4.5 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਮੱਛੀ ਮੰਡੀ ਦਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਉਦਘਾਟਨ -ਮ
- by Jasbeer Singh
- November 20, 2024
4.5 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਮੱਛੀ ਮੰਡੀ ਦਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੀਤਾ ਉਦਘਾਟਨ -ਮੱਛੀ ਪਾਲਣ ਦੇ ਕਿੱਤੇ ਨੂੰ ਹੋਰ ਉਤਸ਼ਾਹਿਤ ਕਰੇਗੀ ਨਵੀਂ ਮੱਛੀ ਮੰਡੀ : ਗੁਰਮੀਤ ਸਿੰਘ ਖੁੱਡੀਆਂ -ਕਿਹਾ, ਸੂਬੇ 'ਚ 44 ਹਜ਼ਾਰ ਹੈਕਟੇਅਰ ਰਕਬਾ ਮੱਛੀ ਪਾਲਣ ਹੇਠ, ਹੋਰ ਰਕਬਾ ਵਧਾਇਆ ਜਾਵੇਗਾ -ਸੂਬੇ ਦੀ ਖੁਸ਼ਹਾਲੀ ਲਈ ਸਹਾਇਕ ਧੰਦਿਆਂ ਨੂੰ ਅਪਣਾਉਣਾ ਜ਼ਰੂਰੀ : ਡਾ. ਬਲਬੀਰ ਸਿੰਘ -ਲੋਕਾਂ ਨੂੰ ਮਿਆਰੀ ਖਾਦ ਪਦਾਰਥ ਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ 'ਚ ਸਹਾਈ ਹੋਵੇਗੀ ਨਵੀਂ ਮੰਡੀ : ਹਰਮੀਤ ਸਿੰਘ ਪਠਾਣਮਾਜਰਾ -2500 ਕਰੋੜ ਰੁਪਏ ਨਾਲ ਸੂਬੇ ਦੀਆਂ ਸੜਕਾਂ ਤੇ ਮੰਡੀਆਂ ਦੇ ਸ਼ੈੱਡਾਂ ਦੀ ਕੀਤੀ ਜਾਵੇਗੀ ਕਾਇਆ ਕਲਪ : ਹਰਚੰਦ ਸਿੰਘ ਬਰਸਟ -ਪਟਿਆਲਾ ਵਿਖੇ ਮੱਛੀ ਮੰਡੀ ਦੇ ਵਿਕਾਸ ਨਾਲ ਮੱਛੀ ਪਾਲਣ ਉਦਯੋਗ ਨੂੰ ਮਿਲੇਗਾ ਹੁਲਾਰਾ, ਸਥਾਨਕ ਮੱਛੀ ਵਿਕਰੇਤਾਵਾਂ ਲਈ ਵੀ ਆਮਦਨ ਦੇ ਨਵੇਂ ਮੌਕੇ ਪੈਦਾ ਹੋਣਗੇ ਪਟਿਆਲਾ, 20 ਨਵੰਬਰ : ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਪਟਿਆਲਾ (ਘਲੋੜੀ) ਵਿਖੇ 4.5 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਮੱਛੀ ਮੰਡੀ ਦਾ ਉਦਘਾਟਨ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ, ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੀ ਮੌਜੂਦ ਸਨ । ਕੈਬਨਿਟ ਮੰਤਰੀ ਖੁੱਡੀਆਂ ਨੇ ਦੱਸਿਆ ਕਿ ਇਸ ਮੱਛੀ ਮੰਡੀ ਨੂੰ ਥੋਕ ਮੰਡੀ ਵਜੋਂ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਮੰਡੀ ਦੇ ਵਿਕਾਸ ਨਾਲ ਮੱਛੀ ਪਾਲਣ ਉਦਯੋਗ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਸਥਾਨਕ ਮੱਛੀ ਵਿਕਰੇਤਾਵਾਂ ਲਈ ਆਮਦਨ ਦੇ ਨਵੇਂ ਮੌਕੇ ਪੈਦਾ ਹੋਣਗੇ । ਗੁਰਮੀਤ ਸਿੰਘ ਖੁੱਡੀਆਂ, ਜਿਨ੍ਹਾਂ ਕੋਲ ਪਸ਼ੂ ਪਾਲਣ, ਮੱਛੀ ਪਾਲਣ ਅਤੇ ਫੂਡ ਪ੍ਰਾਸੈਸਿੰਗ ਵਿਭਾਗ ਵੀ ਹਨ, ਨੇ ਅੱਜ ਇੱਥੇ ਦੇਵੀਗੜ੍ਹ ਰੋਡ ਵਿਖੇ ਇਸ ਅਤਿਆਧੁਨਿਕ ਮੱਛੀ ਮੰਡੀ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਇਸ ਮੰਡੀ ਦੀ ਕੁੱਲ ਵਿਕਾਸ ਲਾਗਤ 4.12 ਕਰੋੜ ਵਿੱਚੋਂ 2.12 ਕਰੋੜ ਪੰਜਾਬ ਮੰਡੀ ਬੋਰਡ ਅਤੇ 2 ਕਰੋੜ ਮੱਛੀ ਪਾਲਣ ਵਿਭਾਗ ਵੱਲੋਂ ਖਰਚ ਕੀਤੀ ਗਈ ਹੈ । ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਮੱਛੀ ਮੰਡੀ ਕੁੱਲ 5 ਏਕੜ ਜ਼ਮੀਨ 'ਤੇ ਬਣਾਈ ਗਈ ਹੈ, ਜਿਨ੍ਹਾਂ ਵਿੱਚੋਂ 1 ਏਕੜ 'ਤੇ ਵਿਕਸਿਤ ਇਲਾਕੇ ਵਿੱਚ ਮਾਰਕੀਟ ਬਣਾਈ ਗਈ ਹੈ ਅਤੇ ਇੱਥੇ ਬਾਕੀ ਬਚੀ 4 ਏਕੜ ਜ਼ਮੀਨ ਵਿੱਚ ਪ੍ਰਚੂਨ ਫਿਸ਼ ਮਾਰਕੀਟ ਨੂੰ ਵਿਕਸਿਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇੱਥੇ ਕੁੱਲ 20 ਦੁਕਾਨਾਂ ਹਨ, ਜਿਨ੍ਹਾਂ ਵਿੱਚੋਂ 10 ਦੁਕਾਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ 10 ਦੁਕਾਨਾਂ ਦੀ ਨੀਲਾਮੀ ਬਾਕੀ ਹੈ । ਇਸ ਮਾਰਕੀਟ ਦੇ ਪੂਰੀ ਤਰ੍ਹਾਂ ਚੱਲ ਪੈਣ ਉਪਰੰਤ, ਰੀਟੇਲ ਮਾਰਕੀਟ ਦੇ ਕੰਮ ਨੂੰ ਸ਼ੁਰੂ ਕੀਤਾ ਜਾਵੇਗਾ। ਮਾਰਕੀਟ ਵਿੱਚ ਓਵਰਹੈਡ ਵਾਟਰ ਟੈਂਕ, ਸੀਵਰੇਜ ਟ੍ਰੀਟਮੈਂਟ ਪਲਾਂਟ, ਟੌਇਲਟ ਬਲੌਕ, ਦਫ਼ਤਰ ਬਲੌਕ, ਪਾਰਕਿੰਗ ਤੇ ਵਧੀਆ ਸੜਕਾਂ ਬਣਾਈਆਂ ਗਈਆਂ ਹਨ । ਇਸ ਮੌਕੇ ਉਨ੍ਹਾਂ 21 ਨਵੰਬਰ ਨੂੰ ਮਨਾਏ ਜਾਂਦੇ ਵਿਸ਼ਵ ਮੱਛੀ ਪਾਲਣ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸੂਬੇ ਅੰਦਰ 44 ਹਜ਼ਾਰ ਹੈਕਟੇਅਰ ਰਕਬਾ ਮੱਛੀ ਪਾਲਣ ਹੇਠ ਹੈ ਜਿਸ ਨੂੰ ਹੋਰ ਵਧਾਇਆ ਜਾਵੇਗਾ । ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੀ ਖੁਸ਼ਹਾਲੀ ਲਈ ਜ਼ਰੂਰੀ ਹੈ ਕਿ ਕਿਸਾਨ ਖੇਤੀਬਾੜੀ ਦੇ ਨਾਲ ਸਹਾਇਕ ਧੰਦੇ ਵੀ ਅਪਣਾਉਣ । ਉਨ੍ਹਾਂ ਕਿਹਾ ਕਿ ਜਿਹੜੇ ਖੇਤਰਾਂ ਵਿੱਚ ਪਾਣੀ ਕਾਰਨ ਫ਼ਸਲ ਦਾ ਨੁਕਸਾਨ ਹੁੰਦਾ ਹੈ, ਉਥੇ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਲਾਭ ਹੋ ਸਕੇ । ਉਨ੍ਹਾਂ ਬਿੰਜਲ ਦੇ ਖੇਤਰ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਅਜਿਹੇ ਸਥਾਨਾਂ 'ਤੇ ਮੱਛੀ ਪਾਲਣਾ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ । ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਪਿਛਲੇ ਲੰਮੇ ਸਮੇਂ ਤੋਂ ਰੁਕੇ ਹੋਏ ਕੰਮ ਵੀ ਕਰਵਾਏ ਜਾ ਰਹੇ ਹਨ । ਪਠਾਣਮਾਜਰਾ ਨੇ ਕਿਹਾ ਕਿ ਉਹ ਯਤਨ ਕਰ ਰਹੇ ਹਨ ਕਿ ਸਨੌਰ ਹਲਕੇ ਦੇ ਵਸਨੀਕਾਂ ਤੇ ਖਾਸ ਕਰਕੇ ਨੌਜ਼ਵਾਨਾਂ ਲਈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣ । ਉਨ੍ਹਾਂ ਇਲਾਕੇ ਦੀਆਂ ਮੰਗਾਂ ਵੀ ਕੈਬਨਿਟ ਮੰਤਰੀ ਸਾਹਮਣੇ ਰੱਖਦਿਆਂ ਕਿਹਾ ਕਿ ਸਨੌਰ ਹਲਕੇ ਦੀਆਂ ਮੰਡੀਆਂ ਦੇ ਸ਼ੈੱਡਾਂ ਦਾ ਕੰਮ ਕਰਵਾਉਣ ਵਾਲਾ ਹੈ ਤੇ 46 ਸੜਕਾਂ ਦੀ ਮੁਰੰਮਤ ਹੋ ਰਹੀ ਹੈ ਤੇ ਰਹਿੰਦੀਆਂ ਸੜਕਾਂ ਦਾ ਕੰਮ ਵੀ ਜਲਦ ਸ਼ੁਰੂ ਕਰਵਾਇਆ ਜਾਵੇ । ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਮੰਡੀ ਬੋਰਡ ਵੱਲੋਂ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਵਿਕਾਸ ਕੰਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਪੇਂਡੂ ਵਿਕਾਸ ਫੰਡ ਰੋਕੇ ਜਾਣ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਆਪਣੇ ਤੌਰ ਉਤੇ ਯਤਨ ਕਰਕੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹ ਰਹੀ ਹੈ ਅਤੇ ਆਉਂਦੇ ਦਿਨਾਂ ਅੰਦਰ ਕਰੀਬ 2500 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੀਆਂ ਸੜਕਾਂ ਤੇ ਮੰਡੀਆਂ ਦੇ ਸ਼ੈੱਡਾਂ ਦਾ ਕੰਮ ਸ਼ੁਰੂ ਕੀਤਾ ਜਾਵੇਗਾ । ਉਨ੍ਹਾਂ ਕਿਾ ਕਿ ਮੰਡੀਆਂ ਦੀ ਆਮਦ 'ਚ ਵਾਧਾ ਕਰਨ ਲਈ ਮੰਡੀਆਂ 'ਚ ਯੂਨੀਪੋਲਜ ਲਗਾਏ ਜਾ ਰਹੇ ਹਨ ਤੇ ਕਰੀਬ 200 ਮੰਡੀਆਂ 'ਚ ਏਟੀਐਮ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ । ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਸਿੰਘ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸਪੀ ਹਰਵੰਤ ਕੌਰ, ਇੰਜੀਨੀਅਰ ਇਨ ਚੀਫ਼ ਸਾਊਥ ਮੰਡੀ ਬੋਰਡ ਗੁਰਵਿੰਦਰ ਸਿੰਘ ਚੀਮਾਂ, ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਪੰਜਾਬ ਜਸਵੀਰ ਸਿੰਘ, ਐਸ.ਡੀ.ਐਮ. ਮਨਜੀਤ ਕੌਰ, ਹਰਪਾਲ ਜਨੇਜਾ, ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ, ਉਪ ਜ਼ਿਲ੍ਹਾ ਮੰਡੀ ਅਫ਼ਸਰ ਪ੍ਰਭਲੀਨ ਸਿੰਘ ਚੀਮਾ, ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ ਕਰਮਜੀਤ ਸਿੰਘ, ਸਹਾਇਕ ਡਾਇਰੈਕਟਰ ਸਤਿੰਦਰ ਕੌਰ, ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.