
ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਅੰਮ੍ਰਿਤਸਰ 3 ਮੁਲਾਜ਼ਮ ਬਰਖਾਸਤ ਤੇ ਕਾਂਸਟੇਬਲ ਗ੍ਰਿਫ਼ਤਾਰ
- by Jasbeer Singh
- February 25, 2025

ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਅੰਮ੍ਰਿਤਸਰ 3 ਮੁਲਾਜ਼ਮ ਬਰਖਾਸਤ ਤੇ ਕਾਂਸਟੇਬਲ ਗ੍ਰਿਫ਼ਤਾਰ ਅੰਮ੍ਰਿਤਸਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਸ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਪੁਲਸ ਨੇ ਸੀ-ਡਵੀਜ਼ਨ ਪੁਲਸ ਸਟੇਸ਼ਨ ਵਿੱਚ ਤਾਇਨਾਤ ਕਾਂਸਟੇਬਲ ਵਰਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ (ਪੀ. ਸੀ. ਐਕਟ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਦੋ ਭ੍ਰਿਸ਼ਟ ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ਾਂ `ਤੇ ਪੁਲਸ ਪ੍ਰਸ਼ਾਸਨ ਪੰਜਾਬ ਨੂੰ ਨਸ਼ੇ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ਲਈ ਸਖ਼ਤ ਕਾਰਵਾਈ ਕਰ ਰਿਹਾ ਹੈ। ਦੱਸਣਯੋਗ ਹੈ ਕਿ 24 ਫਰਵਰੀ 2025 ਨੂੰ ਅੰਮ੍ਰਿਤਸਰ ਦੇ ਸੀ-ਡਿਵੀਜ਼ਨ ਪੁਲਸ ਸਟੇਸ਼ਨ ਵਿੱਚ ਤਾਇਨਾਤ ਕਾਂਸਟੇਬਲ ਵਰਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਐਫ. ਆਈ. ਆਰ. ਦਰਜ ਕੀਤੀ ਗਈ ਸੀ ਤੇ ਇਹ ਕੇਸ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7, 7-ਏ ਅਤੇ 61(2) ਦੇ ਤਹਿਤ ਦਰਜ ਕੀਤਾ ਗਿਆ ਸੀ । ਉਨ੍ਹਾਂ ਦੱਸਿਆ ਕਿ ਦੋਸ਼ੀ ਕਾਂਸਟੇਬਲ ਵਰਿੰਦਰ ਸਿੰਘ ਜੋ ਕਿ ਪਿੰਡ ਧਿਆਨਪੁਰ, ਥਾਣਾ ਖਲਚੀਆਂ, ਜਿ਼ਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਪੁਲਸ ਕੁਆਰਟਰ ਹਾਲ ਗੇਟ ਅੰਮ੍ਰਿਤਸਰ ਵਿਖੇ ਰਹਿ ਰਿਹਾ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਏ. ਐਸ. ਆਈ. ਗੁਰਜੀਤ ਸਿੰਘ ਅਤੇ ਸੀਨੀਅਰ ਕਾਂਸਟੇਬਲ ਸੁਖਜੀਤ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ । ਦੋਵਾਂ ਵਿਰੁੱਧ ਪੁਲਸ ਸਟੇਸ਼ਨ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਪੁਲਸ ਸਟੇਸ਼ਨ ਮੋਹਨਕਪੂਰਾ, ਅੰਮ੍ਰਿਤਸਰ ਅਤੇ ਪੁਲਸ ਸਟੇਸ਼ਨ ਵਿਜੀਲੈਂਸ ਬਿਊਰੋ, ਜਲੰਧਰ ਵਿਖੇ ਐਫ. ਆਈ. ਆਰਜ. ਦਰਜ ਕੀਤੀਆਂ ਗਈਆਂ ਹਨ । ਸੋਸ਼ਲ ਮੀਡੀਆ `ਤੇ ਇੱਕ ਆਡੀਓ ਕਲਿੱਪ ਸਾਹਮਣੇ ਆਈ ਹੈ ਜਿਸ ਵਿੱਚ ਕਾਂਸਟੇਬਲ ਵਰਿੰਦਰ ਸਿੰਘ ਬੰਟੀ ਨਾਮ ਦੇ ਵਿਅਕਤੀ ਤੋਂ ਪੈਸੇ ਮੰਗ ਰਿਹਾ ਹੈ ਅਤੇ ਦੀਪੂ ਰਾਹੀਂ ਅਜੈ ਕੁਮਾਰ ਉਰਫ਼ ਬਿੱਲੀ (ਐਨ. ਡੀ. ਪੀ. ਐਸ. ਐਕਟ ਵਿੱਚ ਲੋੜੀਂਦਾ ਦੋਸ਼ੀ) ਨੂੰ ਬਚਾਉਣ ਦਾ ਭਰੋਸਾ ਦੇ ਰਿਹਾ ਹੈ। ਕਾਂਸਟੇਬਲ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਧਾਰਾ 311 (2) (ਬੀ) ਦੇ ਤਹਿਤ ਉਸਨੂੰ ਪੁਲਸ ਸੇਵਾ ਤੋਂ ਬਰਖਾਸਤ ਕੀਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਹੋਰ ਪੁਲਸ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ । ਮਾਮਲੇ ਦੀ ਜਾਂਚ ਏ. ਡੀ. ਸੀ. ਪੀ. ਸਿਟੀ-1 ਨੂੰ ਸੌਂਪ ਦਿੱਤੀ ਗਈ ਹੈ, ਜੋ ਕਿ ਡੀ. ਸੀ. ਪੀ. (ਇਨਵੈਸਟੀਗੇਸ਼ਨ) ਅੰਮ੍ਰਿਤਸਰ ਦੀ ਨਿਗਰਾਨੀ ਹੇਠ ਹੋਣਗੇ ।
Related Post
Popular News
Hot Categories
Subscribe To Our Newsletter
No spam, notifications only about new products, updates.