

ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਮੀਟਿੰਗ *ਅਕਾਦਮਿਕ ਕੌਂਸਲ ਦਾ ਉਦੇਸ਼ ਸਿੱਖਿਆ ਨੂੰ ਨਵੇਂ ਯੁਗ ਦਾ ਹਾਣੀ ਬਨਾਉਣਾ-ਕੇ. ਕੇ. ਯਾਦਵ* *ਅਕਾਦਮਿਕ ਕੌਂਸਲ ਦੀ ਮੀਟਿੰਗ ਵਿੱਚ ਕਈ ਏਜੰਡੇ ਪਾਸ, ਮੀਟਿੰਗ ਦੀ ਕਾਰਵਾਈ ਡੀਨ ਅਕਾਦਮਿਕ ਮਾਮਲੇ ਡਾ. ਏ.ਕੇ. ਤਿਵਾੜੀ ਨੇ ਚਲਾਈ* ਪਟਿਆਲ, 23 ਜੁਲਾਈ : ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਇਕੱਤਰਤਾ ਨੂੰ ਸੰਬੋਧਿਤ ਕਰਦੇ ਹੋਏ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਕੇ.ਕੇ. ਯਾਦਵ ਨੇ ਕਿਹਾ ਕਿ ਇਸ ਦਾ ਉਦੇਸ਼ ਅਕਾਦਮਿਕ ਸਿੱਖਿਆ ਨੂੰ ਨਵੇਂ ਯੁਗ ਦਾ ਹਾਣੀ ਬਨਾਉਣਾ ਹੈ। ਸ੍ਰੀ ਯਾਦਵ ਕੁਝ ਜ਼ਰੂਰੀ ਕਾਰਨਾ ਦੇ ਕਰਕੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਹੋਈ ਇਸ ਮੀਟਿੰਗ ਵਿੱਚ ਆਨਲਾਈਨ ਵਿਧੀ ਰਾਹੀਂ ਕਰਵਾਈ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਅਕਾਦਮਿਕ ਫ਼ੈਸਲਿਆਂ ਅਤੇ ਅਕਾਦਮਿਕ ਅਗਵਾਈ ਲਈ ਯੂਨੀਵਰਸਿਟੀ ਦੇ ਸੁਚਾਰੂ ਅਕਾਦਮਿਕ ਪ੍ਰਬੰਧਨ ਹਿੱਤ ਅਕਾਦਮਿਕ ਕੌਂਸਲ ਇਕ ਅਹਿਮ ਸਥਾਨ ਰੱਖਦੀ ਹੈ। ਸ੍ਰੀ ਕੇ.ਕੇ. ਯਾਦਵ ਵੱਲੋਂ ਯੂਨੀਵਰਸਿਟੀ ਦੇ ਉਪਕੁਲਪਤੀ ਵਜੋਂ ਅਹੁਦਾ ਸੰਭਾਲਣ ਉਪਰੰਤ ਅਕਾਦਮਿਕ ਕੌਂਸਲ ਦੀ ਇਸ ਪਹਿਲੀ ਇਕੱਤਰਤਾ ਦੌਰਾਨ ਅਕਾਦਮਿਕ ਕੌਂਸਲ ਵੱਲੋਂ ਉਨ੍ਹਾਂ ਦਾ ਰਸਮੀ ਰੂਪ ਵਿਚ ਸਵਾਗਤ ਕੀਤਾ ਗਿਆ। ਇਕੱਤਰਤਾ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਨਵੇਂ ਸਮਿਆਂ ਦਾ ਹਾਣੀ ਬਣਾਉਣ ਹਿੱਤ ਨਵੇਂ ਅਕਾਦਮਿਕ ਰੁਝਾਨਾਂ ਤਹਿਤ ਜਲਦੀ ਹੀ ਨਵੇਂ ਕੋਰਸ ਉਲੀਕਣ ਸੰਬੰਧੀ ਵਿਸਤ੍ਰਿਤ ਯੋਜਨਾ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਹੋਰ ਉਚਾਈਆਂ ’ਤੇ ਲੈ ਕੇ ਜਾਣ ਲਈ ਸਾਨੂੰ ਸਾਰਿਆਂ ਨੂੰ ਮਿਲਕੇ ਉਪਰਾਲੇ ਕਰਨ ਦੀ ਲੋੜ ਹੈ। ਇਸ ਮੌਕੇ ਅਕਾਦਮਿਕ ਕੌਂਸਲ ਨੇ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਵਿੱਚ ਵੱਖ ਵੱਖ ਕੋਰਸ ਚਲਾਉਣ ਦੀ ਪੁਸ਼ਟੀ ਕੀਤੀ। ਇਨ੍ਹਾਂ ਕੋਰਸਾਂ ਦੀ ਗਿਣਤਤੀ 17 ਦੇ ਕਰੀਬ ਹੈ। ਇਨ੍ਹਾਂ ਦੇ ਸ਼ੁਰੂ ਹੋਣ ਦੇ ਨਾਲ ਵਿਦਿਆਰਥੀਆਂ ਲਈ ਪੜ੍ਹਾਈ ਅਤੇ ਰੋਜ਼ਗਾਰ ਲਈ ਨਵੇਂ ਮੌਕੇ ਪੈਦਾ ਹੋਣਗੇ। ਅਕਾਦਮਿਕ ਕੌਂਸਲ ਦੀ ਕਾਰਵਾਈ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਏ.ਕੇ. ਤਿਵਾੜੀ ਨੇ ਚਲਾਈ। ਉਨ੍ਹਾਂ ਨੇ ਮੀਟਿੰਗ ਵਿਚਲੇ ਏਜੰਡੇ ਦੀਆਂ ਵਖ-ਵਖ ਮੱਦਾਂ ਨੂੰ ਕੌਂਸਲ ਮੈਂਬਰਾਂ ਅੱਗੇ ਪ੍ਰਸਤੁਤ ਕੀਤਾ ਜਿਨ੍ਹਾਂ ਨੇ ਇਨ੍ਹਾਂ ਨੂੰ ਪ੍ਰਵਾਨਿਤ ਕਰ ਦਿੱਤਾ। ਇਸ ਦੌਰਾਨ ਕਈ ਮੈਂਬਰਾਂ ਨੇ ਆਪਣੇ ਸੁਝਾਅ ਵੀ ਪੇਸ਼ ਕੀਤੇ।