

ਬਨੂੜ ਕੈਨਾਲ ਡੈਮ ਵਿਖੇ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ ਬੇਬੁਨਿਆਦ ਜ਼ਿਲ੍ਹਾ ਪ੍ਰਸ਼ਾਸਨ ਨੇ ਦੋਸ਼ਾਂ ਨੂੰ ਗੁੰਮਰਾਹਕੁੰਨ ਅਤੇ ਸੱਚਾਈ ਤੋਂ ਕੋਹਾਂ ਦੂਰ ਦੱਸਦਿਆਂ ਸਪੱਸ਼ਟ ਤੌਰ 'ਤੇ ਗੈਰ ਕਾਨੂੰਨੀ ਖਣਨ ਤੋਂ ਇਨਕਾਰ ਕੀਤਾ ਕਿਸੇ ਨੂੰ ਵੀ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀ ਨਹੀਂ ਕਰਨ ਦਿੱਤੀ ਜਾਵੇਗੀ ਐਸ. ਡੀ. ਐਮਜ਼ ਨੂੰ ਡੀਸਿਲਟਿੰਗ ਅਤੇ ਮਾਈਨਿੰਗ ਨਾਲ ਸਬੰਧਤ ਹੋਰ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖਣ ਲਈ ਕਿਹਾ ਐਸ. ਏ. ਐਸ. ਨਗਰ : ਐਸ. ਏ. ਐਸ. ਨਗਰ ਜ਼ਿਲ੍ਹੇ ਵਿੱਚ ਛੱਤਬੀੜ ਦੇ ਪਿੱਛੇ ਬਨੂੜ ਕੈਨਾਲ ਡੈਮ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਸਚਾਈ ਤੋਂ ਕੋਹਾਂ ਦੂਰ ਦੱਸਦਿਆਂ, ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕਿਹਾ ਹੈ ਕਿ ਜ਼ਿਲ੍ਹੇ ਵਿੱਚ ਅਜਿਹੀ ਕੋਈ ਵੀ ਗੈਰ-ਕਾਨੂੰਨੀ ਕਾਰਵਾਈ ਨਹੀਂ ਚੱਲ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਖਣਨ ਅਤੇ ਭੂ-ਵਿਗਿਆਨ ਦੇ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਤੁਰੰਤ ਘਟਨਾ ਵਾਲੀ ਥਾਂ 'ਤੇ ਜਾ ਕੇ ਦੋਸ਼ਾਂ ਦੀ ਸੱਚਾਈ ਦੀ ਜਾਂਚ ਕੀਤੀ ਗਈ । ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਇਲਾਕੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਬਨੂੜ ਕੈਨਾਲ ਡੈਮ ਨੂੰ ਡੀ-ਸਿਲਟ ਕਰਨ ਲਈ ਮਾਈਨਜ਼ ਤੇ ਜੀਓਲੋਜੀ ਅਤੇ ਜਲ ਸਰੋਤ ਵਿਭਾਗ ਵੱਲੋਂ ਤਿਆਰ ਕੀਤੀ ਕੇ ਐਮ ਐਲ ਫਾਈਲ ਅਨੁਸਾਰ ਸਾਈਟ 'ਤੇ ਮਾਈਨਿੰਗ ਚੱਲ ਰਹੀ ਹੈ । ਉਨ੍ਹਾਂ ਕਿਹਾ ਕਿ ਬਨੂੜ ਵੀਅਰ (ਕੈਨਾਲ ਡੈਮ) ਦੀ ਅਸਲ ਸਮਰੱਥਾ ਨੂੰ ਬਹਾਲ ਕਰਨ ਲਈ ਬਨੂੜ ਵੀਅਰ ਦੇ ਕੈਚਮੈਂਟ ਏਰੀਏ ਨੂੰ ਵਾਧੂ ਮਿੱਟੀ ਕੱਢ ਕੇ ਪਹਿਲੀ ਹਾਲਤ ਵਿੱਚ ਲਿਆਉਣਾ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਇਹ ਇਲਜ਼ਾਮ ਲਗਾਉਣਾ ਕਿ ਇਹ ਗੈਰ-ਕਾਨੂੰਨੀ ਮਾਈਨਿੰਗ ਹੈ, ਪੂਰੀ ਤਰ੍ਹਾਂ ਗਲਤ, ਗੁੰਮਰਾਹਕੁੰਨ ਅਤੇ ਗੈਰ-ਜ਼ਿੰਮੇਵਾਰਾਨਾ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਕਿਸੇ ਵੀ ਕਿਸਮ ਦੀ ਗੈਰ-ਕਾਨੂੰਨੀ ਮਾਈਨਿੰਗ ਦੀ ਗਤੀਵਿਧੀ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਚੱਲਣ ਦਿੱਤਾ ਜਾਵੇਗਾ ਅਤੇ ਸਮੂਹ ਸਬ ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਖੇਤਰਾਂ ਵਿੱਚ ਮਾਈਨਿੰਗ ਨਾਲ ਸਬੰਧਤ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖਣ । ਡਿਪਟੀ ਕਮਿਸ਼ਨਰ ਨੇ ਏ. ਡੀ. ਸੀ. (ਜਨਰਲ) ਅਤੇ ਐਸ ਪੀ ਦਿਹਾਤੀ ਦੀ ਅਗਵਾਈ ਵਿੱਚ ਡੀ-ਸਿਲਟਿੰਗ ਨਾਲ ਸਬੰਧਤ ਕੰਮਾਂ ਦੀ ਨਿਗਰਾਨੀ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ । ਕਮੇਟੀ ਸੰਚਾਲਨ ਓਪਰੇਸ਼ਨਾਂ ਦੀ ਨਿਗਰਾਨੀ ਕਰਨ ਲਈ ਨਿਯਮਿਤ ਤੌਰ 'ਤੇ ਡੀਸਿਲਟਿੰਗ ਸਾਈਟਾਂ ਦਾ ਦੌਰਾ ਕਰੇਗੀ ਅਤੇ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸਾਰੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਏਗੀ ਅਤੇ ਜੇਕਰ ਕੋਈ ਉਲੰਘਣਾ/ਬੇਨਿਯਮੀਆਂ ਪਾਈਆਂ ਗਈਆਂ ਤਾਂ ਰਿਪੋਰਟ ਕਰੇਗੀ । ਕਾਰਜਕਾਰੀ ਇੰਜੀਨੀਅਰ, ਖਾਣਾਂ ਅਤੇ ਭੂ-ਵਿਗਿਆਨ ਅਤੇ ਜਲ ਸਰੋਤ, ਆਕਾਸ਼ ਅਗਰਵਾਲ ਦੁਆਰਾ ਦਿੱਤੇ ਵੇਰਵਿਆਂ ਅਨੁਸਾਰ, ਇੱਥੇ 5771132 ਘਣ ਫੁੱਟ (ਕਿਊਬਕ ਫ਼ੀਟ) ਸਮੱਗਰੀ ਦੀ ਮਾਤਰਾ ਕੱਢੀ ਜਾਣੀ ਹੈ, ਜਿਸ ਨਾਲ ਕੁੱਲ 30298443/- ਰੁਪਏ ਦਾ ਰਾਜ ਨੂੰ ਮਾਲੀਆ ਆਵੇਗਾ। ਕਾਰਜਕਾਰੀ ਇੰਜੀਨੀਅਰ ਨੇ ਅੱਗੇ ਕਿਹਾ ਕਿ ਸਾਈਟ ਨੂੰ ਵਿਭਾਗ ਦੁਆਰਾ ਸਵੇਰੇ 8:00 ਵਜੇ ਤੋਂ ਸ਼ਾਮ 6:00 ਵਜੇ ਤੱਕ ਨਿਰਧਾਰਿਤ ਕੀਤੇ ਗਏ ਸਮੇਂ ਦੇ ਅੰਦਰ ਚਲਾਇਆ ਜਾ ਰਿਹਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.