post

Jasbeer Singh

(Chief Editor)

National

ਅਡਾਨੀ ਗਰੁੱਪ ਖਿ਼ਲਾਫ਼ ਦੋਸ਼ਾਂ ਦੀ ਸਹੀ ਜਾਂਚ ਹੋਈ : ਸੇਬੀ

post-img

ਅਡਾਨੀ ਗਰੁੱਪ ਖਿ਼ਲਾਫ਼ ਦੋਸ਼ਾਂ ਦੀ ਸਹੀ ਜਾਂਚ ਹੋਈ : ਸੇਬੀ ਮੁੰਬਈ : ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਦੇ ਨਵੇਂ ਖ਼ੁਲਾਸਿਆਂ ਮਗਰੋਂ ਸ਼ੇਅਰ ਬਾਜ਼ਾਰ ਰੈਗੂਲੇਟਰ ਸੇਬੀ ਨੇ ਐਤਵਾਰ ਨੂੰ ਦਾਅਵਾ ਕੀਤਾ ਹੈ ਕਿ ਉਸ ਨੇ ਅਡਾਨੀ ਗਰੁੱਪ ਖ਼ਿਲਾਫ਼ ਸਾਰੇ ਦੋਸ਼ਾਂ ਦੀ ਸਹੀ ਢੰਗ ਨਾਲ ਜਾਂਚ ਕੀਤੀ ਹੈ। ਉਧਰ ਸੇਬੀ ਚੇਅਰਪਰਸਨ ਮਾਧਵੀ ਪੁਰੀ ਬੁੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ ਨੇ ਆਪਣੇ ਖਿ਼ਲਾਫ਼ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸ ਕੇ ਖਾਰਜ ਕਰ ਦਿੱਤਾ ਹੈ।ਆਪਣੇ ਦੋ ਪੰਨਿਆਂ ਦੇ ਬਿਆਨ ’ਚ ਸੇਬੀ ਨੇ ਚੇਅਰਪਰਸਨ ਮਾਧਵੀ ਬੁਚ ਦਾ ਬਚਾਅ ਕਰਦਿਆਂ ਕਿਹਾ ਕਿ ਉਸ ਨੇ ਸਮੇਂ-ਸਮੇਂ ’ਤੇ ਸਬੰਧਤ ਜਾਣਕਾਰੀ ਦਿੱਤੀ ਅਤੇ ਸੰਭਾਵਿਤ ਹਿੱਤਾਂ ਦੇ ਟਕਰਾਅ ਨਾਲ ਜੁੜੇ ਮਾਮਲਿਆਂ ਤੋਂ ਖੁਦ ਨੂੰ ਵੱਖ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਅਡਾਨੀ ਗਰੁੱਪ ਖ਼ਿਲਾਫ਼ ਸੇਬੀ ਦੀਆਂ 26 ਜਾਂਚਾਂ ’ਚੋਂ ਆਖਰੀ ਜਾਂਚ ਵੀ ਪੂਰੀ ਹੋਣ ਵਾਲੀ ਹੈ। ਉਂਜ ਸੇਬੀ ਨੇ ਕਿਹਾ ਕਿ ਨੀਤੀਗਤ ਮਾਮਲਾ ਹੋਣ ਕਰਕੇ ਉਹ ਜਾਂਚ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਆਪਣੀ ਜਾਂਚ ਤਹਿਤ ਜਾਣਕਾਰੀ ਮੰਗਣ ਲਈ 100 ਤੋਂ ਵਧ ਸੰਮਨ, ਕਰੀਬ 1100 ਪੱਤਰ ਅਤੇ ਈਮੇਲ ਜਾਰੀ ਕੀਤੇ ਹਨ। ਕਰੀਬ 12 ਹਜ਼ਾਰ ਪੰਨਿਆਂ ਵਾਲੇ 300 ਤੋਂ ਵਧ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਹੈ। ਸੇਬੀ ਨੇ ਨਿਵੇਸ਼ਕਾਂ ਨੂੰ ਕਿਹਾ ਹੈ ਕਿ ਉਹ ਰਿਪੋਰਟਾਂ ਦੇ ਬਹਿਕਾਵੇ ’ਚ ਨਾ ਆਉਣ ਅਤੇ ਸ਼ਾਂਤ ਤੇ ਚੌਕਸ ਰਹਿ ਕੇ ਕੰਮ ਕਰਨ। ਹਿੰਡਨਬਰਗ ਰਿਸਰਚ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਸ਼ੱਕ ਹੈ ਕਿ ਅਡਾਨੀ ਗਰੁੱਪ ਖ਼ਿਲਾਫ਼ ਕਾਰਵਾਈ ਕਰਨ ’ਚ ਸੇਬੀ ਦੀ ਇੱਛਾ ਨਾ ਹੋਣ ਦਾ ਕਾਰਨ ਇਹ ਹੋ ਸਕਦਾ ਹੈ ਕਿ ਬੁਚ ਦੀ ਅਡਾਨੀ ਗਰੁੱਪ ਨਾਲ ਜੁੜੇ ਵਿਦੇਸ਼ੀ ਫੰਡਾਂ ’ਚ ਹਿੱਸੇਦਾਰੀ ਸੀ। ਹਿੰਡਨਬਰਗ ਰਿਸਰਚ ਨੇ ਦਾਅਵਾ ਕੀਤਾ ਸੀ ਕਿ ਸੇਬੀ ਮੁਖੀ (ਮਾਧਵੀ ਪੁਰੀ ਬੁਚ) ਤੇ ਉਨ੍ਹਾਂ ਦੇ ਪਤੀ ਦੀ ਅਡਾਨੀ ਔਫਸ਼ੋਰ ਐਂਟਿਟੀਜ਼ ਵਿਚ ਕਥਿਤ 8.7 ਲੱਖ ਡਾਲਰ ਦੀ ਹਿੱਸੇਦਾਰੀ ਸੀ, ਜਿਸ ਕਰਕੇ ਮਾਰਕੀਟ ਰੈਗੂਲੇਟਰ ਵੱਲੋਂ 18 ਮਹੀਨਿਆਂ ਬਾਅਦ ਵੀ ਅਡਾਨੀ ਸਮੂਹ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਸੰਪਤੀ ਪ੍ਰਬੰਧਨ ਨਾਲ ਜੁੜੀ ਕੰਪਨੀ 360ਵੰਨ (ਪਹਿਲਾਂ ਕੰਪਨੀ ਦਾ ਨਾਮ ਆਈਆਈਐੱਫਐੱਲ ਵੈਲਥ ਮੈਨੇਜਮੈਂਟ ਸੀ) ਨੇ ਕਿਹਾ ਕਿ ਮਾਧਵੀ ਅਤੇ ਉਸ ਦੇ ਪਤੀ ਧਵਲ ਬੁਚ ਦਾ ਆਈਪੀਈ-ਪਲੱਸ ਫੰਡ 1 ’ਚ ਨਿਵੇਸ਼ ਡੇਢ ਫ਼ੀਸਦੀ ਤੋਂ ਵੀ ਘੱਟ ਸੀ ਅਤੇ ਉਨ੍ਹਾਂ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਕੋਈ ਨਿਵੇਸ਼ ਨਹੀਂ ਕੀਤਾ ਸੀ। ਕੰਪਨੀ ਮੁਤਾਬਕ ਇਹ ਨਿਵੇਸ਼ 2015 ’ਚ ਕੀਤਾ ਗਿਆ ਸੀ ਜਦਕਿ ਮਾਧਵੀ 2017 ’ਚ ਸੇਬੀ ਦੀ ਮੈਂਬਰ ਨਿਯੁਕਤ ਹੋਈ ਅਤੇ ਮਾਰਚ 2022 ’ਚ ਉਹ ਚੇਅਰਪਰਸਨ ਬਣੀ ਸੀ। ਬਿਆਨ ਮੁਤਾਬਕ ਦੋ ਨਿਵੇਸ਼ ਧਵਲ ਦੇ ਬਚਪਨ ਦੇ ਦੋਸਤ ਅਨਿਲ ਆਹੂਜਾ ਦੀ ਸਲਾਹ ’ਤੇ ਕੀਤੇ ਗਏ ਸਨ ਅਤੇ ਇਸ ਵਿਅਕਤੀ ਦਾ ਹਿੰਡਨਬਰਗ ਨੇ ਆਪਣੀ ਰਿਪੋਰਟ ’ਚ ਖ਼ੁਲਾਸਾ ਕੀਤਾ ਜਿਸ ਦੀ ਪਛਾਣ ਮੌਰੀਸ਼ਸ਼ ਆਧਾਰਿਤ ਆਈਪੀਈ ਪਲੱਸ ਫੰਡ ਦੇ ਬਾਨੀ ਅਤੇ ਮੁੱਖ ਨਿਵੇਸ਼ ਅਧਿਕਾਰੀ ਵਜੋਂ ਹੋਈ ਹੈ। ਅਡਾਨੀ ਗਰੁੱਪ ਨੇ ਵੀ ਇਕ ਬਿਆਨ ’ਚ ਕਿਹਾ ਹੈ ਕਿ ਆਹੂਜਾ ਅਡਾਨੀ ਪਾਵਰ (2007-2008) ’ਚ 3ਆਈ ਇਨਵੈਸਟਮੈਂਟ ਫੰਡ ਦਾ ਨੌਮਿਨੀ ਰਿਹਾ ਸੀ ਅਤੇ ਉਸ ਨੇ ਤਿੰਨ ਟਰਮਾਂ ’ਚ 2017 ਤੱਕ ਅਡਾਨੀ ਐਂਟਰਪ੍ਰਾਇਜ਼ਿਜ਼ ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਈਆਂ ਸਨ। ਮਾਧਵੀ ਪੁਰੀ ਬੁਚ ਅਤੇ ਉਨ੍ਹਾਂ ਦੇ ਪਤੀ ਧਵਲ ਬੁਚ ਨੇ ਸਾਂਝੇ ਬਿਆਨ ’ਚ ਕਿਹਾ, ‘‘ਸਾਡਾ ਜੀਵਨ ਅਤੇ ਵਿੱਤੀ ਅਸਾਸੇ ਖੁੱਲ੍ਹੀ ਕਿਤਾਬ ਵਾਂਗ ਹਨ, ਜਿਸ ਵਿਚ ਕੁਝ ਵੀ ਲੁਕਾਉਣ ਵਾਲਾ ਨਹੀਂ ਹੈ। ਇਹ ਬਹੁਤ ਮੰਦਭਾਗਾ ਹੈ ਕਿ ਹਿੰਡਨਬਰਗ ਰਿਸਰਚ, ਜਿਸ ਖਿਲਾਫ਼ ਸੇਬੀ ਨੇ ਕਾਰਵਾਈ ਕੀਤੀ ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ, ਵੱਲੋਂ ਬਦਲੇ ਦੀ ਭਾਵਨਾ ਵਜੋਂ ਸਾਡੀ ਕਿਰਦਾਰਕੁਸ਼ੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਜਦੋਂ ਆਮ ਨਾਗਰਿਕ ਸੀ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਵਿੱਤੀ ਦਸਤਾਵੇਜ਼ ਦੇਣ ਲਈ ਵੀ ਤਿਆਰ ਹਾਂ।’’ ਉਂਜ ਬਿਆਨ ’ਚ ਹਿੰਡਨਬਰਗ ਵੱਲੋਂ ਸੇਬੀ ਜਾਂਚ ਬਾਰੇ ਚੁੱਕੇ ਗਏ ਸਵਾਲਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ।

Related Post

Instagram