go to login
post

Jasbeer Singh

(Chief Editor)

Sports

ਏਆਈਐੱਫਐੱਫ ਨੇ ਵਿਵਾਦਿਤ ਗੋਲ ਦੀ ਜਾਂਚ ਮੰਗੀ

post-img

ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਦੇ ਪ੍ਰਧਾਨ ਕਲਿਆਣ ਚੌਬੇ ਨੇ ਕਿਹਾ ਕਿ ਉਨ੍ਹਾਂ ਨੇ ਦੋਹਾ ’ਚ ਵਿਸ਼ਵ ਕੱਪ ਕੁਆਲੀਫਾਇੰਗ ਮੈਚ ’ਚ ਕਤਰ ਨੂੰ ਦਿੱਤੇ ਗਏ ਵਿਵਾਦਿਤ ਗੋਲ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਇਸ ਬੇਇਨਸਾਫ਼ੀ ਲਈ ਇਨਸਾਫ਼ ਦੇਣ ਦੀ ਅਪੀਲ ਕੀਤੀ ਹੈ। ਬੀਤੇ ਦਿਨ ਜੈਸਿਮ ਬਿਨ ਹਮਦ ਸਟੇਡੀਅਮ ’ਚ ਕਰੋ ਜਾਂ ਮਰੋ ਵਾਲੇ ਮੈਚ ’ਚ ਭਾਰਤ ਦੀ 1-2 ਨਾਲ ਹਾਰ ਦੌਰਾਨ ਕੋਰੀਆਈ ਰੈਫਰੀ ਕਿਮ ਵੂ ਸੁੰਗ ਨੇ ਫੁਟਬਾਲ ਮੈਦਾਨ ’ਚੋਂ ਬਾਹਰ ਜਾਣ ਦੇ ਬਾਵਜੂਦ ਕਤਰ ਨੂੰ ਗੋਲ ਦੇ ਦਿੱਤਾ ਸੀ। ਇਸ ਗੋਲ ਕਾਰਨ ਕਾਫ਼ੀ ਵਿਵਾਦ ਪੈਦਾ ਹੋਇਆ। ਇਸ ਕਾਰਨ 2026 ਦੇ ਟੂਰਨਾਮੈਂਟ ਲਈ ਭਾਰਤ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਤੀਜੇ ਗੇੜ ’ਚ ਪਹੁੰਚਣ ਤੋਂ ਖੁੰਝ ਗਿਆ। ਚੌਬੇ ਨੇ ਬਿਆਨ ’ਚ ਕਿਹਾ, ‘‘ਜਿੱਤਣਾ ਅਤੇ ਹਾਰਨਾ ਖੇਡ ਦਾ ਹਿੱਸਾ ਹਨ। ਅਸੀਂ ਇਸ ਨੂੰ ਸਵੀਕਾਰ ਕਰਨਾ ਸਿੱਖਿਆ ਹੈ। ਹਾਲਾਂਕਿ ਬੀਤੀ ਰਾਤ ਭਾਰਤ ਖ਼ਿਲਾਫ਼ ਕੀਤੇ ਗਏ ਦੋ ਗੋਲਾਂ ’ਚੋਂ ਇੱਕ ਨੇ ਵਿਵਾਦ ਪੈਦਾ ਕਰ ਦਿੱਤਾ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਫੀਫਾ ਕੁਆਲੀਫਾਇਰ ਦੇ ਮੁਖੀ, ਏਐੱਫਸੀ ਰੈਫਰੀਆਂ ਦੇ ਮੁਖੀ ਅਤੇ ਮੈਚ ਕਮਿਸ਼ਨਰ ਨੂੰ ਰੈਫਰੀ ਦੀ ਗੰਭੀਰ ਗਲਤੀ ਬਾਰੇ ਸ਼ਿਕਾਇਤ ਕੀਤੀ ਹੈ। ਇਸ ਗਲਤੀ ਕਾਰਨ ਅਸੀਂ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਦੇ ਤੀਜੇ ਗੇੜ ’ਚ ਨਹੀਂ ਪਹੁੰਚ ਸਕੇ।’’ ਚੌਬੇ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਫੀਫਾ ਤੇ ਏਐੱਫਸੀ ਵੱਲੋਂ ਇਸ ਸਬੰਧੀ ਲੋੜੀਂਦੇ ਕਦਮ ਜ਼ਰੂਰ ਚੁੱਕਣਗੇ। ਵਿਵਾਦਿਤ ਗੋਲ ਨੇ ਟੀਮ ਦਾ ਸੁਫ਼ਨਾ ਤੋੜਿਆ: ਸਟਿਮਕ ਭਾਰਤ ਦੇ ਕੋਚ ਇਗੋਰ ਸਟਿਮਕ ਨੇ ਮੈਚ ਤੋਂ ਬਾਅਦ ਆਪਣੀ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਗੋਲ ਨੇ ਉਨ੍ਹਾਂ ਦੀ ਟੀਮ ਦਾ ਸੁਫ਼ਨਾ ਤੋੜ ਦਿੱਤਾ ਹੈ। ਇਸੇ ਤਰ੍ਹਾਂ ਭਾਰਤੀ ਟੀਮ ਦੇ ਕਪਤਾਨ ਅਤੇ ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਵੀ ਇਸ ਨੂੰ ‘ਮੰਦਭਾਗਾ ਨਤੀਜਾ’ ਕਰਾਰ ਦਿੱਤਾ ਹੈ।

Related Post