

ਨਹਿਰੀ ਪਾਣੀ ਪੂਰਾ ਨਾ ਹੋਣ ਕਾਰਨ ਕਿਸਾਨਾਂ ਨੇ ਸੂਏ ਵਿੱਚ ਮਿੱਟੀ ਭਰੀ ਮੌੜ ਮੰਡੀ : ਨਹਿਰੀ ਪਾਣੀ ਪੂਰਾ ਨਾ ਹੋਣ ਤੋਂ ਦੁਖੀ ਪਿੰਡ ਰਾਇਖਾਨਾ ਅਤੇ ਮਾਣਕ ਖਾਨਾ ਦੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਨਹਿਰੀ ਸੂਆ ਮਿੱਟੀ ਨਾਲ ਭਰ ਦਿੱਤਾ। ਪਿੰਡ ਰਾਏ ਖਾਨਾ ਅਤੇ ਮਾਣਕ ਖਾਨਾ ਦਾ ਰਕਬਾ ਘੁੰਮਣ ਕਲਾਂ ਰਜਵਾਹਾ ਤੇ ਪੈਂਦੇ ਮੋਘਾ ਨੰਬਰ ਟੀਐੱਲ/ਟੀਆਰ 114622 ਅਧੀਨ ਪੈਂਦਾ ਹੈ। ਇਸ ਮੌਕੇ ਪਿੰਡ ਰਾਏ ਖਾਨਾ ਵਾਸੀ ਸੁਖਜੀਤ ਸਿੰਘ, ਬਲਦੇਵ ਸਿੰਘ ਭੋਲਾ, ਰਾਜਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕ਼ਈ ਸਾਲਾਂ ਤੋਂ ਕਿਸਾਨ ਨਹਿਰੀ ਪਾਣੀ ਦੀ ਘਾਟ ਤੋਂ ਪ੍ਰੇਸ਼ਾਨ ਸਨ। ਕਿਸਾਨਾਂ ਨੇ ਨਹਿਰੀ ਪਾਣੀ ਪੂਰਾ ਕਰਵਾਉਣ ਲਈ ਲਗਾਤਾਰ ਅਧਿਕਾਰੀਆਂ ਨੂੰ ਦਰਖਾਸਤਾਂ ਵੀ ਦਿੱਤੀਆਂ ,ਪਰ ਨਹਿਰੀ ਵਿਭਾਗ ਵੱਲੋਂ ਪਾਣੀ ਪੂਰਾ ਕਰਨ ਦੀ ਬਜਾਏ ਕਿਸਾਨਾਂ ਦੀ ਮੰਗ ਨੂੰ ਨਜਰਅੰਦਾਜ਼ ਕਰ ਦਿੱਤਾ। ਪਿੰਡ ਮਾਣਕ ਖਾਨਾ ਵਾਸੀ ਗੁਰਨੈਬ ਸਿੰਘ, ਮੱਖਣ ਸਿੰਘ, ਸੁਰਜੀਤ ਸਿੰਘ ਨੇ ਕਿਹਾ ਕਿ ਦੋਵਾਂ ਪਿੰਡਾਂ ਵੱਲੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਵੀ ਸਮੱਸਿਆ ਤੋਂ ਜਾਣੂ ਕਰਵਾਇਆ ਗਿਆ। ਕਿਸਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਜ਼ਬਰਦਸਤੀ ਅਧਿਕਾਰੀਆਂ ਵੱਲੋਂ ਸੂਆ ਮੁੜ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵਿਰੋਧ ਕਰਨਗੇ। ਖ਼ਬਰ ਲਿਖੇ ਜਾਣ ਤੱਕ ਵੀ ਕਿਸਾਨ ਸੂਆ ਮਿੱਟੀ ਨਾਲ ਪੱਕੇ ਤੌਰ ’ਤੇ ਬੰਦ ਕਰਨ ਲੱਗੇ ਹੋਏ ਸਨ। ਉਧਰ, ਨਹਿਰੀ ਵਿਭਾਗ ਦੇ ਜੇਈ ਵਿਕਰਮ ਸਿੰਘ ਨੇ ਕਿਹਾ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਰਿਪੋਰਟ ਕਰ ਦਿੱਤੀ ਹੈ। ਇਸ ਸਬੰਧੀ ਉੱਚ ਅਧਿਕਾਰੀ ਹੀ ਕੁਝ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਨਹਿਰੀ ਸੂਏ ਦੀ ਸਾਫ਼ ਸਫਾਈ ਨਾ ਹੋਣ ਕਾਰਨ ਪਾਣੀ ਪੂਰਾ ਨਹੀਂ ਹੋ ਰਿਹਾ।
Related Post
Popular News
Hot Categories
Subscribe To Our Newsletter
No spam, notifications only about new products, updates.