

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ’ਚ ਸ਼ਾਮਲ ਸੰਗਰੂਰ : ਖਨੌਰੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਕੀਤਾ ਜਾ ਰਿਹਾ ਮਰਨ ਵਰਤ 16ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ, ਉੱਥੇ ਹੀ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀ ਦਿਨੋਂ ਦਿਨ ਖਰਾਬ ਹੁੰਦੀ ਜਾ ਰਹੀ ਹੈ । ਮਿਲੀ ਜਾਣਕਾਰੀ ਮੁਤਾਬਿਕ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ’ਤੇ 24 ਘੰਟੇ ਨਜ਼ਰ ਰੱਖਣ ਲਈ ਡਾਕਟਰਾਂ ਵੱਲੋਂ ਮਸ਼ੀਨਾਂ ਲਗਾਈਆਂ ਗਈਆਂ ਹਨ।ਡਾਕਟਰਾਂ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਇੰਝ ਹੋ ਚੁੱਕੀ ਹੈ ਕਿ ਉਨ੍ਹਾਂ ਦੀ ਸਿਹਤ ਕਿਸੇ ਵੀ ਸਮੇਂ ਵਿਗੜ ਸਕਦੀ ਹੈ, ਜਿਸ ਕਾਰਨ ਮੋਰਚੇ ’ਤੇ ਬੈਠੇ ਕਿਸਾਨ ਆਗੂਆਂ ਵੱਲੋਂ ਚਿੰਤਾ ਜਤਾਈ ਗਈ ਹੈ । ਬੀਤੇ ਦਿਨ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ `ਚ ਖਨੌਰੀ ਸਰਹੱਦ `ਤੇ ਮੌਜੂਦ ਸਮੂਹ ਕਿਸਾਨਾਂ ਨੇ ਮੰਗਲਵਾਰ ਸਵੇਰ ਤੋਂ ਹੀ ਭੁੱਖ ਹੜਤਾਲ ਕੀਤੀ । ਇਨ੍ਹਾਂ ਤੋਂ ਇਲਾਵਾ ਡੱਲੇਵਾਲ ਦੇ ਜੱਦੀ ਪਿੰਡ ਡੱਲੇਵਾਲਾ ’ਚ ਵੀ ਪੂਰੇ ਪਿੰਡ ਵੱਲੋਂ ਭੁੱਖ ਹੜਤਾਲ ਕੀਤੀ ਗਈ ।