਡ ਰਾਹੀਂ ਇਸ ਕਾਨਫ਼ਰੰਸ ਦਾ ਸਿੱਧਾ ਪ੍ਰਸਾਰਣ ਵੀ ਹੋ ਰਿਹਾ ਹੈ। ਨਾਦ ਮਿਊਜ਼ਿਕ ਇੰਸਟੀਚਿਊਟ, ਯੂ. ਐੱਸ. ਏ. ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਵੱਲੋਂ ਧੰਨਵਾਦੀ ਭਾਸ਼ਣ ਦੌਰਾਨ ਆਪਣੀ ਸੰਸਥਾ ਦੇ ਕਾਰਜਾਂ ਦੇ ਹਵਾਲੇ ਨਾਲ਼ ਕਾਨਫ਼ਰੰਸ ਦੇ ਵਿਸ਼ੇ ਬਾਰੇ ਅਹਿਮ ਟਿੱਪਣੀਆਂ ਕੀਤੀਆਂ ਗਈਆਂ।
Related Post
Popular News
Hot Categories
Subscribe To Our Newsletter
No spam, notifications only about new products, updates.