
ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਅਦਬ ਤੇ ਸਤਿਕਾਰ ਨਾਲ ਸੁਸ਼ੋਭਿਤ ਕੀਤੇ ਪਾਵਨ ਸਰੂਪ
- by Jasbeer Singh
- August 31, 2024

ਮਰਿਆਦਾ ਦੀ ਉਲੰਘਣਾ ਦਾ ਸ਼ੋ੍ਰਮਣੀ ਕਮੇਟੀ ਨੇ ਲਿਆ ਗੰਭੀਰ ਨੋਟਿਸ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਅਦਬ ਤੇ ਸਤਿਕਾਰ ਨਾਲ ਸੁਸ਼ੋਭਿਤ ਕੀਤੇ ਪਾਵਨ ਸਰੂਪ ਪਟਿਆਲਾ 31 ਅਗਸਤ : ਗੁਰਦੁਆਰਾ ਸੰਤ ਕੁਟੀਆ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਨੂੰ ਲੈ ਕੇ ਮਰਿਆਦਾ ਦੀ ਉਲਘੰਣਾ ਦੇ ਮਾਮਲੇ ਦਾ ਸ਼ੋ੍ਰਮਣੀ ਕਮੇਟੀ ਨੇ ਗੰਭੀਰ ਨੋਟਿਸ ਲਿਆ ਗਿਆ ਅਤੇ ਗੁਰੂ ਮਹਾਰਾਜ ਦੇ ਪਾਵਨ ਸਰੂਪ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਅਦਬ ਤੇ ਸਤਿਕਾਰ ਨਾਲ ਸੁਸ਼ੋਭਿਤ ਕੀਤੇ ਗਏ ਹਨ। ਇਸ ਸਬੰਧ ਵਿਚ ਜਾਣਕਾਰੀ ਸਾਂਝੀ ਕਰਦਿਆਂ ਮੈਨੇਜਰ ਰਜਿੰਦਰ ਸਿੰਘ ਟੌਹੜਾ ਨੇ ਦਿੰਦਿਆਂ ਕਿਹਾ ਕਿ ਗੁਰਦੁਆਰਾ ਸੰਤ ਕੁਟੀਆ ਸਾਹਿਬ ਨੂੰ ਸੰਚਾਲਕ ਬਾਬਾ ਸਰਬਜੋਤ ਸਿੰਘ ਵੱਲੋਂ ਚਲਾਇਆ ਜਾ ਰਿਹਾ ਹੈ, ਜਿਥੇ ਮੱਥਾ ਟੇਕਣ ਜਾਂਦੀਆਂ ਸੰਗਤਾਂ ਨੇ ਆਪਣਾ ਇਤਰਾਜ਼ ਦਰਜ ਕਰਵਾਇਆ ਕਿ ਗੁਰਦੁਆਰਾ ਸਾਹਿਬ ਦੇ ਸੰਚਾਲਕ ਵੱਲੋਂ ਸਿੱਖ ਧਰਮ ਦੀਆਂ ਪ੍ਰੰਪਰਾਵਾਂ ਦੇ ਉਲਟ ਮਨਮਤ ਕੀਤੀ ਜਾਂਦੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵਿਚ ਬਿਰਾਜਮਾਨ ਹੋਣ ਦੇ ਬਾਵਜੂਦ ਸੇਵਾ ਸੰਭਾਲ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਬਾਬਾ ਸਰਬਜੋਤ ਸਿੰਘ ਨੇ ਰਿਹਾਇਸ਼ੀ ਪ੍ਰਬੰਧ ਵੀ ਕੀਤਾ ਹੋਇਆ ਇਸ ਕਰਕੇ ਮਰਿਆਦਾ ਅਨੁਸਾਰ ਪਾਲਣਾ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਗਤਾਂ ਵੱਲੋਂ ਇਤਰਾਜ਼ ਆਉਣ ’ਤੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਪ੍ਰਚਾਰਕ ਸਾਹਿਬਾਨ ਦੀ ਅਗਵਾਈ ’ਚ ਵਫ਼ਦ ਗੁਰਦੁਆਰਾ ਸੰਤ ਕੁਟੀਆ ਸਾਹਿਬ ਵਿਖੇ ਭੇਜਿਆ ਗਿਆ ਸੀ, ਜਿਨ੍ਹਾਂ ਨੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸੰਤ ਕੁਟੀਆ ਸਾਹਿਬ ਵਿਖੇ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਸਮੇਤ ਗੁਟਕਾ ਸਾਹਿਬ ਅਤੇ ਗੁਰਬਾਣੀ ਪੋਥੀਆਂ ਨੂੰ ਅਦਬ ਅਤੇ ਸਤਿਕਾਰ ਨਾਲ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਸੁਸ਼ੋਭਿਤ ਕਰ ਦਿੱਤੇ ਹਨ। ਇਸ ਦੌਰਾਨ ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ ਨੇ ਦੱਸਿਆ ਕਿ ਗੁਰਦੁਆਰਾ ਸੰਤ ਕੁਟੀਆ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸੇਵਾ ਸੰਭਾਲ ਵਿਚ ਮਰਿਆਦਾ ਦੀ ਉਲੰਘਣਾ ਸਾਹਮਣੇ ਆਈ ਹੈ ਅਤੇ ਇਸ ਸਬੰਧ ਵਿਚ ਰਿਪੋਰਟ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਅਗਲੇਰੀ ਕਾਰਵਾਈ ਹਿੱਤ ਭੇਜ ਦਿੱਤੀ ਗਈ ਹੈ।