

ਪੰਜਾਬੀ ਯੂਨੀਵਰਸਿਟੀ ਵਿਖੇ ਐੱਮ. ਬੀ. ਏ. ਦੇ ਦਾਖ਼ਲੇ ਸ਼ੁਰੂ ਪਟਿਆਲਾ, 7 ਫ਼ਰਵਰੀ : ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਵਿਖੇ ਐੱਮ. ਬੀ. ਏ. (ਦੋ ਸਾਲਾ ਰੈਗੂਲਰ ਪ੍ਰੋਗਰਾਮ) ਦੇ ਦਾਖ਼ਲੇ ਸ਼ੁਰੂ ਹੋ ਗਏ ਹਨ । ਯੂਨੀਵਰਸਿਟੀ ਦੇ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਦੇ ਮੁਖੀ ਪ੍ਰੋ. ਅਮਰ ਇੰਦਰ ਸਿੰਘ ਵੱਲੋਂ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਐੱਮ. ਬੀ. ਏ. ਦੇ ਵੱਖ-ਵੱਖ ਪ੍ਰੋਗਰਾਮਾਂ ਜਿਵੇਂ ਐੱਮ. ਬੀ. ਏ., ਐੱਮ. ਬੀ. ਏ.(ਇੰਟਰਨੈਸ਼ਨਲ ਬਿਜ਼ਨਸ/ਡਿਊਲ ਡਿਗਰੀ) ਲਈ 2025-2027 ਬੈਚ ਦੇ ਦਾਖ਼ਲਿਆਂ ਹਿਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਵਿਖੇ ਪ੍ਰਬੰਧਨ ਮੁਹਾਰਤ ਨਾਲ਼ ਸਬੰਧਤ ਪੋਸਟ ਗ੍ਰੈਜੂਏਟ ਕੋਰਸ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਹਾਸਿਲ ਕਰਨ ਅਤੇ ਆਨਲਾਈਨ ਦਾਖ਼ਲੇ ਦੀ ਪ੍ਰਕਿਰਿਆ ਲਈ ਪੰਜਾਬੀ ਯੂਨੀਵਰਸਿਟੀ ਦਾ ਆਨਲਾਈਨ ਦਾਖ਼ਲਾ ਪੋਰਟਲ/ਵੈਬਸਾਈਟ www.pupadmissions.ac.in ਵੇਖੀ ਜਾ ਸਕਦੀ ਹੈ । ਉਨ੍ਹਾਂ ਦੱਸਿਆ ਕਿ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼, ਯੂਨੀਵਰਸਿਟੀ ਕੈਂਪਸ ਦਾ ਇੱਕ ਅਹਿਮ ਵਿਭਾਗ ਹੈ । ਇਸ ਵਿਭਾਗ ਦੀ ਸਥਾਪਨਾ ਦੇ 54 ਵਰ੍ਹੇ ਪੂਰੇ ਹੋ ਗਏ ਹਨ ਅਤੇ ਇਹ ਉਤਰੀ ਭਾਰਤ ਦਾ ਇੱਕ ਮੋਹਰੀ ਬਿਜ਼ਨਸ ਸਕੂਲ ਹੈ । ਇਸ ਵਿਭਾਗ ਦੇ ਵਿਦਿਆਰਥੀ ਦੁਨੀਆਂ ਭਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਅਹਿਮ ਥਾਵਾਂ ਉੱਤੇ ਵੱਕਾਰੀ ਭੂਮਿਕਾਵਾਂ ਨਿਭਾ ਰਹੇ ਹਨ । ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਦੀ ਉੱਚ ਯੋਗਤਾ ਭਰਪੂਰ ਅਤੇ ਤਜਰਬੇਕਾਰ ਫੈਕਲਟੀ ਵੱਲੋਂ ਵਿਦਿਆਰਥੀਆਂ ਨੂੰ ਅਧਿਆਪਨ ਦੇ ਨਾਲ ਨਾਲ ਯੋਗ ਅਗਵਾਈ ਦਿੱਤੀ ਜਾਂਦੀ ਹੈ । ਵਿਭਾਗ ਵਲੋਂ ਸਮੇਂ ਸਮੇਂ ਆਪਣੇ ਯੋਗ ਵਿਦਿਆਰਥੀਆਂ ਅਤੇ ਹੋਰ ਵਿਸ਼ੇਸ਼ ਮਾਹਿਰਾਂ ਨਾਲ ਵਿਦਿਆਰਥੀਆਂ ਦਾ ਸੰਵਾਦ ਰਚਾਇਆ ਜਾਂਦਾ ਹੈ ਤਾਂ ਕਿ ਉਹ ਉਨ੍ਹਾਂ ਤੋਂ ਪ੍ਰੇਰਣਾ ਅਤੇ ਅਗਵਾਈ ਲੈ ਸਕਣ ਅਤੇ ਜ਼ਿੰਦਗੀ ਵਿੱਚ ਆਪਣੇ ਕੈਰੀਅਰ ਸਬੰਧੀ ਅਹਿਮ ਫ਼ੈਸਲੇ ਲੈਣ ਦੇ ਯੋਗ ਹੋ ਜਾਣ ।