ਆਜ਼ਮ ਖਾਨ ਨੇ ਜੌਹਰ ਟਰੱਸਟ ਤੋਂ ਅਸਤੀਫਾ ਦਿੱਤਾ ਰਾਮਪੁਰ, 27 ਜਨਵਰੀ 2026 : ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਮੁਹੰਮਦ ਆਜ਼ਮ ਖਾਨ ਨੇ ਆਪਣੇ ਡਰੀਮ ਪ੍ਰਾਜੈਕਟ `ਮੌਲਾਨਾ ਮੁਹੰਮਦ ਅਲੀ ਜੌਹਰ ਟਰੱਸਟ` ਦੇ ਸਾਰੇ ਅਧਿਕਾਰਤ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ । ਉਨ੍ਹਾਂ ਦੇ ਨਾਲ ਹੀ ਪਤਨੀ ਡਾ. ਤਜ਼ੀਨ ਫਾਤਮਾ ਅਤੇ ਬੇਟੇ ਅਬਦੁੱਲਾ ਆਜ਼ਮ ਨੇ ਵੀ ਟਰੱਸਟ ਦੇ ਅਹੁਦਿਆਂ ਤੋਂ ਹਟਣ ਦਾ ਫੈਸਲਾ ਲਿਆ । ਪਤਨੀ-ਬੇਟੇ ਵੀ ਹੋਏ ਵੱਖ, ਭੈਣ ਨਿਕਹਤ ਬਣੀ ਪ੍ਰਧਾਨ ਪਰਿਵਾਰ ਦੇ ਸਮੂਹਿਕ ਅਸਤੀਫੇ ਤੋਂ ਬਾਅਦ ਟਰੱਸਟ ਦੀ ਨਵੀਂ ਕਾਰਜਕਾਰਨੀ ਬਣਾਈ ਗਈ ਹੈ । ਹੁਣ ਆਜ਼ਮ ਖਾਨ ਦੀ ਭੈਣ ਨਿਕਹਤ ਅਫਲਾਕ ਪ੍ਰਧਾਨ ਅਤੇ ਉਨ੍ਹਾਂ ਦੇ ਵੱਡੇ ਬੇਟੇ ਮੁਹੰਮਦ ਅਦੀਬ ਆਜ਼ਮ ਸਕੱਤਰ ਬਣੇ ਹਨ। ਮੌਲਾਨਾ ਮੁਹੰਮਦ ਅਲੀ ਜੌਹਰ ਟਰੱਸਟ ਜੌਹਰ ਯੂਨੀਵਰਸਿਟੀ ਅਤੇ ਰਾਮਪੁਰ ਪਬਲਿਕ ਸਕੂਲਾਂ ਦਾ ਸੰਚਾਲਨ ਕਰਦਾ ਹੈ । ਟਰੱਸਟ `ਤੇ ਕਾਨੂੰਨੀ ਸ਼ਿਕੰਜੇ ਅਤੇ ਪਰਿਵਾਰ ਦੇ ਜੇਲ `ਚ ਰਹਿਣ ਕਾਰਨ ਸੰਚਾਲਨ `ਚ ਅਸੁਵਿਧਾ ਦੇ ਚੱਲਦਿਆਂ ਇਹ ਬਦਲ ਕੀਤਾ ਗਿਆ ਹੈ ।
