
ਜ਼ਿਲ੍ਹੇ 'ਚ ਉਲਟੀਆਂ ਤੇ ਦਸਤ ਰੋਗ ਫੈਲਣ ਤੋਂ ਰੋਕਣ ਲਈ ਜਮੀਨੀ ਪੱਧਰ 'ਤੇ ਕੀਤੀ ਜਾਵੇ ਕਾਰਵਾਈ-ਡਾ. ਪ੍ਰੀਤੀ ਯਾਦਵ
- by Jasbeer Singh
- July 8, 2025

ਜ਼ਿਲ੍ਹੇ 'ਚ ਉਲਟੀਆਂ ਤੇ ਦਸਤ ਰੋਗ ਫੈਲਣ ਤੋਂ ਰੋਕਣ ਲਈ ਜਮੀਨੀ ਪੱਧਰ 'ਤੇ ਕੀਤੀ ਜਾਵੇ ਕਾਰਵਾਈ-ਡਾ. ਪ੍ਰੀਤੀ ਯਾਦਵ -ਉਲਟੀਆਂ ਤੇ ਦਸਤ ਕੇਸਾਂ ਦਾ ਜਾਇਜ਼ਾ, ਡਾਇਰੈਕਟਰ ਸਿਹਤ, ਕਮਿਸ਼ਨਰ ਨਗਰ ਨਿਗਮ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ -ਡੀ.ਸੀ. ਵੱਲੋਂ ਅਲੀਪੁਰ ਅਰਾਈਆਂ ਤੇ ਮਾਤਾ ਕੌਸ਼ੱਲਿਆ ਹਸਪਤਾਲ ਦਾ ਦੌਰਾ, ਮਰੀਜਾਂ ਨਾਲ ਵੀ ਗੱਲਬਾਤ -ਡਾਇਰੀਆ ਫੈਲਣ ਤੋਂ ਰੋਕਣ ਲਈ ਐਸ.ਡੀ.ਐਮ., ਜਲ ਸਪਲਾਈ ਤੇ ਸੀਵਰੇਜ, ਨਗਰ ਨਿਗਮ, ਸਿਹਤ ਵਿਭਾਗ ਦੇ ਅਧਿਕਾਰੀਆਂ 'ਤੇ ਅਧਾਰਤ ਕਮੇਟੀ ਦਾ ਵੀ ਗਠਨ ਪਟਿਆਲਾ, 8 ਜੁਲਾਈ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸਵੇਰੇ ਉਲਟੀਆਂ ਤੇ ਦਸਤ ਰੋਗ ਪ੍ਰਭਾਵਤ ਅਲੀਪੁਰ ਅਰਾਈਆਂ, ਹੈਲਥ ਤੇ ਵੈਲਨੈਸ ਸੈਂਟਰ ਅਤੇ ਮਾਤਾ ਕੌਸ਼ੱਲਿਆ ਹਸਪਤਾਲ ਦਾ ਦੌਰਾ ਕਰਕੇ ਸਿਹਤ ਵਿਭਾਗ ਦੇ ਡਾਇਰੈਕਟਰ ਡਾ ਹਿਤੇਂਦਰ ਕੌਰ, ਕਮਿਸ਼ਨਰ ਨਗਰ ਨਿਗਮ ਪਰਮਵੀਰ ਸਿੰਘ ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਡਾਇਰੀਆ ਮਾਮਲਿਆਂ ਦਾ ਜਾਇਜ਼ਾ ਲਿਆ। ਡਾ. ਪ੍ਰੀਤੀ ਯਾਦਵ ਨੇ ਸਮੂਹ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਡਾਇਰੀਆ ਦੇ ਮਾਮਲੇ ਵਧਣ ਤੋਂ ਰੋਕਣ ਲਈ ਜਮੀਨੀ ਪੱਧਰ 'ਤੇ ਕਾਰਵਾਈ ਕੀਤੀ ਜਾਵੇ ਅਤੇ ਇਸ ਵਿੱਚ ਕੋਈ ਢਿੱਲ ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਡਾਇਰੀਆ ਰੋਗ ਫੈਲਣ ਦੇ ਕਾਰਨਾਂ ਦਾ ਪਤਾ ਲਾਉਣ ਸਮੇਤ ਇਸ ਨੂੰ ਹੋਰ ਅੱਗੇ ਫੈਲਣ ਤੋਂ ਰੋਕਣ ਲਈ ਐਸ.ਡੀ.ਐਮ ਦੀ ਅਗਵਾਈ ਹੇਠ ਕਮੇਟੀ ਦਾ ਵੀ ਗਠਨ ਕੀਤਾ, ਜਿਸ 'ਚ ਜਲ ਸਪਲਾਈ ਤੇ ਸੀਵਰੇਜ ਬੋਰਡ, ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਗਿਆ। ਡਾ. ਪ੍ਰੀਤੀ ਯਾਦਵ ਨੇ ਇਸ ਤੋਂ ਪਹਿਲਾਂ ਆਪਣੇ ਅਲੀਪੁਰ ਅਰਾਈਆਂ ਤੇ ਮਾਤਾ ਕੌਸ਼ੱਲਿਆ ਹਸਪਤਾਲ ਦੇ ਦੌਰੇ ਦੌਰਾਨ ਦਸਤ ਰੋਗ ਤੋਂ ਪੀੜਤ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਚੱਲ ਰਹੇ ਇਲਾਜ ਬਾਰੇ ਜਾਇਜ਼ਾ ਲਿਆ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿੱਥੇ ਆਪਣੇ ਘਰਾਂ ਵਿੱਚ ਪਾਣੀ ਦੀ ਗ਼ੈਰ ਕਾਨੂੰਨੀ ਸਪਲਾਈ ਨਾ ਚਲਾਉਣ ਉਥੇ ਹੀ ਬਰਸਾਤ ਦੇ ਮੌਸਮ 'ਚ ਦੂਸ਼ਿਤ ਪਾਣੀ ਪੀਣ ਤੋਂ ਬਚਣ ਲਈ ਕਲੋਰੀਨ ਦੀਆਂ ਗੋਲੀਆਂ ਵਾਲਾ ਅਤੇ ਉਬਲਿਆ ਪਾਣੀ ਪੀਣ ਨੂੰ ਹੀ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਉਲਟੀਆਂ ਜਾਂ ਦਸਤ ਦੇ ਕੋਈ ਲੱਛਣ ਆਉਂਦੇ ਹਨ ਤਾਂ ਉਹ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਹਸਪਤਾਲ ਤੋਂ ਮੈਡੀਕਲ ਸਹਾਇਤਾ ਲੈਣ। ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਨਗਰ ਨਿਗਮ ਸਮੇਤ ਸੀਵਰੇਜ ਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਤੋਂ ਅਲੀਪੁਰ ਅਰਾਈਆਂ ਵਿਖੇ ਪਾਣੀ ਦੀ ਸਪਲਾਈ 'ਚ ਸੀਵਰੇਜ ਦਾ ਗੰਦਾ ਪਾਣੀ ਮਿਲਣ ਤੋਂ ਰੋਕਣ ਲਈ ਕੀਤੀ ਕਾਰਵਾਈ ਦਾ ਜਾਇਜ਼ਾ ਲਿਆ ਅਤੇ ਆਦੇਸ਼ ਦਿਤੇ ਕਿ ਸ਼ਹਿਰ ਸਮੇਤ ਜ਼ਿਲ੍ਹੇ 'ਚ ਹੋਰ ਵੀ ਹੌਟਸਪੌਟ ਇਲਾਕਿਆਂ 'ਚ ਵੀ ਸਾਵਧਾਨੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਪਟਿਆਲਾ ਸਮੇਤ ਸਾਰੇ ਜ਼ਿਲ੍ਹੇ ਵਿੱਚ ਸਾਰੀਆਂ ਹੌਟ-ਸਪੌਟ ਥਾਵਾਂ ਦੀ ਨਿਗਰਾਨੀ ਕੀਤੀ ਜਾਵੇ ਅਤੇ ਜਿੱਥੇ ਕਿਤੇ ਦੂਸ਼ਿਤ ਪਾਣੀ ਮਿਲਣ ਦੀ ਸੰਭਾਵਨਾ ਹੋਵੇ, ਉਥੇ ਅਗੇਤੀ ਹੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਜਾਗਰੂਕਤਾ ਕੈਂਪ ਲਾਉਣ ਸਮੇਤ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਜਾਣ ਤੇ ਪਟਿਆਲਾ ਸ਼ਹਿਰ ਸਮੇਤ ਬਾਕੀ ਜ਼ਿਲ੍ਹੇ ਅੰਦਰ ਵੀ ਚੌਕਸੀ ਵਰਤਣ ਸਮੇਤ ਲੋਕਾਂ ਨੂੰ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕਤਾ ਮੁਹਿੰਮ 'ਚ ਢਿੱਲ ਨਾ ਵਰਤੀ ਜਾਵੇ। ਉਨ੍ਹਾਂ ਜ਼ਿਲ੍ਹਾ ਸਿਹਤ ਅਫ਼ਸਰ ਨੂੰ ਖਾਣ ਪੀਣ ਵਾਲੀਆਂ ਵਸਤਾਂ ਦੇ ਸੈਂਪਲ ਲੈਣ ਤੇ ਸਾਫ਼-ਸਫ਼ਾਈ ਦਾ ਖਿਆਲ ਰੱਖਣ ਲਈ ਕੋਈ ਕੁਤਾਹੀ ਨਾ ਵਰਤੀ ਜਾਵੇ। ਅਧਿਕਾਰੀਆਂ ਨੇ ਜਾਣੂ ਕਰਵਾਇਆ ਕਿ ਅਲੀਪੁਰ ਅਰਾਈਆਂ ਵਿਖੇ ਘਰ-ਘਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਮੇਤ ਪਾਣੀ ਦੇ ਕੁਨੈਕਸ਼ਨ ਵੀ ਚੈਕ ਕੀਤੇ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਮੁਨਾਦੀ ਵੀ ਕਰਵਾਈ ਜਾ ਰਹੀ ਹੈ। ਮੀਟਿੰਗ 'ਚ ਏ.ਡੀ.ਸੀ. ਨਵਰੀਤ ਕੌਰ ਸੇਖੋਂ ਸਮੇਤ ਸਿਹਤ, ਜਲ ਸਪਲਾਈ ਤੇ ਸੀਵਰੇਜ ਬੋਰਡ, ਸਿਹਤ ਵਿਭਾਗ ਤੇ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.