post

Jasbeer Singh

(Chief Editor)

National

ਅਨਾਮਿਕਾ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਪਾਇਲਟ ਬਣੀ

post-img

ਸਬ-ਲੈਫਟੀਨੈਂਟ ਅਨਾਮਿਕਾ ਬੀ ਰਾਜੀਵ ਤਾਮਿਲ ਨਾਡੂ ਦੇ ਅਰਾਕੌਮ ਸਥਿਤ ਜਲ ਸੈਨਾ ਹਵਾਈ ਸਟੇਸ਼ਨ ਵਿੱਚ ਪਾਸਿੰਗ-ਆਊਟ ਪਰੇਡ ਵਿੱਚ ਵੱਕਾਰੀ ‘ਗੋਲਡਨ ਵਿੰਗਜ਼’ ਪ੍ਰਾਪਤ ਕਰਨ ਮਗਰੋਂ ਭਾਰਤੀ ਜਲ ਸੈਨਾ ਦੀ ਪਹਿਲੀ ਮਹਿਲਾ ਹੈਲੀਕਾਪਟਰ ਪਾਇਲਟ ਬਣ ਗਈ ਹੈ। ਭਾਰਤੀ ਜਲ ਸੈਨਾ ਮੁਤਾਬਕ, ਇੱਕ ਹੋਰ ਉਪਲੱਬਧੀ ਵਿੱਚ ਲੱਦਾਖ ਤੋਂ ਪਹਿਲੇ ਕਮੀਸ਼ਨ ਪ੍ਰਾਪਤ ਜਲ ਸੈਨਾ ਅਧਿਕਾਰੀ ਲੈਫਟੀਨੈਂਟ ਜਾਮਯਾਂਗ ਤਸੇਵਾਂਗ ਨੇ ਵੀ ਸਫਲਤਾ ਪੂਰਨ ਇੱਕ ਯੋਗ ਹੈਲੀਕਾਪਟਰ ਪਾਇਲਟ ਵਜੋਂ ਗ੍ਰੈਜੂਏਸ਼ਨ ਪੂਰੀ ਕਰ ਲਈ ਹੈ। ਜਲ ਸੈਨਾ ਨੇ ਕਿਹਾ ਕਿ ਸਬ-ਲੈਫਟੀਨੈਂਟ ਰਾਜੀਵ ਅਤੇ ਲੈਫਟੀਨੈਂਟ ਤਸੇਵਾਂਗ ਉਨ੍ਹਾਂ 21 ਅਧਿਕਾਰੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਪੂਰਬੀ ਜਲ ਸੈਨਾ ਕਮਾਨ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ ਵਾਈਸ ਐਡਮਿਰਲ ਰਾਜੇਸ਼ ਪੇਂਡਾਰਕਰ ਨੇ ਆਈਐੱਨਐੱਸ ਰਾਜਲੀ ਵਿੱਚ ਪਾਸਿੰਗ-ਆਊਟ ਪਰੇਡ ਵਿੱਚ ‘ਗੋਲਡਨ ਵਿੰਗਜ਼’ ਨਾਲ ਸਨਮਾਨਿਤ ਕੀਤਾ ਹੈ। ਜਲ ਸੈਨਾ ਆਪਣੇ ਡੋਰਨੀਅਰ-228 ਸਮੁੰਦਰੀ ਨਿਗਰਾਨੀ ਜਹਾਜ਼ ਲਈ ਪਹਿਲਾਂ ਹੀ ਮਹਿਲਾ ਪਾਇਲਟਾਂ ਨੂੰ ਤਾਇਨਾਤ ਕਰ ਚੁੱਕੀ ਹੈ। ਸਬ-ਲੈਫਟੀਨੈਂਟ ਰਾਜੀਵ ਅਜਿਹੀ ਪਹਿਲੀ ਮਹਿਲਾ ਪਾਇਲਟ ਬਣੀ ਹੈ ਜਿਸ ਨੂੰ ਸੀ ਕਿੰਗਜ਼, ਏਐੱਲਐੱਚ ਧਰੁਵ, ਚੇਤਕ ਅਤੇ ਐੱਮਐੱਚ-60ਆਰ ਸੀਹਾਕਸ ਵਰਗੇ ਹੈਲੀਕਾਪਟਰ ਉਡਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

Related Post