ਮੋਦੀ ਦੀ ਮੀਟਿੰਗ ਤੋਂ ਪਹਿਲਾਂ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਨੂੰ ਲੈ ਕੇ ਐਕਸ਼ਨ ’ਚ ਪੰਜਾਬ ਸਰਕਾਰ,ਜ਼ਮੀਨਾਂ ਦਾ ਕਬਜ਼ਾ ਐ
- by Jasbeer Singh
- August 27, 2024
ਮੋਦੀ ਦੀ ਮੀਟਿੰਗ ਤੋਂ ਪਹਿਲਾਂ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਨੂੰ ਲੈ ਕੇ ਐਕਸ਼ਨ ’ਚ ਪੰਜਾਬ ਸਰਕਾਰ,ਜ਼ਮੀਨਾਂ ਦਾ ਕਬਜ਼ਾ ਐਨ ਐਚ ਏ ਆਈ ਨੂੰ ਦੁਆਇਆ ਚੰਡੀਗੜ੍ਹ : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਲਕੇ 28 ਅਗਸਤ ਨੂੰ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਸਮੇਤ ਪੰਜਾਬ ਵਿਚਲੇ ਕੌਮੀ ਪ੍ਰਾਜੈਕਟਾਂ ਨੂੰ ਲੈ ਕੇ ਕੀਤੀ ਜਾ ਰਹੀ ਮੀਟਿੰਗ ਤੋਂ ਪਹਿਲਾਂ ਪੰਜਾਬ ਸਰਕਾਰ ਐਕਸ਼ਨ ਵਿਚ ਆ ਗਈ ਹੈ । ਦੋ ਦਿਨ ਪਹਿਲਾਂ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਡੀ ਜੀ ਪੀ ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਆਖਿਆ ਸੀ ਕਿ ਡਿਪਟੀ ਕਮਿਸ਼ਨਰਾਂ ਨੇ ਦੱਸਿਆ ਹੈ ਕਿ ਮਾਲੇਰਕੋਟਲਾ ਵਿਚ 1.34 ਕਿਲੋਮੀਟਰ ਅਤੇ ਕਪੂਰਥਲਾ ਵਿਚ 1.25 ਕਿਲੋਮੀਟਰ ਦੇ ਟੁਕੜੇ ਦਾ ਕਬਜ਼ਾ ਲਿਆ ਜਾਣਾ ਹੈ ਜਿਸ ਵਾਸਤੇ ਲੋੜੀਂਦੀ ਪੁਲਿਸ ਫੋਰਸ ਮੁਹੱਈਆ ਕਰਵਾਈ ਜਾਵੇ।ਮੁੱਖ ਸਕੱਤਰ ਦੀ ਚਿੱਠੀ ਮਗਰੋਂ ਪ੍ਰਸ਼ਾਸਨ ਤੇ ਪੁਲਿਸ ਹਰਕਤ ਵਿਚ ਆਏ ਤੇ ਬੀਤੇ ਕੱਲ੍ਹ ਮਾਲੇਰਕੋਟਲਾ ਤੇ ਕਪੂਰਥਲਾ ਵਿਚ ਸੜਕ ਦੇ ਇਹਨਾਂ ਟੋਟਿਆਂ ਦਾ ਕਬਜ਼ਾ ਲੈ ਕੇ ਐਨ ਐਚ ਏ ਆਈ ਨੂੰ ਦੇ ਦਿੱਤਾ ਹੈ। ਮਾਲੇਰਕੋਟਲਾ ਦੇ ਪਿੰਡ ਰਾਣਵਾ ਤੇ ਸਰੋਦ ਵਿਚ ਇਹ ਕਬਜ਼ਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਦੀ ਮੀਟਿੰਗ ਤੋਂ ਪਹਿਲਾਂ ਹੁਣ ਸਪੱਸ਼ਟ ਹੋਇਆ ਹੈ ਕਿ ਪਟਿਆਲਾ ਤੇ ਸੰਗਰੂਰ ਦੋਵਾਂ ਜ਼ਿਲ੍ਹਿਆਂ ਵਿਚ ਪੈਂਦੇ ਕੱਟੜਾ-ਅੰਮ੍ਰਿਤਸਰ ਐਕਸਪ੍ਰੈਸ ਵੇਅ ਦਾ ਸਮੁੱਚਾ ਹਿੱਸਾ ਐਨ ਐਚ ਏ ਆਈ ਦੇ ਕਬਜ਼ੇ ਵਿਚ ਦੇ ਦਿੱਤਾ ਹੈ ਜਦੋਂ ਕਿ ਤਿੰਨ ਜ਼ਿਲ੍ਹਿਆਂ ਵਿਚ 97 ਫੀਸਦੀ ਕਬਜ਼ਾ ਕੇਂਦਰੀ ਏਜੰਸੀ ਨੂੰ ਦੇ ਦਿੱਤਾ ਹੈ।ਇਸ ਤਰੀਕੇ ਪ੍ਰਧਾਨ ਮੰਤਰੀ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਸਰਕਾਰ ਪੂਰੀ ਤਰ੍ਹਾਂ ਐਕਸ਼ਨ ਵਿਚ ਨਜ਼ਰ ਆ ਰਹੀ ਹੈ ।
