post

Jasbeer Singh

(Chief Editor)

Patiala News

ਪਿੰਡ ਸਿਊਣਾ ਦਾ ਜਤਿੰਦਰ ਸਿੰਘ ਪੰਜ ਸਾਲਾਂ ਤੋਂ ਆਪਣੇ ਖੇਤਾਂ 'ਚ ਝੋਨੇ ਦੀ ਕਰ ਰਿਹੈ ਸਿੱਧੀ ਬਿਜਾਈ

post-img

ਪਿੰਡ ਸਿਊਣਾ ਦਾ ਜਤਿੰਦਰ ਸਿੰਘ ਪੰਜ ਸਾਲਾਂ ਤੋਂ ਆਪਣੇ ਖੇਤਾਂ 'ਚ ਝੋਨੇ ਦੀ ਕਰ ਰਿਹੈ ਸਿੱਧੀ ਬਿਜਾਈ -ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ ਦੀ ਖਪਤ ਤੇ ਹੋਰ ਖ਼ਰਚੇ ਅੱਧੇ ਹੋਏ : ਜਤਿੰਦਰ ਸਿੰਘ ਪਟਿਆਲਾ, 21 ਮਈ : ਪਟਿਆਲਾ ਸ਼ਹਿਰ ਦੀ ਜੂਹ ਦੇ ਵਸੇ ਪਿੰਡ ਸਿਊਣਾ ਦੇ ਨੌਜਵਾਨ ਅਗਾਂਹਵਧੂ ਕਿਸਾਨ ਜਤਿੰਦਰ ਸਿੰਘ ਪਿਛਲੇ ਪੰਜ ਸਾਲਾਂ ਤੋਂ ਆਪਣੀ 10 ਏਕੜ ਜ਼ਮੀਨ 'ਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਝੋਨੇ ਦੀ ਸਿੱਧੀ ਬਿਜਾਈ ਦੇ ਆਪਣੇ ਤਜਰਬੇ ਸਾਂਝੇ ਕਰਦਿਆਂ ਜਤਿੰਦਰ ਸਿੰਘ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਰੀਬ 15 ਏਕੜ ਜ਼ਮੀਨ 'ਚੋਂ 10 ਏਕੜ 'ਚ ਸਿੱਧੀ ਬਿਜਾਈ ਤੇ ਹੋਰ ਜ਼ਮੀਨ 'ਚ ਗੰਨਾ, ਮੱਕੀ ਤੇ ਹਰਾ ਚਾਰਾ ਬੀਜਦਾ ਹੈ। ਪੜੇ ਲਿਖੇ ਅਗਾਂਹਵਧੂ ਕਿਸਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਸਿੱਧੀ ਬਿਜਾਈ ਨਾਲ ਜਿਥੇ ਪਾਣੀ ਦੀ ਖਪਤ ਅੱਧੀ ਹੋਈ ਹੈ, ਉਥੇ ਹੀ ਖੇਤੀ ਖ਼ਰਚੇ ਵੀ 20 ਫ਼ੀਸਦੀ ਤੱਕ ਘਟੇ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਾਣੀ ਰਵਾਇਤੀ ਝੋਨਾ ਲਗਾਉਣ ਸਮੇਂ ਲੱਗਦਾ ਸੀ ਹੁਣ ਉਸ ਤੋਂ ਅੱਧੇ ਪਾਣੀ ਨਾਲ ਸਰ ਜਾਂਦਾ ਹੈ ਤੇ ਅਗਲੀ ਕਣਕ ਦੀ ਫ਼ਸਲ ਦੇ ਝਾੜ ਵਿਚ ਵੀ ਵਾਧਾ ਹੁੰਦਾ ਹੈ। ਜਤਿੰਦਰ ਸਿੰਘ ਨੇ ਦੱਸਿਆ ਕਿ ਤਜਰਬੇ ਅਨੁਸਾਰ ਇਸ ਵਿਧੀ ਨਾਲ ਮੀਂਹ ਦਾ ਪਾਣੀ ਭੂਮੀਗਤ ਜ਼ਿਆਦਾ ਹੁੰਦਾ ਹੈ, ਫ਼ਸਲ ਨੂੰ ਬਿਮਾਰੀਆਂ ਘੱਟ ਲਗਦੀਆਂ ਹਨ ਅਤੇ ਭੂਮੀ ਦੀ ਤਾਕਤ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਝੋਨੇ ਦੀ ਬਿਜਾਈ ਕਰਨ ਨਾਲ ਕੱਦੂ ਵਾਲੇ ਝੋਨੇ ਦੇ ਬਰਾਬਰ ਹੀ ਫ਼ਸਲ ਦਾ ਝਾੜ ਰਹਿੰਦਾ ਹੈ ਪ੍ਰੰਤੂ ਫ਼ਸਲ ਤੇ ਆਉਣ ਵਾਲਾ ਖਰਚਾ ਅੱਧਾ ਘੱਟ ਗਿਆ ਹੈ ਤੇ ਕਣਕ ਦੀ ਫ਼ਸਲ ਵਿੱਚ ਡੀ.ਏ.ਪੀ ਖਾਦ ਦੀ ਵਰਤੋ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਆਪਣੇ ਤਜਰਬੇ ਅਤੇ ਸਰਕਾਰ ਵੱਲੋਂ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਲਾਭ ਨੂੰ ਦੇਖਦਿਆਂ ਇਸ ਸਾਲ ਵੀ ਝੋਨੇ ਦੀ ਬਾਸਮਤੀ ਕਿਸਮਾਂ 1401 ਤੇ 1692 ਦੀ ਸਿੱਧੀ ਬਿਜਾਈ ਕਰ ਰਹੇ ਹਨ। ਉਸ ਨੇ ਕਿਸਾਨਾਂ ਨੂੰ ਸੁਨੇਹਾ ਦਿੰਦਿਆਂ ਆਖਿਆ ਕਿ ਸਿੱਧੀ ਬਿਜਾਈ ਕਰਨ ਨਾਲ ਸਾਡਾ ਆਪਣਾ ਫ਼ਾਇਦਾ ਹੁੰਦਾ ਹੈ ਅਤੇ ਅਸੀਂ ਆਉਣ ਵਾਲੀਆਂ ਸਾਡੀਆਂ ਪੀੜੀਆਂ ਵਾਸਤੇ ਧਰਤੀ ਹੇਠਲੇ ਪਾਣੀ ਦੀ ਬੱਚਤ ਕਰ ਸਕਦੇ ਹਾਂ ਜੋ ਕਿ ਦਿਨ ਪ੍ਰਤੀ ਦਿਨ ਘਟਦਾ ਹੀ ਜਾ ਰਿਹਾ ਹੈ।

Related Post