post

Jasbeer Singh

(Chief Editor)

Punjab, Haryana & Himachal

ਪਟਿਆਲਾ ਜ਼ਿਲ੍ਹੇ 'ਚ ਪੈਡੀ ਸਟਰਾਅ ਰੀਪਰ ਮਸ਼ੀਨ ਚਲਾਉਣ 'ਤੇ ਪਾਬੰਦੀ

post-img

ਪਟਿਆਲਾ ਜ਼ਿਲ੍ਹੇ 'ਚ ਪੈਡੀ ਸਟਰਾਅ ਰੀਪਰ ਮਸ਼ੀਨ ਚਲਾਉਣ 'ਤੇ ਪਾਬੰਦੀ -ਖੇਤੀਬਾੜੀ ਅਫ਼ਸਰ ਦੀ ਮਨਜ਼ੂਰੀ ਨਾਲ ਬੇਲਰ ਨਾਲ ਗੰਢਾਂ ਬਣਾਉਣ ਲਈ ਰੀਪਰ ਦੀ ਵਰਤੋਂ ਕੀਤੀ ਜਾ ਸਕੇਗੀ ਪਟਿਆਲਾ, 21 ਨਵੰਬਰ : ਵਧੀਕ ਜ਼ਿਲ੍ਹਾ ਮੈਜਿਸਟਰੇਟ ਇਸ਼ਾ ਸਿੰਗਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਅਤੇ ਡਿਜਾਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 30 ਅਤੇ 34 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਲੋਕ ਹਿੱਤ ਵਿੱਚ ਪਟਿਆਲਾ ਜ਼ਿਲ੍ਹੇ ਅੰਦਰ ਪੈਡੀ ਸਟਰਾਅ ਰੀਪਰ ਮਸ਼ੀਨ ਚਲਾਉਣ 'ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਇਹ ਹੁਕਮ 19 ਜਨਵਰੀ 2025 ਤੱਕ ਲਾਗੂ ਰਹਿਣਗੇ । ਜਿਹੜੇ ਕਿਸਾਨਾਂ ਨੇ ਬੇਲਰ ਨਾਲ ਗੰਢਾਂ ਬਣਾਉਣੀਆਂ ਹਨ, ਉਹ ਸਬੰਧਤ ਖੇਤੀਬਾੜੀ ਵਿਕਾਸ ਅਫ਼ਸਰ/ਬਲਾਕ ਖੇਤੀਬਾੜੀ ਅਫ਼ਸਰ ਤੋਂ ਪਹਿਲਾਂ ਮਨਜੂਰੀ ਲੈ ਕੇ ਹੀ ਰੀਪਰ ਚਲਾ ਸਕਦੇ ਹਨ । ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਮੁੱਖ ਖੇਤੀਬਾੜੀ ਅਫ਼ਸਰ, ਪਟਿਆਲਾ ਨੇ ਧਿਆਨ ਵਿੱਚ ਲਿਆਂਦਾ ਹੈ ਕਿ ਕਿਸਾਨ ਝੋਨੇ ਦੀ ਕਟਾਈ ਤੋਂ ਬਾਅਦ ਜੋ ਝੋਨੇ ਦੇ ਮੁੱਢ (ਰਹਿੰਦ-ਖੁਹੰਦ) ਰਹਿ ਜਾਂਦੀ ਹੈ, ਕਿਸਾਨ ਉਨ੍ਹਾਂ ਨੂੰ ਟਰੈਕਟਰ ਨਾਲ ਚਲਣ ਵਾਲੇ ਰੀਪਰ ਦੇ ਨਾਲ ਵੱਢਦੇ ਹਨ । ਇਸ ਤੋਂ ਬਾਅਦ ਉਹ ਸਾਰੇ ਨਾੜ ਨੂੰ ਅੱਗ ਲਗਾ ਦਿੰਦੇ ਹਨ, ਜਿਸ ਨਾਲ ਬਹੁਤ ਪ੍ਰਦੂਸ਼ਣ ਹੋ ਜਾਂਦਾ ਹੈ ਕਿਉਂਕਿ ਨਾੜ ਗਿਲ੍ਹਾ ਅਤੇ ਸਲਾਬਾ ਹੁੰਦਾ ਹੈ । ਇਸ ਧੂੰਏਂ ਕਰਕੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਹਨ ਅਤੇ ਕੀਮਤੀ ਜਾਨਾਂ ਜਾਂਦੀਆਂ ਹਨ। ਇਸ ਧੂੰਏਂ ਨਾਲ ਜ਼ਹਿਰੀਲੀਆਂ ਗੈਸਾਂ ਵੀ ਪੈਦਾ ਹੁੰਦੀਆਂ ਹਨ ਜੋ ਕਿ ਬਿਮਾਰੀਆਂ ਵਿੱਚ ਵਾਧਾ ਕਰਦੀਆਂ ਹਨ। ਛੋਟੇ ਬੱਚਿਆਂ ਦੇ ਤਾਂ ਦਿਮਾਗੀ ਵਿਕਾਸ ਉਤੇ ਬਹੁਤ ਬੁਰਾ ਅਸਰ ਪੈਦਾ ਹੈ। ਅੱਗ ਲਾਉਣ ਨਾਲ ਧਰਤੀ ਹੇਠਲਾ ਤਾਪਮਾਨ ਵੱਧ ਜਾਂਦਾ ਹੈ ਜਿਸ ਕਾਰਨ ਜੈਵਿਕ ਮਾਦਾ ਸੜ ਜਾਂਦਾ ਹੈ। ਜ਼ਮੀਨ ਸਖਤ ਅਤੇ ਸੁੱਕੀ ਹੋ ਜਾਂਦੀ ਹੈ ਅਤੇ ਇਸ ਦੀ ਪਾਣੀ ਨੂੰ ਸੋਖਣ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਤਾਪਮਾਨ ਵੱਧਣ ਕਰਕੇ ਨਾਈਟਰੋਜ਼ਨ, ਫਾਸਫੋਰਸ, ਸਲਫਰ ਪੋਟਾਸ਼ ਵਰਗੇ ਜ਼ਰੂਰੀ ਤੱਤ ਖਤਮ ਹੋ ਜਾਂਦੇ ਹਨ ਅਤੇ ਮਿੱਤਰ ਕੀਤੇ ਵੀ ਮਰ ਜਾਂਦੇ ਹਨ, ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ । ਉਕਤ ਕਾਰਨਾਂ ਨੂੰ ਦੇਖਦੇ ਹੋਏ ਪਤਾ ਲਗਦਾ ਹੈ ਕਿ ਐਨੇ ਵੱਡੇ ਧੂੰਏ/ਪ੍ਰਦੂਸ਼ਣ ਦਾ ਕਾਰਨ ਰੀਪਰ ਹੀ ਹੈ ਅਤੇ ਸਿਰਫ ਉਨ੍ਹਾਂ ਕਿਸਾਨਾਂ ਨੂੰ ਹੀ ਰੀਪਰ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ ਜਿਨ੍ਹਾਂ ਨੇ ਬੇਲਰ ਨਾਲ ਗੰਢਾਂ ਬਣਾਉਣੀਆਂ ਹਨ ।

Related Post