
ਮਸੀਂਗਣ 'ਚ ਜਨ ਸੁਵਿਧਾ ਕੈਂਪ ਦਾ ਜਾਇਜ਼ਾ ਲੈਣ ਪੁੱਜੇ ਏ.ਡੀ.ਸੀ. ਡਾ. ਬੇਦੀ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
- by Jasbeer Singh
- August 9, 2024

ਮਸੀਂਗਣ 'ਚ ਜਨ ਸੁਵਿਧਾ ਕੈਂਪ ਦਾ ਜਾਇਜ਼ਾ ਲੈਣ ਪੁੱਜੇ ਏ.ਡੀ.ਸੀ. ਡਾ. ਬੇਦੀ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ -ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਹੋਣਗੀਆਂ ਪਹਿਲ ਦੇ ਅਧਾਰ 'ਤੇ ਹੱਲ -ਕੈਂਪ 'ਚ 181 ਦਰਖਾਸਤਾਂ 'ਤੇ ਕਾਰਵਾਈ, 136 ਦਾ ਮੌਕੇ 'ਤੇ ਹੀ ਨਿਪਟਾਰਾ, 8 ਸ਼ਿਕਾਇਤਾਂ ਅਗਲੇਰੀ ਕਾਰਵਾਈ ਲਈ ਭੇਜੀਆਂ ਦੇਵੀਗੜ੍ਹ, 9 ਅਗਸਤ: ਹਲਕਾ ਸਨੌਰ ਦੇ ਪਿੰਡ ਮਸੀਂਗਣ ਵਿਖੇ ਅੱਜ 'ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਲਗਾਏ ਜਨ ਸੁਵਿਧਾ ਕੈਂਪ ਦਾ ਜਾਇਜ਼ਾ ਲੈਣ ਪੁੱਜੇ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਡਾ. ਹਰਜਿੰਦਰ ਸਿੰਘ ਬੇਦੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਪਹਿਲ ਦੇ ਅਧਾਰ 'ਤੇ ਹੱਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੇ ਨਾਲ ਐਸ.ਡੀ.ਐਮ. ਮਨਜੀਤ ਕੌਰ, ਜ਼ਿਲ੍ਹਾ ਮਾਲ ਅਫ਼ਸਰ ਗੁਰਲੀਨ ਕੌਰ, ਗੁਰਪ੍ਰੀਤ ਸਿੰਘ ਗੁਰੀ ਵੀ ਮੌਜੂਦ ਸਨ । ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਅਗਵਾਈ ਹੇਠ ਲੱਗੇ ਕੈਂਪ ਦੌਰਾਨ ਮਸੀਂਗਣ, ਅਕਬਰਪੁਰ ਮੁਰਾਦਪੁਰ, ਸਲੇਮਪੁਰ ਵਾਲੀਆਂ, ਫਰੀਦਪੁਰ, ਹਸਨਪੁਰ ਕੰਬੋਆਂ ਤੇ ਮਲਕਪੁਰ ਕੰਬੋਆਂ ਆਦਿ ਪਿੰਡਾਂ ਦੇ ਵੱਡੀ ਗਿਣਤੀ ਲੋਕਾਂ ਨੇ ਮੌਕੇ 'ਤੇ ਹੀ ਸਰਕਾਰੀ ਸਕੀਮਾਂ ਦਾ ਲਾਭ ਲਿਆ ਅਤੇ ਆਪਣੀਆਂ ਮੁਸ਼ਕਿਲਾਂ ਹੱਲ ਕਰਵਾਈਆਂ। ਇਸ ਮੌਕੇ ਏ.ਡੀ.ਸੀ. ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇੱਕ ਹੀ ਛੱਤ ਹੇਠਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਮੌਕੇ 'ਤੇ ਹੀ ਸਰਕਾਰੀ ਸੇਵਾਵਾਂ ਪ੍ਰਦਾਨ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ । ਏ.ਡੀ.ਸੀ. ਡਾ. ਬੇਦੀ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਆਪਣੇ ਕੰਮਾਂ ਲਈ ਹੁਣ ਦੂਰ ਸ਼ਹਿਰ ਵਿੱਚ ਨਹੀਂ ਜਾਣਾ ਪੈਂਦਾ ਤੇ ਉਨ੍ਹਾਂ ਦੇ ਜਰੂਰੀ ਪ੍ਰਸ਼ਾਸਨਿਕ ਕੰਮ ਪਿੰਡ ਵਿੱਚ ਹੀ ਅਜਿਹੇ ਕੈਂਪਾਂ ਜਰੀਏ ਹੋ ਜਾਂਦੇ ਹਨ। ਸਥਾਨਕ ਵਸਨੀਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ 'ਆਪ ਦੀ ਸਰਕਾਰ ਆਪ ਦੇ ਦੁਆਰ' ਦੇ ਕੈਂਪਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਐਸ.ਡੀ.ਐਮ. ਮਨਜੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਲੋਕਾਂ ਵੱਲੋਂ ਪੁੱਜੀਆਂ 181 ਦਰਖਾਸਤਾਂ 'ਤੇ ਕਾਰਵਾਈ ਕਰਕੇ 136 ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ ਅਤੇ 45 ਉਪਰ ਕਾਰਵਾਈ ਕੀਤੀ ਜਾ ਰਹੀ ਐ ਜਦਕਿ ਪ੍ਰਾਪਤ ਹੋਈਆਂ 8 ਸ਼ਿਕਾਇਤਾਂ ਅਗਲੇਰੀ ਕਾਰਵਾਈ ਲਈ ਭੇਜ ਦਿੱਤੀਆਂ ਹਨ । ਇਸ ਮੌਕੇ ਬੀ.ਡੀ.ਪੀ.ਓ. ਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਅਵਨਿੰਦਰ ਸਿੰਘ ਮਾਨ, ਨਾਇਬ ਤਹਿਸੀਲਦਾਰ ਮਲਕੀਤ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਨੁਮਾਇੰਦਿਆਂ ਸਮੇਤ ਸਥਾਨਕ ਪਿੰਡਾਂ ਦੇ ਵਸਨੀਕ ਵੀ ਮੌਜੂਦ ਸਨ ।