
ਗੋਦਾਮ ਚੋਂ ਆ ਰਹੀ ਸੁਸਰੀ ਤੋਂ ਘਨੌਰ ਵਾਸੀ ਪ੍ਰੇਸ਼ਾਨ, ਇਸ ਦਾ ਹੱਲ ਕਰਨ ਦੀ ਕੀਤੀ ਮੰਗ
- by Jasbeer Singh
- July 23, 2024

ਗੋਦਾਮ ਚੋਂ ਆ ਰਹੀ ਸੁਸਰੀ ਤੋਂ ਘਨੌਰ ਵਾਸੀ ਪ੍ਰੇਸ਼ਾਨ, ਇਸ ਦਾ ਹੱਲ ਕਰਨ ਦੀ ਕੀਤੀ ਮੰਗ - ਰੋਕਥਾਮ ਨਾ ਹੋਣ ਤੇ ਇਥੋਂ ਦੇ ਵਸਨੀਕਾਂ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ :- ਘਨੌਰ ਵਾਸੀ ਘਨੌਰ, 23 ਜੁਲਾਈ () ਇਥੋਂ ਦੇ ਐਫ.ਸੀ.ਆਈ. ਅਤੇ ਮਾਰਕਫੈਡ ਦੇ ਗੋਦਾਮਾ ਚੋਂ ਆਉਂਦੀ ਸੁਸਰੀ ਤੋਂ ਪ੍ਰੇਸ਼ਾਨ ਮੁਹੱਲਾ ਵਾਸੀਆਂ ਨੇ ਉਕਤ ਏਜੰਸੀਆਂ ਦੇ ਅਧਿਕਾਰੀਆਂ ਖਿਲਾਫ ਰੋਸ਼ ਜਤਾਉਂਦਿਆਂ ਮੰਗ ਕੀਤੀ ਕਿ ਇਸ ਦਾ ਸਥਾਈ ਹੱਲ ਕੀਤਾ ਜਾਵੇ। ਇਸ ਮੌਕੇ ਹਰਿੰਦਰ ਸਿੰਘ ਰਿੰਕੂ, ਜਸਵਿੰਦਰ ਸਿੰਘ, ਨਰਿੰਦਰ ਸਿੰਘ ਕਾਲਾ, ਹਰਪ੍ਰੀਤ ਸਿੰਘ, ਮਨਿੰਦਰ ਸਿੰਘ, ਮਿੱਠੂ ਸਿੰਘ, ਅਵਤਾਰ ਸਿੰਘ ਹਰਚੰਦ ਸਿੰਘ, ਪਰਵਿੰਦਰ ਸਿੰਘ ਭੰਗੂ, ਸੁਰਿੰਦਰ ਅੰਟਾਲ, ਰੋਸ਼ਨ ਅਲੀ, ਡਾ ਅਮਰ, ਮੈਡਮ ਵਿਜੈ ਲਕਸ਼ਮੀ, ਰੂਪ ਸਿੰਘ ਆਦਿ ਵਿਅਕਤੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਘਨੌਰ 'ਚ ਬਣੇ ਗੋਦਾਮਾਂ ਵਿੱਚ ਕਣਕ ਰੱਖੀ ਹੋਈ ਹੈ। ਜਿਸ ਵਿਚੋਂ ਸੁਸਰੀ ਨਿਕਲ ਕੇ ਆਉਂਦੀ ਹੈ। ਜਿਸ ਕਰਕੇ ਨੇੜਲੇ ਮੁਹੱਲਾ ਵਾਸੀਆਂ ਤੇ ਘਨੌਰ ਦੇ ਵਸਨੀਕਾਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ । ਉਨ੍ਹਾਂ ਦੱਸਿਆ ਕਿ ਇਥੇ ਰੱਖੀ ਹੋਈ ਕਣਕ ਵਿੱਚ ਅਧਿਕਾਰੀਆਂ ਵੱਲੋਂ ਸਮੇਂ ਸਿਰ ਦਵਾਈ ਦਾ ਛਿੜਕਾਅ ਨਾ ਕੀਤੇ ਜਾਣ ਕਰਕੇ ਸੁਸਰੀ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਗੁਦਾਮਾਂ ਵਿੱਚੋਂ ਉੱਡ ਕੇ ਆਉਂਦੀ ਸੁਸਰੀ ਕਾਰਨ ਘਨੌਰ ਵਾਸੀ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਬਾਰੇ ਕਈ ਵਾਰ ਗੋਦਾਮ ਦੇ ਅਧਿਕਾਰੀਆਂ ਨੂੰ ਸੂਚਿਤ ਕੀਤੇ ਜਾਣਦੇ ਬਾਵਜੂਦ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਉਹਨਾਂ ਦੱਸਿਆ ਕਿ ਇਹ ਸੁਸਰੀ ਸ਼ਾਮ ਵੇਲੇ ਉੱਡ ਕੇ ਉਹਨਾਂ ਦੇ ਉੱਪਰ ਆ ਡਿੱਗਦੀ ਹੈ। ਇਹ ਬਹੁਤ ਲੜਦੀ ਹੈ ਅਤੇ ਇਸ ਤੋਂ ਇਲਾਵਾ ਉਹਨਾਂ ਨੂੰ ਆਪਣਾ ਭੋਜਨ ਖਾਣਾ ਵੀ ਬਹੁਤ ਮੁਸ਼ਕਿਲ ਹੋ ਰਿਹਾ ਹੈ। ਇਥੋਂ ਦੇ ਵਸਨੀਕ ਸੁਸਰੀ ਕਾਰਨ ਬਹੁਤ ਪ੍ਰੇਸ਼ਾਨ ਹਨ। ਉਨ੍ਹਾਂ ਰੋਸ਼ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਉਕਤ ਅਧਿਕਾਰੀਆਂ ਵੱਲੋਂ ਜਲਦ ਹੀ ਕੋਈ ਦਵਾਈ ਛਿੜਕ ਕੇ ਸੁਸਰੀ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਕੋਈ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ । ਇਸ ਸਬੰਧੀ ਜਦੋਂ ਅਸੀਂ ਐਫ.ਸੀ.ਆਈ. ਘਨੌਰ ਦੇ ਕੁਆਲਿਟੀ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਹਰ ਰੋਜ਼ ਲਗਾਤਾਰ ਸੁਰਸਰੀ ਨੂੰ ਰੋਕਣ ਲਈ ਦਵਾਈਆਂ ਅਤੇ ਸਪਰੇ ਕੀਤਾ ਜਾ ਰਿਹਾ ਅਤੇ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਸਾਡੇ ਵਿਭਾਗ ਵਲੋ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ ਜੇਕਰ ਕੋਈ ਵੀ ਵਾਰਡ ਦਾ ਵਿਅਕਤੀ ਸਾਡੇ ਗੋਦਾਮ ਚੈੱਕ ਕਰਨਾ ਚਾਹੁੰਦਾਂ ਹੈ ਤਾਂ ਅਸੀਂ ਚੈੱਕ ਵੀ ਕਰਵਾ ਸਕਦੇ ਹਾਂ।