post

Jasbeer Singh

(Chief Editor)

National

ਅਡਾਨੀ ’ਤੇ ਭਾਰਤੀ ਅਧਿਕਾਰੀਆਂ ਨੂੰ 2,100 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼

post-img

ਅਡਾਨੀ ’ਤੇ ਭਾਰਤੀ ਅਧਿਕਾਰੀਆਂ ਨੂੰ 2,100 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ ਨਿਊਯਾਰਕ : ਭਾਰਤੀ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਹਾਲੇ ਅਮਰੀਕੀ ਸ਼ਾਰਟ ਸੈੱਲਰ ਹਿੰਡਨਬਰਗ ਰਿਸਰਚ ਵੱਲੋਂ ਲਾਏ ਧੋਖਾਧੜੀ ਦੇ ਦੋਸ਼ਾਂ ਤੋਂ ਉਭਰਿਆ ਵੀ ਨਹੀਂ ਸੀ ਕਿ ਹੁਣ ਅਮਰੀਕਾ ਦੀ ਅਦਾਲਤ ’ਚ ਉਸ ’ਤੇ ਸੂਰਜੀ ਊਰਜਾ ਠੇਕੇ ਹਾਸਲ ਕਰਨ ਲਈ ਭਾਰਤੀ ਅਧਿਕਾਰੀਆਂ ਨੂੰ 25 ਕਰੋੜ ਡਾਲਰ (ਕਰੀਬ 2100 ਕਰੋੜ ਰੁਪਏ) ਦੀ ਰਿਸ਼ਵਤ ਦੇਣ ਦੇ ਦੋਸ਼ ਲੱਗੇ ਹਨ । ਭਾਰਤ ਦੇ ਦੂਜੇ ਸਭ ਤੋਂ ਅਮੀਰ ਅਡਾਨੀ ’ਤੇ ਅਮਰੀਕੀ ਅਧਿਕਾਰੀਆਂ ਨੇ ਦੋ ਵੱਖੋ-ਵੱਖਰੇ ਮਾਮਲਿਆਂ ’ਚ ਰਿਸ਼ਵਤਖੋਰੀ ਅਤੇ ਸਕਿਉਰਿਟੀਜ਼ ਧੋਖਾਧੜੀ ਦੇ ਦੋਸ਼ ਲਾਏ ਹਨ । ਨਿਊਯਾਰਕ ਦੀ ਅਦਾਲਤ ’ਚ ਅਮਰੀਕੀ ਨਿਆਂ ਵਿਭਾਗ ਵੱਲੋਂ ਗੌਤਮ ਅਤੇ ਉਸ ਦੇ ਭਤੀਜੇ ਸਾਗਰ ਸਮੇਤ ਸੱਤ ਹੋਰਾਂ ’ਤੇ ਮਹਿੰਗੀ ਸੂਰਜੀ ਊਰਜਾ ਖ਼ਰੀਦਣ ਲਈ ਆਂਧਰਾ ਪ੍ਰਦੇਸ਼ ਜਿਹੀਆਂ ਸੂਬਾ ਸਰਕਾਰਾਂ ਦੇ ਅਣਪਛਾਤੇ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੇ ਦੋਸ਼ ਲਾਏ ਹਨ ਤਾਂ ਜੋ 20 ਸਾਲਾਂ ’ਚ ਦੋ ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਮੁਨਾਫ਼ਾ ਕਮਾਇਆ ਜਾ ਸਕੇ। ਮੁਕੱਦਮੇ ਮੁਤਾਬਕ ਨਵੀਂ ਦਿੱਲੀ ਸਥਿਤ ਐਜ਼ਿਊਰ ਪਾਵਰ ਵੀ ਕਥਿਤ ਰਿਸ਼ਵਤਖੋਰੀ ਸਾਜ਼ਿਸ਼ ਦਾ ਹਿੱਸਾ ਸੀ । ਇਸ ਤੋਂ ਇਲਾਵਾ ਅਮਰੀਕੀ ਸਕਿਉਰਿਟੀਜ਼ ਅਤੇ ਐਕਸਚੇਂਜ ਕਮਿਸ਼ਨ ਨੇ ਵੀ ਗੌਤਮ ਅਤੇ ਸਾਗਰ ਅਡਾਨੀ ਤੇ ਐਜ਼ਿਊਰ ਪਾਵਰ ਦੇ ਅਧਿਕਾਰੀ ’ਤੇ ਸੰਘੀ ਸਕਿਊਰਿਟੀਜ਼ ਕਾਨੂੰਨਾਂ ਦੀਆਂ ਧੋਖਾਧੜੀ ਵਿਰੋਧੀ ਧਾਰਾਵਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਹੈ । ਜਾਣਕਾਰੀ ਮੁਤਾਬਕ ਅਡਾਨੀ ਗਰੁੱਪ ਖ਼ਿਲਾਫ਼ ਹਾਲੇ ਸਿਰਫ਼ ਦੋਸ਼ ਲੱਗੇ ਹਨ ਅਤੇ ਜਦੋਂ ਤੱਕ ਉਹ ਦੋਸ਼ੀ ਸਾਬਤ ਨਾ ਹੋ ਜਾਣ, ਉਨ੍ਹਾਂ ਨੂੰ ਬੇਕਸੂਰ ਮੰਨਿਆ ਜਾਵੇਗਾ । ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਅਦਾ ਕੀਤੀ ਰਿਸ਼ਵਤ ਦੀ ਜਾਣਕਾਰੀ ਅਮਰੀਕੀ ਬੈਂਕਾਂ ਅਤੇ ਨਿਵੇਸ਼ਕਾਂ ਤੋਂ ਲੁਕਾਈ ਗਈ, ਜਿਸ ਤੋਂ ਅਡਾਨੀ ਗਰੁੱਪ ਨੇ 12 ਗੀਗਾਵਾਟ ਸੂਰਜੀ ਊਰਜਾ ਦੀ ਸਪਲਾਈ ਕਰਨ ਵਾਲੇ ਪ੍ਰਾਜੈਕਟਾਂ ਲਈ ਅਰਬਾਂ ਡਾਲਰ ਇਕੱਠੇ ਕੀਤੇ ਸਨ । ਅਮਰੀਕੀ ਕਾਨੂੰਨ ਆਪਣੇ ਨਿਵੇਸ਼ਕਾਂ ਜਾਂ ਬਾਜ਼ਾਰਾਂ ਨਾਲ ਜੁੜੇ ਵਿਦੇਸ਼ਾਂ ’ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦਿੰਦਾ ਹੈ । ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਕੰਪਨੀ ਨੇ ਕੌਮਾਂਤਰੀ ਵਿੱਤੀ ਅਦਾਰਿਆਂ ਅਤੇ ਅਮਰੀਕਾ ਸਥਿਤ ਐਸੇਟ ਮੈਨੇਜਮੈਂਟ ਕੰਪਨੀਆਂ ਤੋਂ ਦੋ ਅਰਬ ਡਾਲਰ ਤੋਂ ਵਧ ਦਾ ਬੈਂਕ ਕਰਜ਼ਾ ਚੁੱਕਿਆ ਸੀ। ਕੌਮਾਂਤਰੀ ਵਿੱਤੀ ਅਦਾਰਿਆਂ ਵੱਲੋਂ ਅਮਰੀਕਾ ’ਚ ਨਿਵੇਸ਼ਕਾਂ ਨੂੰ ਵੇਚੀ ਇਕ ਅਰਬ ਡਾਲਰ ਤੋਂ ਵੱਧ ਦੀ ਸਕਿਊਰਿਟੀਜ਼ ਦੀ ਪੇਸ਼ਕਸ਼ ਕੀਤੀ ਸੀ। ਡਿਪਟੀ ਅਸਿਸਟੈਂਟ ਅਟਾਰਨੀ ਜਨਰਲ ਲੀਸਾ ਮਿਲਰ ਨੇ ਕਿਹਾ ਕਿ ਅਡਾਨੀ ਅਤੇ ਉਸ ਦੇ ਹੋਰ ਸਾਥੀਆਂ ਨੇ ਅਮਰੀਕੀ ਨਿਵੇਸ਼ਕਾਂ ਦੀ ਕੀਮਤ ’ਤੇ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਰਾਹੀਂ ਠੇਕੇ ਹਾਸਲ ਕਰਨ ਦੀ ਕੋਸ਼ਿਸ਼ ਕੀਤੀ । ਅਮਰੀਕੀ ਅਟਾਰਨੀ ਬ੍ਰਾਇਨ ਪੀਸ ਨੇ ਕਿਹਾ ਕਿ ਮੁਲਜ਼ਮਾਂ ਨੇ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇਣ ਦੀ ਇਕ ਵੱਡੀ ਸਾਜ਼ਿਸ਼ ਘੜੀ ਸੀ ।

Related Post